ਸ੍ਰੀ ਅਨੰਦਪੁਰ ਸਾਹਿਬ:- 12 ਅਗਸਤ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਓਲੰਪਿਕ ਖੇਡਾਂ ਵਿੱਚ ਫੋਗਾਟ ਨਾਲ ਹੋਈ ਬੇਇਨਸਾਫੀ ਅਤੇ ਅਧਿਕਾਰੀਆਂ ਤੇ ਹੋਏ ਬੇਲੋੜੇ ਖਰਚਾਂ ਸਬੰਧੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਹ ਕਿਲੋ ਸ਼੍ਰੇਣੀ ਦੇ ਕੁਸ਼ਤੀ ਮੁਕਾਬਲੇ `ਚ ਸੌ ਗ੍ਰਾਮ ਭਾਰ ਜਿਆਦਾ ਨਿਕਲਣ `ਤੇ ਭਾਰਤ ਦੀ ਵਿਨੇਸ਼ ਫੋਗਾਟ ਨੂੰ ਗੋਲਡ ਮੈਡਲ ਮੁਕਾਬਲਾ ਕਰਨ ਦੇ ਅਯੋਗ ਐਲਾਨ ਕਰ ਦਿੱਤਾ ਗਿਆ ਤਾਂ ਉਸ ਸਮੇਂ ਖੇਡ ਮੰਤਰੀ ਨੇ ਟ੍ਰੇਨਿੰਗ ਆਦਿ `ਤੇ ਉਸ ਉਪਰ ਕੀਤੇ ਖਰਚੇ ਦੀ ਜਾਣਕਾਰੀ ਦਿੱਤੀ ਸੀ ਪਰ ਇਹ ਨਹੀਂ ਦਸਿਆ ਕਿ ਨਾਲ ਭੇਜੇ ਗਏ ਅਧਿਕਾਰੀਆਂ `ਤੇ ਕਿੰਨਾ ਖਰਚ ਕੀਤਾ ਗਿਆ। ਉਨ੍ਹਾਂ ਕਿਹਾ ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਐਥਲੀਟਾਂ ਲਈ 14 ਕਰੋੜ ਰੁਪਏ ਅਤੇ ਅਧਿਕਾਰੀਆਂ ਲਈ 18.90 ਕਰੋੜ ਰੁਪਏ ਦੀ ਰਕਮ ਵੰਡੀ ਗਈ। ਈ. ਸੀ. ਦੇ 12 ਮੈਂਬਰਾਂ ਦੀ ਯਾਤਰਾ ਅਤੇ ਰੋਜ਼ਾਨਾ ਭੱਤਿਆ `ਤੇ 8.4 ਕਰੋੜ ਰੁਪਏ ਖਰਚ ਹੋਏ। ਇਸ `ਚ ਦੇਖਣ ਵਾਲੀ ਗੱਲ ਇਹ ਹੈ ਕਿ ਖਿਡਾਰੀਆਂ `ਤੇ ਕਿੰਨਾ ਅਤੇ ਉਨ੍ਹਾਂ ਨਾਲ ਗਏ ਅਧਿਕਾਰੀਆਂ `ਤੇ ਕਿੰਨਾ ਖਰਚ ਕੀਤਾ ਗਿਆ। ਉਨ੍ਹਾਂ ਕਿਹਾ ਭਾਰਤੀ ਖਿਡਾਰੀਆਂ ਨਾਲ ਭੇਜੇ ਗਏ 12 ਉਹ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਮੁਅੱਤਲ ਕੀਤਾ ਸੀ।