ਸੁਲਤਾਨ ਸ਼ਮਸਪੁਰ ਸਰਬੋਤਮ ਰੇਡਰ ਤੇ ਰਵੀ ਸਾਹੋਕੇ ਸਰਬੋਤਮ ਜਾਫੀ ਚੁਣਿਆ ਗਿਆ-
ਵਿੰਨੀਪੈਗ ( ਸ਼ਰਮਾ)- ਬੀਤੀ 10 ਅਗਸਤ ਨੂੰ ਵਿੰਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਵਿੰਨੀਪੈਗ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੀਆਂ 6 ਟੀਮਾਂ ਦੇ ਕਰਵਾਏ 7 ਮੈਚਾਂ ਵਿੱਚ ਧਾਵੀਆਂ ਨੇ ਕੁੱਲ 464 ਕਬੱਡੀਆਂ ਪਾ ਕੇ 343 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ ਕੁੱਲ 118 ਜੱਫੇ ਲਾਏ ।
ਫਾਈਨਲ ਮੁਕਾਬਲੇ ਵਿਚ ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ 46.5 ਅੰਕਾਂ ਨਾਲ ਵਿੰਨੀਪੈਗ ਕਬੱਡੀ ਕੱਪ ਜਿੱਤਿਆ ਜਦੋਂਕਿ ਗਲੇਡੀਏਟਰ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ ਵੈਨਕੂਵਰ ਦੀ ਟੀਮ 45 ਅੰਕਾਂ ਨਾਲ ਦੂਸਰੇ ਸਥਾਨ ਤੇ ਰਹੀ।
ਸੁਲਤਾਨ ਸ਼ਮਸਪੁਰ ਨੂੰ ਸਰਬੋਤਮ ਰੇਡਰ ਚੁਣਿਆ ਗਿਆ। ਉਸਨੇ 40 ਕਬੱਡੀਆਂ ਪਾ ਕੇ 39 ਅੰਕ ਲਏ।
ਰਵੀ ਸਾਹੋਕੇ ਨੂੰ ਸਰਬੋਤਮ ਜਾਫੀ ਚੁਣਿਆ ਗਿਆ। ਉਸਨੇ 25 ਟੱਚ ਤੇ 7 ਜੱਫੇ ਲਾਏ।
ਫਾਈਨਲ ਮੈਚ ਵਿੱਚ ਗਲੇਡੀਏਟਰ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ ਵੈਨਕੂਵਰ ਦੀ ਟੀਮ ਵੱਲੋਂ ਸੁਲਤਾਨ ਸਮਸਪੁਰ ਨੇ 22 ਕਬੱਡੀਆਂ ਪਾ ਕੇ 21 ਅੰਕ, ਸੰਦੀਪ ਲੁੱਧੜ ਨੇ 13 ਕਬੱਡੀਆਂ ਪਾ ਕੇ 11 ਅੰਕ, ਬੂਰੀਆ ਸੀਸਰ ਨੇ 08 ਕਬੱਡੀਆਂ ਪਾ ਕੇ 05 ਅੰਕ (ਇਕ ਅੰਕ ਕਾਮਨ) ਅਤੇ ਪਾਲੀ ਛੰਨਾਂ ਨੇ 03 ਕਬੱਡੀਆਂ ਪਾ ਕੇ 02 ਅੰਕ ਪ੍ਰਾਪਤ ਕੀਤੇ। ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਟੀਮ ਦੇ ਜਾਫੀ ਲਵਲੀ ਮਹਿਮਦਵਾਲ ਨੇ 03 ਜੱਫੇ, ਸੱਤੂ ਖੰਡੂਰ ਸਾਹਿਬ ਨੇ 02 ਜੱਫੇ (ਇਕ ਅੰਕ ਕਾਮਨ) ਅਤੇ ਇਕ ਅੰਕ ਜਾਫੀਆਂ ਨੂੰ ਮਿਲ ਗਿਆ ਕਿਉਂ ਕਿ ਧਾਵੀ ਨੇ ਕਿਸੇ ਵੀ ਜਾਫੀ ਨੂੰ ਟੱਚ ਨਹੀਂ ਕੀਤਾ। ਦੂਜੇ ਪਾਸੇ ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੀ ਟੀਮ ਵੱਲੋਂ ਬੰਟੀ ਟਿੱਬਾ ਨੇ 22 ਕਬੱਡੀਆਂ ਪਾ ਕੇ 21 ਅੰਕ, ਨਿੱਕਾ ਨਦੋਹਰ ਨੇ 06 ਕਬੱਡੀਆਂ, ਜੀਵਨ ਮਾਣੂੰਕੇ ਅਤੇ ਪਿਸਟਲ ਭਿੰਡਰ ਨੇ 07-07 