Headlines

ਸੰਪਾਦਕੀ- ਆਜ਼ਾਦੀ ਦਿਵਸ ਬਨਾਮ ਵੰਡ ਬਨਾਮ ਉਜਾੜੇ ਦਾ ਦਰਦ…

-ਸੁਖਵਿੰਦਰ ਸਿੰਘ ਚੋਹਲਾ-

ਪਾਕਿਸਤਾਨੀ ਸ਼ਾਇਰ ਉਸਤਾਦ ਦਾਮਨ ਦਾ ਬੜਾ ਮਸ਼ਹੂਰ ਸ਼ੇਅਰ ਹੈ-

ਲਾਲੀ ਅੱਖਾਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ..

ਦਿਲਾਂ ਨੂੰ ਝੰਜੋੜਨ ਵਾਲਾ ਇਹ ਸ਼ੇਅਰ ਭਾਰਤ-ਪਾਕਿਸਤਾਨ ਦੀ ਵੰਡ ਤੇ ਉਜਾੜੇ ਨੂੰ ਸੰਬੋਧਿਤ ਹੈ।

ਭਾਰਤ ਦੀ ਆਜਾਦੀ ਦੇ ਇਤਿਹਾਸ ਵਿਚ 14-15 ਅਗਸਤ ਦੀ ਆਪਣੀ ਇਕ ਅਹਿਮੀਅਤ ਤੇ ਇਤਿਹਾਸਿਕਤਾ ਹੈ। ਇਹ ਉਹ ਦਿਨ ਹਨ ਜਦੋਂ ਮੁਲਕ ਦੇ ਨਵੇਂ ਨਾਮਜ਼ਦ ਹਾਕਮਾਂ ਨੇ ਬ੍ਰਿਟਿਸ਼ ਸਰਕਾਰ ਨਾਲ ਮਿਲਕੇ ਲੋਕ ਰਾਇ ਜਾਣੇ ਤੋਂ ਬਿਨਾਂ ਮੁਲਕ ਨੂੰ ਦੋ ਹਿੱਸਿਆਂ ਵਿਚ ਤਕਸੀਮ ਕਰਨਾ ਪ੍ਰਵਾਨ ਕਰ ਲਿਆ। ਅੰਗਰੇਜ਼ ਅਫਸਰ ਰੈਡਕਲਿਫ ਵਲੋਂ ਕੁਝ ਦਿਨਾਂ ਵਿਚ ਹੀ ਬਣਾਏ ਗਏ ਵੰਡ ਦੇ ਨਕਸ਼ੇ ਨੇ ਭਾਵੇਂਕਿ ਭਾਰਤ ਦੀ ਧਰਤੀ ਨੂੰ ਦੋ ਹਿੱਸਿਆ ਵਿਚ ਚੀਰ ਦਿੱਤਾ ਪਰ ਨਾਲ ਹੀ ਆਵਾਮ ਦੇ ਦਿਲਾਂ ਵਿਚ  ਨਫਰਤ ਦੀ ਅਜਿਹੀ ਆਰੀ ਫੇਰੀ ਜਿਸਦਾ ਦਰਦ ਅੱਜ ਤੱਕ ਚੀਸ ਦੀ ਤਰਾਂ ਹੈ। ਇਸ ਵੰਡ ਕਾਰਣ ਦੋਵਾਂ ਮੁਲਕਾਂ ਵਿਚ ਫੈਲੀ ਫਿਰਕੂ ਨਫਰਤ ਨੇ 10 ਲੱਖ ਦੇ ਕਰੀਬ ਮਨੁੱਖੀ ਜਾਨਾਂ ਦੀ ਬਲੀ ਲਈ। ਲੱਖਾਂ ਔਰਤਾਂ ਨੂੰ ਬਲਾਤਕਾਰ ਤੇ ਉਧਾਲਿਆਂ ਦਾ ਸ਼ਿਕਾਰ ਹੋਣਾ ਪਿਆ। ਦੋ ਕਰੋੜ ਦੇ ਕਰੀਬ ਲੋਕਾਂ ਨੂੰ ਇਕ-ਦੂਸਰੇ ਪਾਸੇ ਹਿਜਰਤ ਲਈ ਮਜ਼ਬੂਰ ਹੁੰਦਿਆਂ ਆਪਣਾ ਘਰ-ਘਾਟ ਛੱਡਕੇ ਅਨੇਕਾਂ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਦੇ ਰੂਬਰੂ ਹੋਣਾ ਪਿਆ। ਅਗਸਤ 1947 ਦੀ ਵੰਡ ਦੇ ਐਲਾਨ ਨਾਲ ਫੈਲੀ ਹਿੰਸਾ ਦਾ ਅੰਤਰਾਲ ਲਗਪਗ ਛੇ ਮਹੀਨੇ ਤੋਂ ਉਪਰ ਰਿਹਾ। ਆਖਰ ਮਹਾਤਮਾ ਗਾਂਧੀ ਨੂੰ ਇਸ ਹਿੰਸਾ ਦੇ ਖਿਲਾਫ 13 ਜਨਵਰੀ 1948 ਨੂੰ ਭੁੱਖ ਹੜਤਾਲ ਦਾ ਐਲਾਨ ਕਰਨਾ ਪਿਆ। ਉਹਨਾਂ ਦੀ ਭੁੱਖ ਹੜਤਾਲ ਦੇ ਐਲਾਨ ਉਪਰੰਤ ਹੀ ਦੋਵਾਂ ਮੁਲਕਾਂ ਦੇ ਨਵੇਂ ਹਾਕਮਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਿੰਸਾ ਤਿਆਗਣ ਤੇ ਉਸਨੂੰ ਹੋਰ ਫੈਲਣ ਤੋਂ ਰੋਕਣ ਦਾ ਵਾਅਦਾ ਕੀਤਾ।

