Headlines

ਮਾਨਚੈਸਟਰ ‘ਚ 4 ਰੋਜ਼ਾ ਮਹਾਨ ਗੁਰਮਤਿ ਸਮਾਗਮ ਸੰਪੰਨ 

*ਸ੍ਰੀ ਕਾਲ ਤਖਤ ਸਾਹਿਬ  ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ  ਨੇ  ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ –
* 46 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜੁ ਲਾਇਆ-

ਲੈਸਟਰ (ਇੰਗਲੈਂਡ),11ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਮਾਨਚੈਸਟਰ ਦੇ ਹੀਟਨ ਪਾਰਕ ਸੀਫਫੁੱਟ ਲੇਨ ਵਿਖੇ ਸਿੱਖ ਫਾਉਂਡੇਸ਼ਨ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਾਨਚੈਸਟਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰਦੁਆਰਾ ਦਸਮੇਸ਼ ਸਿੱਖ ਟੈਪਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਸਦਕਾ 4 ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ।ਅਮਰੀਕ ਸਿੰਘ ਰਾਠੌਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਨ੍ਹਾਂ 4 ਰੋਜ਼ਾ  ਧਾਰਮਿਕ ਸਮਾਗਮਾਂ ਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕੀਤਾ।ਇਨ੍ਹਾਂ ਧਾਰਮਿਕ ਸਮਾਗਮਾਂ ਚ ਵਿਸ਼ੇਸ਼ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁਜੇ ਪੰਜ ਪਿਆਰਿਆਂ ਵੱਲੋਂ 46 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜੁ ਲਾਇਆ। ਇਨ੍ਹਾਂ ਧਾਰਮਿਕ ਸਮਾਗਮਾਂ ਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ,ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸਮੇਤ ਵੱਡੀ ਗਿਣਤੀ ਚ ਪੁੱਜੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਧਾਰਮਿਕ ਸਮਾਗਮਾਂ ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਭਾਈ ਗਈ। ਇਨ੍ਹਾਂ ਸਮਾਗਮਾਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਸਮੇਤ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਇਤਿਹਾਸ ਸਰਵਣ ਕੀਤਾ।ਇਸ ਮੌਕੇ ਤੇ ਖਾਲਸਾਈ ਰੰਗ ਨੂੰ ਦਰਸਾਉਂਦੇ ਵੱਖ ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ। ਇਨ੍ਹਾਂ ਸਮਾਗਮਾਂ ਚ ਸਿੱਖ ਐਗਜੀਵੇਸਨ ਬਰਮਿੰਘਮ ਸ ਰਵਿੰਦਰ ਪਾਲ ਸਿੰਘ ਵੱਲੋਂ ਗੁਰੂ ਮਹਾਰਾਜ ਜੀ ਦੇ ਸਮੇਂ ਦੇ ਬੇਸ਼ਕੀਮਤੀ ਪੁਰਾਤਨ ਸਿੱਕਿਆਂ ਦੀ ਪ੍ਰਦਰਸ਼ਨੀ ਲਗਾ ਕੇ ਇੰਗਲੈਂਡ ਦੇ ਜੰਮਪਲ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।ਇਸ ਮੌਕੇ ਤੇ ਵੱਖ ਵੱਖ ਪ੍ਰਕਾਰ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

ਕੈਪਸਨ:-
ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦਾ ਹੋਈਆ ਕੀਰਤਨੀ ਜਥਾ ਅਤੇ ਸੰਗਤਾਂ ਚ ਬਿਰਾਜਮਾਨ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ।
ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