Headlines

ਸ੍ਰੋਮਣੀ ਅਕਾਲੀ ਦਲ ਦੇ ਸੰਕਟ ਸਬੰਧੀ ਅਕਾਲ ਤਖਤ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਸੱਦੀ

ਅੰਮ੍ਰਿਤਸਰ ( ਲਾਂਬਾ, ਭੰਗੂ)- ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦਾ ਮਾਮਲਾ ਅਕਾਲ ਤਖ਼ਤ ਸਹਿਬ ਦੇ ਵਿਚਾਰ ਅਧੀਨ ਹੈ। ਇਸ ਮਸਲੇ ਤੇ ਚਰਚਾ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਸੱਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਹੋਏ ਆਗੂਆਂ ਦੇ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵਿਖੇ ਇੱਕ ਪੱਤਰ ਸੌਂਪ ਕੇ ਇੰਕਸ਼ਾਫ ਕੀਤਾ ਗਿਆ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਈ ਵੱਡੀਆਂ ਗਲਤੀਆਂ ਹੋਈਆਂ ਸਨ ਜਿਨ੍ਹਾਂ ਲਈ ਉਹ ਖਿਮਾ ਯਾਚਨਾ ਕਰਨਾ ਚਾਹੁੰਦੇ ਹਨ। ਇਨ੍ਹਾਂ ਗ਼ਲਤੀਆਂ ਵਾਸਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗੇ ਦੋਸ਼ਾਂ ਸਬੰਧੀ 15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ। ਸੁਖਬੀਰ ਸਿੰਘ ਬਾਦਲ ਵੱਲੋਂ ਨਿਰਧਾਰਤ ਸਮੇਂ ਵਿੱਚ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਵਿਖੇ ਸੌਂਪ ਦਿੱਤਾ ਗਿਆ ਸੀ, ਜਿਸ ਨੂੰ ਬੀਤੇ ਦਿਨ ਜਨਤਕ ਕੀਤਾ ਗਿਆ। ਇਹ ਸਪਸ਼ਟੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਕਾਲੀ ਸਰਕਾਰ ਦੇ ਸਮੇਂ ਪਾਰਟੀ ਜਾਂ ਸਰਕਾਰ ਕੋਲੋਂ ਜਾਣੇ ਅਣਜਾਣੇ ਵਿੱਚ ਹੋਈਆਂ ਸਾਰੀਆਂ ਗ਼ਲਤੀਆਂ ਅਤੇ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਿਆਂ ਇਨ੍ਹਾਂ ਦੀ ਖਿਮਾ ਯਾਚਨਾ ਕੀਤੀ ਗਈ ਹੈ।

ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਵੱਲੋਂ ਸਪਸ਼ਟੀਕਰਨ ਮਿਲਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਲਗਪਗ ਇੱਕ ਮਹੀਨੇ ਦੇ ਵਕਫੇ ਮਗਰੋਂ ਸੱਦੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਨਵੀਂ ਕੋਰ ਕਮੇਟੀ ਤੇ ਸੰਸਦੀ ਬੋਰਡ ਆਦਿ ਦਾ ਗਠਨ ਕਰ ਦਿੱਤਾ ਗਿਆ ਹੈ।