ਧਰਮ ਦੇ ਆਧਾਰ ਤੇ ਕੀਤੀ ਗਈ ਵੰਡ ਨੇ ਦੋ ਮੁਲਕ ਤਾਂ ਬਣਾ ਦਿੱਤੇ ਪਰ ਫਿਰਕੂ ਨਫਰਤ ਨੂੰ ਗੋਰਿਆਂ ਦੇ ਨਾਮਜ਼ਦ ਹਾਕਮਾਂ ਦੀ ਔਲਾਦ ਤੇ ਪੈਰੋਕਾਰ ਅੱਜ ਵੀ ਆਪਣੇ ਰਾਜ ਭਾਗ ਦਾ ਆਧਾਰ ਬਣਾਕੇ ਚੱਲ ਰਹੇ ਹਨ। ਉਹ ਅੱਜ ਵੀ ਆਵਾਮ ਦਾ ਧਿਆਨ ਉਸ ਸਮਝ ਤੋਂ ਭਟਕਾਏ ਰੱਖਣ ਲਈ ਤਰਲੋਮੱਛੀ ਹਨ ਕਿ ਅਗਰ ਕਿਸੇ ਰਾਜ ਦੀ ਬੁਨਿਆਦ ਕੇਵਲ ਧਰਮ ਹੀ ਹੁੰਦਾ ਤਾਂ ਬੋਲੀ ਦੇ ਆਧਾਰ ਤੇ ਪੂਰਬੀ ਪਾਕਿਸਤਾਨ ਕਦੇ ਬੰਗਲਾਦੇਸ਼ ਨਾ ਬਣਦਾ।

