1.
ਤੂੰ ਆਪਣੀ ਅੱਖ ਨਾਲ਼ ਵੇਖ,
ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!!
ਇੱਕ ਸਿੱਕੇ ਦੇ ਦੋ ਪਹਿਲੂ,
ਮੈਂ ਦੋਵੇਂ ਪਹਿਲੂ ਵੇਖਾਂਗੀ..!!
ਤੇਰੀ ਆਪਣੀ ਸੋਚ,ਨਜ਼ਰੀਆ,
ਮੈਂ ਆਪਣੇ ਪੱਖ ਨਾਲ਼ ਵੇਖਾਂਗੀ..!!
ਮੇਰੇ ਮੋਢਿਆਂ ਤੇ ਨਾ ਰੱਖ,
ਮੈਂ ਆਪ ਚਲਾ ਕੇ ਵੇਖਾਂਗੀ..!!
ਕੰਢੇ ਬਹਿ ਕੇ ਨਾ ਉਕਸਾ,
ਮੈਂ ਆਪੇ ਤਰ ਕੇ ਵੇਖਾਂਗੀ..!!
ਉਸ ਜੰਨਤ ਦਾ ਰਾਹ ਵੇਖਣ ਲਈ,
ਮੈਂ ਆਪੇ ਮਰ ਕੇ ਵੇਖਾਂਗੀ..!!
ਤੂੰ ਆਪਣੀ ਅੱਖ ਨਾਲ਼ ਵੇਖ,
ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!!
—-
ਜਾਂ ਫੇਰ ਅੱਖ ਚੁਰਾਉਂਦਾ ਹੈ
ਜਾਂ ਮੇਰੀ ਹੋਂਦ ਤੇ
ਸਵਾਲੀਆ ਚਿੰਨ ਲਗਾਉਂਦਾ ਹੈ
ਤਾਂ ਮੈਨੂੰ ਜੀਣ ਦਾ ਇੱਕ ਹੋਰ
ਮਕਸਦ ਥਿਆਉਂਦਾ ਹੈ….!!
ਤਲ਼ਵੇ ਚੱਟ ਕੇ ਕਦੇ
ਸ਼ੁਹਰਤ ਨਹੀਂ ਮਿਲ਼ਦੀ
ਨੰਗੇ ਧੜ ਵੀ ਜਿਹੜਾ ਲੜਦਾ
ਜਾਂ ਆਵਾਜ ਉਠਾਉਂਦਾ ਹੈ
ਉਹ ਆਪਣੇ ਦਮ ਤੇ ਵੀ
ਆਪਣੇ ਸੁਪਨੇ ਪੁਗਾਉਂਦਾ ਹੈ…!!
ਨਵਾਂ ਨੌਂ ਦਿਨ
ਪੁਰਾਣਾ ਸੌ ਦਿਨ ਹੁੰਦਾ
ਅਸੀਂ ਭੁੱਲ ਜਾਂਦੇ ਹਾਂ
ਪੱਤੇ ਅਕਸਰ ਝੜ ਜਾਂਦੇ
ਜੜਾਂ ਵਾਲ਼ਾ ਰੁੱਖ ਹੀ
ਸਾਥ ਨਿਭਾਉਂਦਾ ਹੈ…!!
ਸਿਰ ਚੜ ਕੇ ਬੋਲਦਾ ਹੈ
ਭਾਵੇਂ ਗੁਮਾਨ ਉਸਦੇ
ਕਰਦਾ ਹੈ ਮਾਣ ਜੋ
ਉਹ ਭੁੱਲ ਜਾਂਦਾ
ਉਸਦੀ ਰਜ਼ਾ ਬਿਨਾ
ਨਾ ਦੂਜਾ ਸਾਹ ਆਉੰਦਾ ਹੈ…!!
ਜਦੋਂ ਕੋਈ ਨੀਵਾਂ ਦਿਖਾਉਂਦਾ ਹੈ
ਜਾਂ ਫੇਰ ਅੱਖ ਚੁਰਾਉਂਦਾ ਹੈ
ਜਾਂ ਮੇਰੀ ਹੋਂਦ ਤੇ
ਸਵਾਲੀਆ ਚਿੰਨ ਲਗਾਉਂਦਾ ਹੈ
ਤਾਂ ਮੈਨੂੰ ਜੀਣ ਦਾ ਇੱਕ ਹੋਰ
ਮਕਸਦ ਥਿਆਉਂਦਾ ਹੈ….!!
