Headlines

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਖਾਰਜ

ਵੈਨਕੂਵਰ ( ਮੰਡੇਰ)-ਦੁਨੀਆ ਭਰ ਵਿਚ ਵਸਦੇ ਭਾਰਤੀਆਂ ਤੇ ਖੇਡ ਪੇ੍ਮੀਆਂ ਨੂੰ  ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣੀ ਅਯੋਗਤਾ ਵਿਰੁੱਧ ਕੀਤੀ ਗਈ ਅਪੀਲ ਨੂੰ ਸਾਲਸੀ ਅਦਾਲਤ (ਸੀ ਏ ਐੱਸ) ਵੱਲੋਂ ਖਾਰਜ ਕਰ ਦਿੱਤਾ ਗਿਆ। ਮੰਗਲਵਾਰ ਨੂੰ ਵਿਨੇਸ਼ ਦੀ ਅਪੀਲ ’ਤੇ ਫੈਸਲਾ ਇਕ ਵਾਰ ਫਿਰ ਟਾਲ ਦਿੱਤਾ ਗਿਆ ਸੀ। ਫੈਸਲਾ ਮੰਗਲਵਾਰ ਨੂੰ ਰਾਤ 9.30 ਵਜੇ ਆਉਣਾ ਸੀ ਪਰ ਇਸ ਨੂੰ 16 ਅਗਸਤ ਤੱਕ ਟਾਲ ਦਿੱਤਾ ਗਿਆ। ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਵਜ਼ਨ ਨਿਰਧਾਰਤ ਭਾਰ ਤੋਂ 100 ਗ੍ਰਾਮ ਵੱਧ ਸੀ। ਬਾਅਦ ‘ਚ ਉਸ ਨੇ ਫੈਸਲੇ ਦੇ ਖਿਲਾਫ ਸਾਲਸੀ ਅਦਾਲਤ ’ਚ ਅਪੀਲ ਦਾਇਰ ਕੀਤੀ ਸੀ।

ਮੁਕਾਬਲੇ ਲਈ ਆਯੋਗ ਠਹਿਰਾਏ ਜਾਣ ਉਪਰੰਤ  ਵਿਨੇਸ਼ ਫੋਗਾਟ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ । ਪਰ ਆਪਣੇ ਤਗਮੇ ਲਈ ਉਸਨੇ ਸਾਲਸੀ ਅਦਾਲਤ ਵਿਚ ਅਪੀਲ ਪਾਈ ਸੀ। ਫਾਈਨਲ ਵਿਚ ਜੇਤੂ ਰਹੀ  ਯੂ ਐਸ ਏ ਦੀ ਸਾਰਾਹ ਹਿਲਡੇਬ੍ਰਾਂਟ ਨੂੰ ਸੋਨ ਤਗਮਾ ਦਿੱਤਾ ਗਿਆ ਹੈ ਜਦੋਂ ਕਿ ਵਿਨੇਸ਼ ਵਲੋਂ ਸੈਮੀਫਾਈਨਲ ਵਿੱਚ ਹਰਾਉਣ ਵਾਲੀ ਯੂਸਨੀਲਿਸ ਗੁਜ਼ਮੈਨ ਲੋਪੇਜ਼ ਨੂੰ ਹਿਲਡੇਬ੍ਰਾਂਟ ਦੇ ਖਿਲਾਫ ਫਾਈਨਲ ਵਿਚ ਭੇਜਿਆ ਗਿਆ ਸੀ ਜਿਸਨੇ ਚਾਂਦੀ ਦਾ ਤਗਮਾ ਜਿੱਤਿਆ ਹੈ।