ਭਾਵੇਂਕਿ 15 ਅਗਸਤ 1947 ਨੂੰ ਦੇਸ ਦੀ ਵੰਡ ਦੇ ਨਾਲ ਹੀ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਪਰ ਇਤਿਹਾਸ ਦੇ ਪੰਨੇ ਬੋਲਦੇ ਹਨ ਕਿ ਉਸ ਸਮੇਂ ਦੇਸ਼ ਆਜਾਦ ਨਹੀ ਹੋਇਆ ਸੀ ਬਲਕਿ ਬ੍ਰਿਟਿਸ਼ ਹਕੂਮਤ ਦੇ ਅਧੀਨ ਦੋਵਾਂ ਮੁਲਕਾਂ ਨੂੰ ਡੋਮੀਨੀਅਨ ( ਅਧਿਰਾਜ) ਘੋਸ਼ਿਤ ਕਰਦਿਆਂ  ਨਵੇਂ ਹਾਕਮ ਨਾਮਜ਼ਦ ਕਰਕੇ ਲੋਕਾਂ ਨੂੰ ਨਵੀਆਂ ਸਰਕਾਰ ਚੁਣਨ ਦੇ ਅਧਿਕਾਰ ਦਿੱਤੇ ਗਏ ਸਨ। ਵਾਇਸਰਾਏ ਦੇ ਹੁਕਮਾਂ ਤਹਿਤ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਮੁਹੰਮਦ ਅਲੀ ਜਿਨਾਹ ਨੂੰ ਪਾਕਿਸਤਾਨ ਦਾ ਗਵਰਨਰ ਜਨਰਲ ਅਤੇ ਲਿਆਕਤ ਅਲੀ ਖਾਨ ਨੂੰ ਪ੍ਰਧਾਨ ਮੰਤਰੀ ਨਾਮਜਦ ਕੀਤਾ ਗਿਆ ਸੀ। ਤਿੰਨ ਸੈਨਾਵਾਂ ਦੇ ਮੁਖੀ ਅਤੇ ਫੈਡਰਲ ਅਦਾਲਤ ਦਾ ਮੁਖੀ ਬ੍ਰਿਟਿਸ਼ ਸਰਕਾਰ ਦੇ ਹੀ ਸਨ। ਇਹ ਵੀ ਇਤਿਹਾਸ ਗਵਾਹ ਹੈ ਕਿ ਜਦੋਂ ਆਜਾਦੀ ਜਸ਼ਨ ਵਜੋਂ ਤਿਰੰਗਾ ਲਹਿਰਾਇਆ ਗਿਆ ਸੀ ਤਾਂ ਮੁੱਖ ਸਰਕਾਰੀ ਇਮਾਰਤਾਂ ਤੋਂ ਬ੍ਰਿਟਿਸ਼ ਸਰਕਾਰ ਦਾ ਯੂਨੀਅਨ ਜੈਕ ਝੁਕਾਇਆ ਨਹੀ ਸੀ ਗਿਆ। ਲਾਰਡ ਮਾਉਂਟ ਬੈਟਨ ਉਸ ਸਮੇਂ ਵੀ ਭਾਰਤ ਦੇ ਗਵਰਨਰ ਜਨਰਲ ਸਨ। ਇਹ ਪੂਰਨ ਆਜਾਦੀ ਨਹੀ ਸੀ। ਬ੍ਰਿਟਿਸ਼ ਹਕੂਮਤ ਮੁਤਾਬਿਕ ਇਸਨੂੰ ਡੋਮੀਨੀਅਨ ਦਾ ਦਰਜਾ ਦਿੱਤਾ ਗਿਆ ਸੀ ਜਿਸਦਾ ਅਰਥ ਸੀ ਨਵੇਂ ਮੁਲਕ ਅਜੇ ਵੀ ਸਿੱਧੇ ਰੂਪ ਵਿਚ ਬ੍ਰਿਟਿਸ਼ ਹਕੂਮਤ ਦੇ ਅਧੀਨ ਹਨ। ਸ਼ਾਇਦ ਇਸੇ ਲਈ ਕਾਂਗਰਸ ਨੇ ਆਜਾਦੀ ਦੀ ਲੜਾਈ ਦੌਰਾਨ ਪੂਰਨ ਸਵਰਾਜ ਦਾ ਨਾਅਰਾ ਦਿੱਤਾ ਸੀ ਤੇ ਫਿਰ ਆਪਣੇ ਹਿੱਤਾਂ ਖਾਤਰ ਡੋਮੀਨੀਅਨ ਰਾਜ ਪ੍ਰਵਾਨ ਕਰ ਲਿਆ। ਇਸਦੇ ਖਿਲਾਫ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਆਪਣੇ ਕੌਮੀ ਇਜਲਾਸ ਦੌਰਾਨ-ਇਹ ਆਜਾਦੀ ਝੂਠੀ ਹੈ-ਦਾ ਨਾਅਰਾ ਲਗਾਇਆ ਸੀ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਹੋਂਦ ਵਿਚ ਆਉਣ ਅਤੇ ਉਸਨੂੰ ਲਾਗੂ ਕੀਤੇ ਜਾਣ ਤੱਕ ਲਗਪਗ ਤਿੰਨ ਸਾਲ ਨਵਾਂ ਮੁਲਕ ਬ੍ਰਿਟਿਸ਼ ਕਨੂੰਨ ਤਹਿਤ ਹੀ ਕੰਮ ਕਰਦਾ ਰਿਹਾ।