—-
3.
ਸ਼ਬਦਾਂ ਨੂੰ ਤੂੰ ਨਾਪੇ ਤੋਲੇਂ
ਮੂੰਹੋਂ ਕਿਉਂ ਨਾ ਕੁਝ ਵੀ ਬੋਲੇਂ
ਜ਼ਿੰਦਗੀ ਦੇ ਇਹ ਸਫਰ ਲਮੇਰੇ
ਰਾਹਾਂ ਵਿੱਚ ਨੇ ਕੰਡੇ ਮੇਰੇ
ਤੁਰਦੀ ਹਾਂ ਮੈਂ ਕੰਡਿਆਂ ਉੱਤੇ
ਤਾਂ ਵੀ ਰੱਖ, ਪੱਬ ਪੋਲੇ ਪੋਲੇ…!!
ਜ਼ਿੰਦਗੀ ਦਾ ਯੁੱਧ ਲੜਦਾ ਬੰਦਾ
ਮੁੱਕਦਾ ਨਹੀਂ ਇਹ ਗੋਰਖ ਧੰਦਾ
ਚੱਕੀ ਦੇ ਪੁੜਿਆਂ ਵਿੱਚ ਕਿੰਜ
ਘੁਣ ਦੇ ਵਾਂਗੂੰ ਪਿਸਦਾ ਬੰਦਾ
ਜ਼ਿੰਦਗੀ ਜੀਊਣਾ, ਸਫਰ ਹੈ ਤੇਰਾ
ਤੁਰਿਆ ਚੱਲ ਬੱਸ ਹੌਲ਼ੇ ਹੌਲ਼ੇ…!!
ਚੰਗੇ ਮਾੜੇ ਲੰਘ ਜਾਂਦੇ ਨੇ
ਡੰਗਣ ਵਾਲ਼ੇ ਡੰਗ ਜਾਂਦੇ ਨੇ
ਨਕਲੀ ਚੀਜ਼ਾਂ ਪਿੱਛੇ ਲੱਗ ਕੇ
ਹੀਰੇ ਲੋਕ ਗਵਾ ਲੈਂਦੇ ਨੇ
ਜਾਣ ਵਾਲ਼ੇ ਕਿੱਥੇ ਮੁੜਦੇ ਨੇ
ਰੱਖੀਂ ਸਾਂਭ ਦੋ ਚਾਰ ਜੋ ਕੋਲ਼ੇ…!!
ਬੰਨ ਕੇ ਕਿਉਂ ਤੂੰ ਗੰਢਾਂ ਰੱਖੀਆਂ
ਆਪਣੀਆਂ ਕਿਉਂ ਨਾ ਹੋਈਆਂ ਸੱਖੀਆਂ
ਖੋਹਲ ਲੈੰਦਾ ਜੇ ਵੇਲੇ ਸਿਰ ਦਿਲ
ਗੰਡ ਤੁਪ ਨਾਲ਼ ਨਾ ਮਰਦਾ ਬੰਦਾ
ਹਾੜਾ ਈ ਕੋਈ ਲੱਭ ਜਾਂਦਾ ਜੇ
ਜਿਸ ਨਾਲ਼ ਬੰਦਾ ਦੁੱਖ ਸੁੱਖ ਫੋਲੇ…!!
ਸ਼ਬਦਾਂ ਨੂੰ ਤੂੰ ਨਾਪੇ ਤੋਲੇਂ
ਮੂੰਹੋਂ ਕਿਉਂ ਨਾ ਕੁਝ ਵੀ ਬੋਲੇਂ
ਜ਼ਿੰਦਗੀ ਦੇ ਇਹ ਸਫਰ ਲਮੇਰੇ
ਰਾਹਾਂ ਵਿੱਚ ਨੇ ਕੰਡੇ ਮੇਰੇ
ਤੁਰਦੀ ਹਾਂ ਮੈਂ ਕੰਡਿਆਂ ਉੱਤੇ
ਤਾਂ ਵੀ ਰੱਖ, ਪੱਬ ਪੋਲੇ ਪੋਲੇ…!!