ਕਬੱਡੀਆਂ ਪਾ ਕੇ 05-05 ਅੰਕ ਪ੍ਰਾਪਤ ਕੀਤੇ। ਗੱਜਣ ਡੇਰਾ ਬਾਬਾ ਨਾਨਕ ਨੇ 04 ਨਾਨ-ਸਟਾਪ ਕਬੱਡੀਆਂ ਪਾਈਆਂ। ਗਲੇਡੀਏਟਰ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ ਵੈਨਕੂਵਰ ਟੀਮ ਦੇ ਜਾਫੀ ਰਵੀ ਸਾਹੋਕੇ, ਅੰਮ੍ਰਿਤ ਛੰਨਾਂ, ਮਨੀ ਮੱਲੀਆ ਨੇ 02-02 ਜੱਫੇ ਲਾਏ, ਪਰ ਟੀਮ ਨੂੰ ਮੈਚ ਨਹੀਂ ਜਿੱਤਾ ਸਕੇ ਇਹ ਮੈਚ ਸਿਰਫ ਡੇਢ ਅੰਕ ਦੇ ਫਰਕ ਨਾਲ ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੀ ਟੀਮ ਨੇ ਜਿੱਤ ਲਿਆ।
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸੁਰਜੀਤ ਸਿੰਘ ਕਕਰਾਲੀ, ਅਮਨ ਲੋਪੋਂ, ਪਿਰਤਾ ਸ਼ੇਰਗੜ੍ਹ ਚੀਮਾਂ ਅਤੇ ਅਤੇ ਅਨਮੋਲ ਖਨੌਰੀ ਨੇ ਕੁਮੈਂਟਰੀ ਕੀਤੀ। ਮੱਖਣ ਕੁਲਾਰਨੀ, ਵੈਲੀ ਚੂਹੜਚੱਕ ਅਤੇ ਬੋਲਾ ਬਲੇਰ ਖਾਨਪੁਰ ਨੇ ਰੈਫਰੀ ਦੀ ਡਿਊਟੀ ਨਿਭਾਈ।
ਇਸ ਦੌਰਾਨ ਮੇਅਰ ਸਕੌਟ ਗਾਲਿੰਘਮ, ਕੌਸਲਰ ਦੇਵੀ ਸ਼ਰਮਾ, ਐਮ ਪੀ ਕੇਵਿਨ ਲੈਮਰੂ, ਸ਼ੁਸੀਲ ਸ਼ਰਮਾ ਤੇ ਹੋਰ ਕਈ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਘੇ ਗਾਇਕ ਅੰਮ੍ਰਿਤ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਤੇ ਪ੍ਰਬੰਧਕ ਕਮੇਟੀ ਨੂੰ ਕਬੱਡੀ ਕੱਪ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਕਬੱਡੀ ਖਿਡਾਰੀ ਰਿੰਕੂ ਸੰਧੂ ਦਾ ਐਮ ਪੀ ਕੇਵਿਨ ਲੈਮਰੂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕਬੱਡੀ ਕੱਪ ਦੀ ਪ੍ਰਬੰਧਕੀ ਟੀਮ ਵਿਚ ਸ਼ਾਮਿਲ ਮਿੱਠੂ ਬਰਾੜ, ਜਗਜੀਤ ਸਿੰਘ ਗਿੱਲ, ਚਰਨਜੀਤ ਸਿੰਘ ਸਿੱਧੂ, ਕੈਮ ਖਹਿਰਾ, ਬੱਬੀ ਬਰਾੜ, ਰਾਜਬੀਰ ਧਾਲੀਵਾਲ, ਗੈਰੀ ਰਾਏ, ਬਾਜ਼ ਸਿੱਧੂ, ਹਰਮੇਲ ਧਾਲੀਵਾਲ, ਗੈਰੀ ਸੰਧੂ, ਸੀਰਾ ਜੌਹਲ, ਜਗਦੀਪ ਗਿੱਲ ਅਤੇ ਗੁਰਪ੍ਰੀਤ ਖਹਿਰਾ ਨੇ ਟੂਰਨਾਮੈਂਟ ਦੀ ਸਫਲਤਾ ਲਈ ਖਿਡਾਰੀਆਂ, ਸਪਾਂਸਰਾਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਕਬੱਡੀ ਖਿਡਾਰੀ ਰਿੰਕੂ ਸੰਧੂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਐਮ ਪੀ ਕੇਵਿਨ ਲੈਮਰੂ। ਨਾਲ ਹਨ ਨਰੇਸ਼ ਸ਼ਰਮਾ, ਸੁਸ਼ੀਲ ਸਰਮਾ ਤੇ ਸੁਮਨ ਸ਼ਰਮਾ।