Headlines

ਐਬਸਫੋਰਡ ਵਿਖੇ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਹਿਲੀ ਸਤੰਬਰ ਨੂੰ

-ਪ੍ਰਬੰਧਖਾਂ ਵਲੋਂ ਜ਼ੋਰਦਾਰ ਤਿਆਰੀਆਂ – ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਭਰਨਗੇ ਹਾਜ਼ਰੀ-

ਵੈਨਕੂਵਰ, 16 ਅਗਸਤ (ਮਲਕੀਤ ਸਿੰਘ)— ਐਬਟਸਫ਼ੋਰਡ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ 1 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਭਾਈ ਗੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਬੰਧ ’ਚ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ 30640 ਬਲਿਊਰਿਜ਼ ਡਰਾਈਵ, ਐਬਟਸਫ਼ੋਰਡ ਸਥਿਤ ਉਕਤ ਗੁਰੂ ਘਰ ਤੋਂ ਇਹ ਨਗਰ ਕੀਰਤਨ ਸਵੇਰੇ 11 ਵਜੇ ਆਰੰਭ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਸਜਾਏ ਜਾਣ ਵਾਲੇ ਇਸ ਮਹਾਨ ਨਗਰ ਕੀਰਤਨ ’ਚ ਸ਼ਾਮਿਲ ਹੋਣ ਲਈ ਸੰਗਤਾਂ ’ਚ ਭਾਰੀ ਉਤਸ਼ਾਹ ਹੈ।  ਸ਼ਹਿਰ ’ਚ ਨਿਰਧਾਰਿਤ ਕੀਤੇ ਤਹਿਸ਼ੁਦਾ ਰੂਟਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਨੂੰ ਉਕਤ ਗੁਰੂ ਘਰ ਵਿਖੇ ਸਮਾਪਤ ਹੋਵੇਗਾ।
ਇਸ ਸਬੰਧ ’ਚ 31 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ।  ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧ ’ਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਕੈਨੇਡਾ ਪੁੱਜੇ ਬਾਬਾ ਦਲੇਰ ਸਿੰਘ ਖੇੜੀ ਵਾਲੇ 26 ਅਗਸਤ ਤੋਂ 1 ਸਤੰਬਰ ਤੀਕ ਸ਼ਾਮ ਦੇ ਦੀਵਾਨਾਂ ’ਚ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਭਾਈ ਮੋਹਨ ਸਿੰਘ (ਗੁਰਦਾਸਪੁਰ ਵਾਲੇ), ਭਾਈ ਬਲਦੇਵ ਸਿੰਘ (ਬਲੰਦਪੁਰ ਵਾਲੇ), ਭਾਈ ਸੁਰਿੰਦਰਪਾਲ ਸਿੰਘ (ਹੁਸ਼ਿਆਰਪੁਰ ਵਾਲੇ), ਭਾਈ ਸੁਖਦੇਵ ਸਿੰਘ (ਨਵਾਂ ਸ਼ਹਿਰ ਵਾਲੇ), ਕਥਾਵਾਚਕ ਭਾਈ ਸਨਮੁੱਖ ਸਿੰਘ (ਪਠਾਨਕੋਟ ਵਾਲੇ), ਢਾਡੀ ਸੁਰਜੀਤ ਸਿੰਘ ਵਾਰਿਸ ਅਤੇ ਭਾਈ ਮੰਗਲ ਸਿੰਘ ਮਹਿਰਮ ਆਦਿ ਜਥੇ ਪੜ੍ਹਾਅਵਾਰ ਹਾਜ਼ਰੀ ਭਰ ਕੇ ਸੰਗਤਾਂ ਦੇ ਦਰਸ਼ਨ ਕਰਨਗੇ।