ਬਲਵੀਰ ਕੌਰ ਢਿੱਲੋਂ..!!!
ਚਾਰੇ ਪਾਸੇ ਘੁੱਪ ਹਨੇਰਾ
ਚਾਨਣ ਦਾ ਦੀਵਾ ਬਾਲ਼
ਨੀ ਸਖੀਏ ਵੰਡ ਹਾਸੇ ਖੇੜੇ
ਲਾਹ ਫਿਕਰਾਂ ਦਾ ਜੰਜਾਲ਼…!!
ਰੋਹੀਆਂ ਬੀਆਬਾਨ ਚੁਫੇਰਾ
ਹੋਇਆ ਕਲਿਯੁਗ ਹੈ ਪ੍ਰਧਾਨ
ਲਾਹ ਕੇ ਸੁੱਟ ਗਮਾਂ ਦੇ ਬੱਦਲ਼
ਲਾ ਖੁਸ਼ੀਆਂ ਸੀਨੇ ਨਾਲ਼…!!
ਉੱਚੇ ਨੀਵੇਂ ਰਾਹਾਂ ਵਿੱਚੋਂ
ਆ ਖੁਦ ਨੂੰ ਜਰਾ ਸੰਭਾਲ਼
ਦੂਰ ਭਜਾ ਹਨੇਰਾ ਅੰਦਰੋਂ
ਆ ਮੋਹ ਦਾ ਦੀਵਾ ਬਾਲ਼…!!
ਟਾਵੇਂ ਟਾਵੇਂ ਅੱਜ ਵੀ ਮਿਲ਼ਦੇ
ਮਾਖਿਓਂ ਮਿੱਠੇ ਲੋਕ
ਬਹੁਤਿਆਂ ਪਿੱਛੇ ਭੱਜੀਂ ਨਾ
ਤੂੰ, ਇੱਕ ਦੋ ਲਈਂ ਸੰਭਾਲ਼…!!
ਦਿਲ ਮਿਲ਼ਿਆਂ ਦੇ ਮੇਲੇ ਏਥੇ
ਕਹਿ ਗਏ ਲੋਕ ਸਿਆਣੇ
ਪਿਆਰ ਮੁਹੱਬਤ ਨਿਭਦੇ
ਸੱਚੀਆਂ ਪ੍ਰੀਤਾਂ ਨਾਲ਼…!!
ਚਾਰੇ ਪਾਸੇ ਘੁੱਪ ਹਨੇਰਾ
ਚਾਨਣ ਦਾ ਦੀਵਾ ਬਾਲ਼
ਨੀ ਸਖੀਏ ਵੰਡ ਹਾਸੇ ਖੇੜੇ
ਲਾਹ ਫਿਕਰਾਂ ਦਾ ਜੰਜਾਲ਼…!!
—
4.
ਜ਼ਿੰਦਗੀ ਦੇ ਸਫਰ ਤੇ,
ਬੜੇ ਰਸਤੇ ਸੀ ਟੇਢੇ
ਅਸੀਂ ਤੁਰਦੇ ਗਏ ਜੀ,
ਲੱਖਾਂ ਖਾਧੇ ਸੀ ਠੇਡੇ…!!
ਕਦੇ ਬੇਗਾਨੇ ਹੋਣ ਦਾ
ਸੀ ਸੰਤਾਪ ਹੰਢਾਇਆ
ਸਾਨੂੰ ਰਾਹਾਂ ‘ਚ ਮਿਲ਼ਿਆ ਨਾ
ਕਿਤੇ ਮਖ਼ਮਲ ਵਿਛਾਇਆ.!
ਪਰੋਸੇ ਕਿਸੇ ਨੇ ਨਾ
ਸਾਡੀ ਝੋਲ਼ੀ ‘ਚ ਹਾਸੇ,
ਅਸੀਂ ਖੁਦ ਨੂੰ ਹੀ ਦਿੱਤੇ
ਦੁੱਖ ਸੁੱਖ ‘ਚ ਦਿਲਾਸੇ..!
