ਨਵੀਂ ਦਿੱਲੀ, 17 ਅਗਸਤ ( ਦਿਓਲ)-ਉਲੰਪਿਕ ਦੇ ਫਾਈਨਲ ਮੁਕਾਬਲੇ ਵਿਚ ਭਾਰ ਵਧਣ ਕਾਰਣ ਆਯੋਗ ਕਰਾਰ ਦਿੱਤੀ ਗਈ ਗਈ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਇਥੇ ਪੈਰਿਸ ਤੋਂ ਵਾਪਿਸ ਪਰਤਣ ਮੌਕੇ ਭਾਰੀ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਨੇਸ਼ ਦੀ ਆਮਦ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੈਰਿਸ ਓਲੰਪਿਕ ‘ਚ ਫਾਈਨਲ ਤੋਂ ਪਹਿਲਾਂ ਕੀਤੇ ਵਜ਼ਨ ‘ਚ ਉਸ ਦਾ ਵਜ਼ਨ 100 ਗ੍ਰਾਮ ਜ਼ਿਆਦਾ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਵਿਨੇਸ਼ ਨੇ ਖੇਡ ਆਰਬਿਟਰੇਸ਼ਨ ਨੂੰ ਸਾਂਝੇ ਚਾਂਦੀ ਦਾ ਤਮਗਾ ਦਿਵਾਉਣ ਦੀ ਅਪੀਲ ਕੀਤੀ ਸੀ, ਜਿਸ ਕਾਰਨ ਉਹ ਪੈਰਿਸ ‘ਚ ਹੀ ਰੁਕੀ ਸੀ। ਖੇਡ ਅਦਾਲਤ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਸੀ। ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ ਓਲੰਪਿਕ ‘ਚ ਭਾਰਤੀ ਦਲ ਦੇ ਨੇਤਾ ਗਗਨ ਨਾਰੰਗ ਨੇ ਵਿਨੇਸ਼ ਨੂੰ ਚੈਂਪੀਅਨ ਕਿਹਾ। ਦੋਵੇਂ ਇੱਕੋ ਜਹਾਜ਼ ਰਾਹੀਂ ਦਿੱਲੀ ਪੁੱਜੇ ਸਨ। ਵਿਨੇਸ਼ ਦਾ ਸੁਆਗਤ ਕਰਨ ਵਾਲਿਆਂ ਵਿੱਚ ਬਜਰੰਗ ਪੁਨੀਆ, ਸਾਕਸ਼ੀ ਮਲਿਕ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸਾਰਿਆਂ ਨੇ ਉਸ ਦਾ ਜੇਤੂ ਭਲਵਾਨ ਵਾਂਗ ਸੁਆਗਤ ਕੀਤਾ। ਇਸ ਮੌਕੇ ਵਾਰ-ਵਾਰ ਭਾਵੁਕ ਹੁੰਦੀ ਵਿਨੇਸ਼ ਨੇ ਦੇਸ਼ ਭਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਲੋਕਾਂ ਦੀ ਸਦਾ ਰਿਣੀ ਰਹੇਗੀ।