ਅੰਮ੍ਰਿਤਸਰ ( ਭੰਗੂ)-15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਹ ਕਰੋੜਾਂ ਪੰਜਾਬੀਆਂ ਲਈ ਆਜ਼ਾਦੀ ਜਸ਼ਨਾਂ ਦਾ ਦਿਨ ਨਹੀ ਬਲਕਿ ਪੰਜਾਬ ਦੇ ਉਜਾੜੇ ਦੇ ਮਾਤਮ ਦਾ ਦਿਨ ਹੈ। 14 ਅਗਸਤ ਦੀ ਤਾਰੀਖ ਭਾਰਤ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਅਤੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦ ਦੇਸ਼ ਐਲਾਨਿਆ ਗਿਆ ਸੀ। ਇਸ ਵੰਡ ਦੌਰਾਨ ਲਗਪਗ 10 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ ਤੇ 2 ਕਰੋੜ ਦੇ ਕਰੀਬ ਲੋਕ ਉਜਾੜੇ ਦਾ ਸ਼ਿਕਾਰ ਹੋਏ ਸਨ। ਇਸ ਵੰਡ ਵਿਚ ਨਾ ਸਿਰਫ ਭਾਰਤੀ ਉਪ ਮਹਾਂਦੀਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਬਲਕਿ ਬੰਗਾਲ ਨੂੰ ਵੀ ਵੰਡਿਆ ਗਿਆ ਸੀ ਅਤੇ ਬੰਗਾਲ ਦਾ ਪੂਰਬੀ ਹਿੱਸਾ ਭਾਰਤ ਤੋਂ ਵੱਖ ਹੋ ਕੇ ਪੂਰਬੀ ਪਾਕਿਸਤਾਨ ਬਣ ਗਿਆ ਸੀ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣ ਗਿਆ ਸੀ। ਕਹਿਣਾ ਨੂੰ ਤਾਂ ਇਹ ਦੇਸ਼ ਦੀ ਵੰਡ ਸੀ ਪਰ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਭਾਵਨਾਵਾਂ ਦੀ ਵੰਡ ਸੀ। ਭਾਰਤ ਦੀ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ ਤੇ ਆਉਣ ਵਾਲੀਆਂ ਨਸਲਾਂ ਤਾਰੀਖ਼ ਦੇ ਇਸ ਸਭ ਤੋਂ ਭਿਆਨਕ, ਦਰਦਨਾਕ ਤੇ ਖੂਨ ਭਿੱਜੇ ਦਿਨ ਦੀ ਟੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ।