Headlines

ਰੋਮ ਵਿਖੇ ਮਨਾਇਆ ਗਿਆ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ 

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) -ਅਸੀਂ ਸਮੂਹ ਭਾਰਤੀ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਉਹਨਾਂ ਸਮੂਹ ਸ਼ਹੀਦਾਂ ਦੇ ਸਦਾ ਹੀ ਰਿਣੀ ਰਹਾਂਗੇ ਜਿਹਨਾਂ ਨੇ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਨਿਛਾਵਰ ਕਰਕੇ ਸਾਨੂੰ ਆਜ਼ਾਦੀ ਲੈਕੇ ਦਿੱਤੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਵਾਣੀ ਰਾਓ ਨੇ ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਮਨਾਏ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਹਾਜ਼ਰੀਨ ਵੱਡੇ ਇਕੱਠ ਨਾਲ ਕੀਤਾ।ਇਸ ਮੌਕੇ ਮੈਡਮ ਵਾਣੀ ਰਾਓ ਨੇ ਭਾਰਤ ਦਾ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਮਾਨਯੋਗ ਰਾਸ਼ਟਰਪਤੀ ਦਰਾਓਪਦੀ ਮੁਰਮੂ ਦਾ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।ਭਾਰਤ ਦੇ ਰਾਸ਼ਟਰ ਗੀਤ ਜਨ-ਗਣ-ਮਣ ਤੋਂ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਹੋਈ ਤੇ ਉਪੰਰਤ ਭੰਗੜੇ ਸਮੇਤ ਹੋਰ ਵੀ ਭਾਰਤੀ ਸਭਿਆਚਾਰ ਨਾਲ ਸੰਬਧਤ ਲੋਕ ਨਾਚ ਪੇਸ਼ ਕੀਤੇ ਗਏ।ਨੰਨੇ-ਮੰਨੇ ਬੱਚਿਆਂ ਵੀ ਦੇਸ਼ ਭਗਤੀ ਨਾਲ ਸੰਬਧੀ ਗੀਤ ਗਾਏ।ਇਸ ਮੌਕੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਰਾਹੀ ਦੇਸ਼ ਵਾਸੀਆਂ ਨੂੰ ਮੈਡਮ ਵਾਣੀ ਰਾਓ ਨੇ 78ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ ਉਹ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਨ ਤੇ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਲਈ ਇਟਲੀ ਸਰਕਾਰ ਨਾਲ ਭਾਰਤੀ ਅੰਬੈਂਸੀ ਰੋਮ ਪਹਿਲ ਦੇ ਅਧਾਰ ਤੇ ਗੱਲਬਾਤ ਕਰਦੀ ਰਹਿੰਦੀ ਹੈ। ਜਿਹੜੇ ਭਾਰਤੀ ਇਟਲੀ ਆਉਣਾ ਚਾਹੁੰਦੇ ਹਨ ਉਹ ਕਾਨੂੰਨੀ ਤੌਰ ਤੇ ਆਉਣ ਤਾਂ ਜੋ ਉਹਨਾਂ ਨੂੰ ਇੱਥੇ ਆਕੇ ਮੁਸ਼ਕਿਲਾਂ ਦਾ ਸਾਹਮ੍ਹਣਾ ਨਾ ਕਰਨਾ ਪਵੇ।ਭਾਰਤੀ ਦੇ 78ਵੇਂ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਬਹੁ ਗਿਣਤੀ ਮਹਿਮਾਨਾਂ ਲਈ ਅੰਬੈਂਸੀ ਵੱਲੋਂ ਵਿਸੇ਼ਸ਼ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ।ਇਸ ਮੌਕੇ ਇਟਲੀ ਭਰ ਤੋਂ ਬਹੁ-ਗਿਣਤੀ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਸੁਤੰਤਰਤਾ ਦਿਵਸ ਵਿੱਚ ਸ਼ਾਰੀਕ ਹੋ ਸਭ ਨੂੰ ਵਧਾਈ ਦਿੱਤੀ।