ਆ ਗਏ ਦੂਰ ਬੜੇ ਹੁਣ ਤਾਂ
ਰਲ਼ ਵੀ ਨਹੀਂ ਹੋਣਾ
ਇਹ ਜੋ ਫਾਸਲਾ ਦਿਲਾਂ ਦਾ
ਤੈਅ ਕਰ ਵੀ ਨਹੀਂ ਹੋਣਾ..!
ਸਾਡੇ ਦਿਲ ਦੇ ਝਰੋਖੇ ‘ਚ
ਬਿਰਹੋਂ ਦਾ ਗਮ ਸੀ
ਅਸਾਂ ਹਾਸੇ ਵੀ ਵੰਡੇ
ਹੋਈਆਂ ਅੱਖਾਂ ਵੀ ਨਮ ਸੀ.!
ਹੈ ਸਕੂਨ ਬੜਾ ਹੁਣ
ਨਾ ਛਿਕਵਾ ਏ ਕੋਈ
ਹੁਣ ਪੱਕ ਗਈਆਂ ਡੰਡੀਆਂ
ਅਸਾਂ ਰਾਹ ਜੋ ਬਣਾਏ ..!
ਆ ਢਿੱਲੋਂ ਜਰਾ ਕੁ
ਛੇੜੀਂ ਤਾਰ ਤੂੰ ਦਿਲ ਦੀ
ਸੇਧ ਤੁਰਦੇ ਨਿਸ਼ਾਨੇ ਜੋ
ਮੰਜ਼ਿਲ ਉਹਨਾਂ ਨੂੰ ਮਿਲ਼ਦੀ.!
ਜ਼ਿੰਦਗੀ ਦੇ ਸਫਰ ਤੇ,
ਬੜੇ ਰਸਤੇ ਸੀ ਟੇਢੇ
ਅਸੀਂ ਤੁਰਦੇ ਗਏ ਜੀ,
ਲੱਖਾਂ ਖਾਧੇ ਸੀ ਠੇਡੇ…!!
—-
5.
ਸਬੂਤ ਝੂਠੇ ਵੀ ਹੋਣ, ਕਨੂੰਨ ਅੰਨ੍ਹਾ ਹੋ ਜਾਂਦੈ,
ਕਦੇ ਕਦੇ ਜੱਜ ਵੀ ਬੇਕਸੂਰ ਨੂੰ ਸਜ਼ਾ ਸੁਣਾ ਦਿੰਦੈ..!!
ਤੇਰੇ ਤੋਂ ਬਿਨਾ ਕੌਣ, ਆਰ ਪਾਰ ਦੇਖ ਸਕਦੈ,
ਇੱਕ ਤੂੰ ਹੀ ਤਾਂ ਹੈਂ ਜੋ ਗੁਨਾਹ ਵੀ ਬਖਸ਼ ਦਿੰਦੈਂ..!!
ਤੇਰੀ ਆਸ ਤੇ ਤੁਰਦਾਂ ਹਾਂ ਹਰ ਰੋਜ ਘਰ ਤੋਂ,
ਤਾਂ ਹੀਂ ਤਾਂ ਮੁੜ ਆਉਂਨਾ, ਮੈਂ ਸ਼ਾਮੀਂ ਗਰਾਂ ਨੂੰ..!!
ਕੌਣ ਕਿਸੇ ਨੂੰ ਅੱਜ ਕੱਲ ਦਿਲ ਵਿੱਚ ਪਨਾਹ ਦਿੰਦੈ,
ਬੱਸ ਰੁਤਬਿਆਂ ਮਗਰ ਹੀ ਲੋਕਾਂ ਦੀ ਭੀੜ ਲਾ ਦਿੰਦੈ
ਮਿਲਣ ਉਹ ਵੀ ਕਿਤੇ ਜੇ, ਸਭ ਨੂੰ ਵਜੂਦ ਕਰਕੇ
ਤਾਂ ਕੋਈ ਨਾ ਦੁਨੀਆਂ ‘ਚ ਕਿਸੇ ਨੂੰ ਦਗਾ ਦਿੰਦੈ..!!
