Headlines

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਨੇ ਲਾਇਆ ਪਾਰਕਸਵਿਲੇ ਦਾ ਟੂਰ

ਸਰੀ- (ਹਰਦਮ ਮਾਨ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਦਿਨ ਵੈਨਕੂਵਰ ਟਾਪੂ ਉੱਤੇ ਵਸੇ ਸ਼ਹਿਰ ਪਾਰਕਸਵਿਲੇ ਦਾ ਟੂਰ ਲਾਇਆ ਗਿਆ। ਟੂਰ ਦੇ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਇਸ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਖਜ਼ਾਨਚੀ ਅਵਤਾਰ ਸਿੰਘ ਢਿੱਲੋਂ ਨੇ ਕੀਤਾ। ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਤੋਂ 55 ਸੀਨੀਅਰ ਸ਼ਹਿਰੀਆਂ ਦਾ ਇਹ ਜਥਾ ਸਵੇਰੇ 9 ਵਜੇ ਇਕ ਬੱਸ ਰਾਹੀਂ ਡੈਲਟਾ ਪੋਰਟ (ਟਵਾਸਨ) ਵੱਲ ਰਵਾਨਾ ਹੋਇਆ ਅਤੇ ਫੈਰੀ ਵਿਚ ਜਾ ਸਵਾਰ ਹੋਇਆ। ਫੈਰੀ ਵਿਚ ਸਮੁੰਦਰੀ ਦ੍ਰਿਸ਼ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਅਤੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਇਹ ਸ਼ਹਿਰੀ ਪਾਕਰਸਵਿਲੇ ਬੇਅ ਬੀਚ ‘ਤੇ ਪਹੁੰਚੇ ਅਤੇ ਤਿੰਨ ਘੰਟੇ ਵਿਸ਼ਾਲ ਬੀਚ ਦੇ ਨਜ਼ਾਰੇ ਮਾਣਦੇ ਰਹੇ। ਵੱਖ ਵੱਖ ਟੋਲੀਆਂ ਬਣਾ ਕੇ ਇਨ੍ਹਾਂ ਸ਼ਹਿਰੀਆਂ ਨੇ ਆਪਸ ਵਿਚ ਖੂਬ ਹਾਸਾ-ਠੱਠਾ ਕੀਤਾ। ਗੀਤ ਸੰਗੀਤ ਨਾਲ ਲਗਾਓ ਰੱਖਣ ਮਨਜੀਤ ਮੱਲ੍ਹਾ, ਗੁਰਮੇਲ ਧਾਲੀਵਾਲ ਅਤੇ ਕੁਝ ਹੋਰ ਸਾਥੀਆਂ ਨੇ ਕਵਿਤਾਵਾਂ, ਗੀਤਾਂ ਰਾਹੀਂ ਛਹਿਬਰ ਲਾ ਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ। ਬਾਅਦ ਵਿਚ ਇੱਥੇ ਖਾਣਾ ਖਾ ਕੇ ਇਹ ਸ਼ਹਿਰੀ ਵਿਚ ਫਿਰ ਬੱਸ ਵਿਚ ਸਵਾਰ ਹੋਏ ਅਤੇ ਫੈਰੀ ਰਾਹੀਂ ਸਮੁੰਦਰੀ ਕਾਇਨਾਤ ਦਾ ਨਜ਼ਾਰਾ ਮਾਣਦੇ ਹੋਏ ਸੀਨੀਅਰ ਸੈਂਟਰ ਸਰੀ ਵਿਖੇ ਵਾਪਸ ਪਹੁੰਚੇ। ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਸੀਨੀਅਰਜ਼ ਵੱਲੋਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਸੰਸਥਾ ਹਰ ਸਾਲ ਸੀਨੀਅਰ ਦੇ ਮਨੋਰੰਜਨ ਲਈ ਇਸ ਤਰ੍ਹਾਂ ਦੇ ਤਿੰਨ ਚਾਰ ਟੂਰ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੀ ਹੈ। ਪ੍ਰਬੰਧਕਾਂ ਅਨੁਸਾਰ ਇਸ ਤਰ੍ਹਾਂ ਦੇ ਟੂਰ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਸੀਨੀਅਰਜ਼ ਦੀ ਮਾਨਸਿਕਤਾ ਸਿਹਤ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਦਾ ਮਨੋਰੰਜਨ ਅਤੇ ਵੱਖ ਵੱਖ ਸੈਰਗਾਹ ਸਥਾਨਾਂ ਦੀ ਸੈਰ ਕਰਵਾਉਣਾ ਹੈ।