ਇਤਿਹਾਸ ਦੇ ਪੰਨਿਆਂ ਵਿਚ ਇਹ ਜਿਕਰ ਕੁਥਾਂ ਨਹੀ ਕਿ 14-15 ਅਗਸਤ ਨੂੰ ਦੋ ਮੁਲਕਾਂ ਦੀ ਵੰਡ ਹੋਈ ਸੀ ਨਾਕਿ ਕਿ ਭਾਰਤ ਨੂੰ ਆਜਾਦੀ ਮਿਲੀ ਸੀ। ਇਸ ਵੰਡ ਕਾਰਣ ਮੁਲਕ ਦੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਦੇ ਨਾਲ ਜੋ ਕੁਝ ਸਹਿਣ ਕਰਨਾ ਪਿਆ, ਉਹ ਸਭ ਜਸ਼ਨਾਂ ਦਾ ਕਾਇਲ ਨਹੀ। ਦੇਸ ਪ੍ਰਦੇਸ਼ ਟਾਈਮਜ਼ ਦੇ ਇਸ ਅੰਕ ਵਿਚ ਉਘੇ ਪੱਤਰਕਾਰ ਡਾ ਗੁਰਵਿੰਦਰ ਸਿੰਘ ਵਲੋਂ ਲਿਖਿਆ ਲੇਖ ਵੀਹਵੀਂ ਸਦੀ ਦੇ ਮਹਾਂ-ਦੁਖਾਂਤ ਤੇ ਵਿਸ਼ੇਸ਼-ਆਜਾਦੀ ਹੱਥੋ ਬਰਬਾਦ ਯਾਰੋ, ਹੋਏ ਤੁਸੀਂ ਵੀ ਓ ਹੋਏ ਅਸੀ ਵੀ ਆਂ… ਪੜਨਯੋਗ ਤੇ ਸੋਚ ਨੂੰ ਝੰਜੋੜਨ ਵਾਲਾ ਹੈ। ਵੰਡ ਦੇ ਉਸ ਭਿਆਨਕ ਮੰਜ਼ਰ ਨੂੰ ਯਾਦ ਕਰਦਿਆਂ ਕੋਈ ਵੀ ਭਾਰਤੀ ਆਜ਼ਾਦੀ ਦੇ ਜੇਤੂ ਜ਼ਸ਼ਨਾਂ ਦੇ ਰੂਬਰੂ ਹੋਣ ਦਾ ਹੀਆ ਨਹੀ ਕਰ ਪਾਉਂਦਾ। ਸ਼ਾਇਦ ਇਸੇ ਲਈ ਇਸ ਵਾਰ ਆਜ਼ਾਦੀ ਦਿਵਸ ਦੇ ਆਪਣੇ ਭਾਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਇਕ ਸੁਨੇਹੇ ਰਾਹੀਂ ਵੰਡ ਦੇ ਦੁਖਾਂਤ ਦੇ ਪੀੜਤਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਹੈ।

ਮੁਲਕ ਦੀ ਵੰਡ ਦੇ ਉਸ ਭਿਆਨਕ ਦੁਖਾਂਤ ਨੂੰ ਯਾਦ ਕਰਦਿਆਂ ਹਰ ਸਾਲ 14-15 ਅਗਸਤ ਨੂੰ ਦੋਵਾਂ ਮੁਲਕਾਂ ਦੇ ਆਵਾਮ ਵਿਚਾਲੇ ਆਪਸੀ ਸਾਂਝ ਤੇ ਮੁਹੱਬਤ ਦੇ ਪੈਗਾਮ ਵਜੋਂ ਦਿਨ ਮਨਾਉਣ ਦੀ ਲੋੜ ਹੈ।  ਆਜਾਦੀ ਜਸ਼ਨ ਉਸ ਸਮੇਂ ਹੀ ਸਾਰਥਿਕ ਹੋ ਸਕਦੇ ਹਨ ਜਦੋਂ ਅਸੀ ਵੰਡ ਦੇ ਦੁਖਾਂਤ ਤੋਂ ਸਬਕ ਲੈਂਦਿਆਂ ਦੋਵਾਂ ਮੁਲਕਾਂ ਵਿਚਾਲੇ ਨਫਰਤ ਨੂੰ ਹਵਾ ਦੇਣ ਦੀ ਥਾਂ ਮੁਹੱਬਤਾਂ ਤੇ ਆਪਸੀ ਸਾਂਝ ਦੀ ਮਜ਼ਬੂਤੀ ਲਈ ਅੱਗੇ ਵਧਾਂਗੇ। ਦੋਵਾਂ ਮੁਲਕਾਂ ਦਾ ਆਵਾਮ ਇਹੀ ਚਾਹੁੰਦਾ ਹੈ ਤੇ ਆਵਾਮ ਦੀ ਇਸ ਚਾਹਤ ਨੂੰ ਇਕ ਲਹਿਰ ਬਣਾਉਣ ਦੀ ਲੋੜ ਹੈ…