Headlines

ਵਿਲੀਅਮਜ਼ ਲੇਕ ਸਿਟੀ ਕੌਂਸਲ ਵਲੋਂ ਸ਼ਾਨਦਾਰ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਆਯੋਜਿਤ

ਵਿਲੀਅਮ ਲੇਕ ਦੇ ਮੇਅਰ ਰਾਠੌਰ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ-ਅਗਲੇ ਵਰੇ ਗਿੱਧਾ ਤੇ ਭੰਗੜਾ ਮੁਕਾਬਲੇ ਕਰਵਾਉਣ ਦਾ ਐਲਾਨ-

ਵਿਲੀਅਮਜ਼ ਲੇਕ ( ਬੀ ਸੀ)- ਬੀਤੇ ਦਿਨੀਂ ਵਿਲੀਅਮਜ਼ ਲੇਕ ਵਿਖੇ ਸ਼ਹਿਰ ਦੇ ਪਹਿਲੇ ਇੰਡੋ-ਕੈਨੇਡੀਅਨ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ ਦੀ ਅਗਵਾਈ ਹੇਠ ਇਕ ਪੰਜਾਬੀ ਸਭਿਆਚਾਰਕ ਸ਼ਾਮ ਮਨਾਈ ਗਈ ਜਿਸਦਾ ਸ਼ਹਿਰ ਵਾਸੀਆਂ ਨੇ ਭਰਪੂਰ ਆਨੰਦ ਮਾਣਿਆ।

ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ-ਸੰਗੀਤ ਤੇ ਗਿੱਧੇ-ਭੰਗੜੇ ਦਾ ਰੰਗ ਵੇਖਣ ਵਾਲਾ ਸੀ।

ਇਸ ਮੌਕੇ ਮੇਅਰ ਰਾਠੌਰ ਨੇ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ 1974 ਵਿਚ ਵਿਲੀਅਮ ਲੇਕ ਸ਼ਹਿਰ ਵਿਚ ਇਕ ਪਰਵਾਸੀ ਵਜੋ ਆਏ ਸਨ। ਉਹਨਾਂ ਨੂੰ ਨੌਕਰੀ ਲੈਣ ਲਈ ਭਾਰੀ ਮੁਸ਼ਕਲ ਚੋ ਗੁਜ਼ਰਨਾ ਪਿਆ। ਉਹਨਾਂ ਦੇ ਪਰਿਵਾਰ ਲਈ ਉਹ ਦਿਨ ਉਦਾਸ ਕਰਨਾ ਵਾਲਾ ਸੀ ਜਦੋਂ ਉਸਨੇ ਨੌਕਰੀ ਲੈਣ ਲਈ ਆਪਣੇ ਵਾਲ ਕਟਵਾਏ ਸਨ। ਪਰ ਉਦੋਂ ਉਸਨੇ ਇੱਕ ਦਿਨ ਫੈਸਲਾ ਕੀਤਾ ਸੀ ਕਿ ਮੈਂ ਆਪਣੇ ਕੈਨੇਡੀਅਨ ਦੋਸਤਾਂ ਨੂੰ ਦੱਸਣਾ ਹੈ ਕਿ ਅਸੀਂ ਰੰਗ, ਨਸਲ, ਧਰਮ, ਵਿਚਾਰਧਾਰਾ ਦੁਆਰਾ ਵੱਖ ਹੋ ਸਕਦੇ ਹਾਂ  ਪਰ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂਗਾ ਕਿ ਅਸੀਂ ਵੱਖ ਨਹੀਂ ਹਾਂ ਅਤੇ ਉਹ ਹੈ ਗੀਤ-ਸੰਗੀਤ, ਖੁਸ਼ੀ, ਡਾਂਸ ।
ਇਸ ਦੇ ਨਾਲ ਹੀ ਰਾਠੌਰ ਨੇ ਮਹਿਮਾਨਾਂ ਨੂੰ ਗਾਉਣ ਜਾਂ ਨੱਚਣ ਲਈ ਸਟੇਜ ‘ਤੇ ਬੁਲਾਇਆ, ਜਿਸ ਵਿੱਚ ਦੇਸ਼ਖਾ ਅਮਲ, ਟਿੰਮੀ ਥੈਂਪੀ ਦੇ ਨਾਲ-ਨਾਲ ਸਥਾਨਕ ਔਰਤਾਂ ਦੇ ਇੱਕ ਵੱਡੇ ਸਮੂਹ ਨੇ ਮੰਚ ਤੇ ਆਕੇ ਡਾਂਸ ਕੀਤਾ।
ਰਾਠੌਰ ਦਾ ਕਹਿਣਾ ਹੈ ਕਿ ਅੱਜ ਦਾ ਸਮਾਗਮ ਇੱਕ ਬਹੁ-ਸੱਭਿਆਚਾਰਵਾਦ ਦਾ ਇੱਕ ਸੱਚਾ ਜਸ਼ਨ ਹੈ।
ਰਾਠੌਰ ਪ੍ਰੋਗਰਾਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਅਗਲੇ ਵਰੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵਿਲੀਅਮਜ਼ ਲੇਕ ਵਿੱਚ ਗਿੱਧਾ ਤੇ ਭੰਗੜਾ ਮੁਕਾਬਲੇ ਕਰਵਾਏ ਜਾਣਗੇ ਜਿਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।