ਸਮਝਣਾ ਔਖਾ ਜਦੋਂ ਬੰਨੀ ਅੱਖਾਂ ਤੇ ਪੱਟੀ ਹੋਵੇ,
ਉਹ ਚਾਹੇ ਅੱਖਾਂ ਖੋਹਲੇ ਤੇ ਪਰਦੇ ਪਾ ਵੀ ਦਿੰਦੈ..!!
ਰਿਹਾ ਤੂੰ ਦੇਖਦਾ ਹਰ ਵਕਤ ਸਿੱਕੇ ਦਾ ਇੱਕੋ ਪਹਿਲੂ,
ਨਜ਼ਰ ਘੁਮਾਉਂਦਾ ਤਾਂ ਦੇਖਦਾ ਕੋਈ ਹੁਨਰ ਸਾਡਾ..!
ਮੁਬਾਰਕ ਹੈ ਤੈਨੂੰ ਤੇਰੀ ਇਹ ਸ਼ੌਹਰਤ ਤੇ ਮਗਰੂਰੀ
ਕਿਸੇ ਨੂੰ ਸਿਰ ਤੇ ਬਿਠਾ ਲੈਂਦੈਂ ਕਿਸੇ ਨੂੰ ਖੂੰਜੇ ਲਾ ਦਿੰਦੈਂ..!!
ਸਬੂਤ ਝੂਠੇ ਵੀ ਹੋਣ, ਕਨੂੰਨ ਅੰਨ੍ਹਾ ਹੋ ਜਾਂਦੈ,
ਕਦੇ ਕਦੇ ਜੱਜ ਵੀ ਬੇਕਸੂਰ ਨੂੰ ਸਜ਼ਾ ਸੁਣਾ ਦਿੰਦੈ..!!
—–
6.
ਤੇਰੇ ਇਸ਼ਕ ਦੇ ਰਾਹ ਬੜੇ ਔਖੇ ਸਾਈਆਂ
ਸਾਨੂੰ ਤੁਰਨ ਲਈ ਜਜ਼ਬੇ ਫੌਲ਼ਾਦ ਦੇ
ਤੇਰੇ ਦਰ ਤੇ ਰਹੀ ਸਦਾ ਫਰਿਆਦ ਸਾਡੀ,
ਕਿਤੇ ਬਹੁੜ ਵੇ ਹੁਣ ਤਾਂ ਜਵਾਬ ਦੇ ਦੇ…!!
ਨੈਣਾਂ ਮੇਰਿਆਂ ਨੂੰ ਰਹਿੰਦੀ ਤਾਂਘ ਤੇ
ਮੇਰੇ ਨੈਣਾਂ ਨੂੰ ਵੀ ਭੋਰਾ ਸਵਾਬ ਦੇ
ਸਬਰ ਮੇਰੇ ਦੇ ਕਾਸੇ ਭਰ ਭਰ ਡੁੱਲੇ,
ਇਹਨਾਂ ਸਬਰਾਂ ਨੂੰ ਫਲ਼ ਲਾਜਵਾਬ ਦੇ
ਮੇਰੇ ਮਹਿਰਮਾਂ ਸਾਹਾਂ ਵਿੱਚ ਰੁਮਕਦਾ
ਇਨਾਂ ਸਾਹਾਂ ਨੂੰ ਮਹਿਕਦੇ ਇਤਰ ਗੁਲਾ
ਤੇਰੀ ਦੀਦ ਬਾਝੋਂ ਫਿਰੇ ਤਿਰਹਾਇਆ ਢਿੱ
ਇਸ ਦੀਦ ਨੂੰ ਕਤਰਾ ਬੂੰਦ ਝਨਾਬ ਦੇ ਦੇ…!!
ਤੇਰੇ ਇਸ਼ਕ ਦੇ ਰਾਹ ਬੜੇ ਔਖੇ ਸਾਈਆਂ
ਸਾਨੂੰ ਤੁਰਨ ਲਈ ਜਜ਼ਬੇ ਫੌਲ਼ਾਦ ਦੇ
ਬਲਵੀਰ ਢਿੱਲੋਂ ।