ਗੱਦੀਓਂ ਲਾਹੀ ਪ੍ਰਧਾਨ ਮੰਤਰੀ ਖਿਲਾਫ਼ ਦਰਜ ਕੇਸਾਂ ਦੀ ਗਿਣਤੀ ਵਧ ਕੇ 15 ਹੋਈ
ਢਾਕਾ, 19 ਅਗਸਤ
ਬੰਗਲਾਦੇਸ਼ ਵਿੱਚ ਵਿਵਾਦਿਤ ਰਾਖਵਾਂਕਰਨ ਪ੍ਰਣਾਲੀ ਖਿਲਾਫ਼ ਅੰਦੋਲਨ ਦੌਰਾਨ ਦੋ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਉਨ੍ਹਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਖਿਲਾਫ਼ ਦੋ ਨਵੇਂ ਕੇਸ ਦਰਜ ਕੀਤੇ ਗਏ ਹਨ। ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਪ੍ਰਣਾਲੀ ਖਿਲਾਫ਼ ਵਿਆਪਕ ਰੋਸ-ਮੁਜ਼ਾਹਰਿਆਂ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ 5 ਅਗਸਤ ਨੂੰ ਭਾਰਤ ਜਾਣ ਵਾਲੀ ਹਸੀਨਾ (76) ਖਿਲਾਫ਼ ਹੁਣ ਤੱਕ 15 ਕੇਸ ਦਰਜ ਹੋ ਚੁੱਕੇ ਹਨ।
ਸਰਕਾਰੀ ਬੀਐੱਸਐੱਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲਿਟਨ ਹਾਸਨ ਲਾਲੂ ਉਰਫ਼ ਹਾਸਨ ਦੇ ਰਾਜਧਾਨੀ ਦੇ ਮੀਰਪੁਰ ਇਲਾਕੇ ਤੇ ਤਾਰਿਕ ਹੁਸੈਨ ਦੇ ਸ਼ੇਰ-ਏ-ਬੰਗਲਾ ਨਗਰ ਇਲਾਕੇ ਵਿਚ ਹਿੰਸਾ ਦੌਰਾਨ ਹੋਏ ਕਤਲਾਂ ਲਈ ਦੋ ਵੱਖੋ-ਵੱਖਰੇ ਕੇਸ ਦਰਜ ਕੀਤੇ ਗਏ ਹਨ। ਲਿਟਨ ਦੇ ਭਰਾ ਨੇ ਸਾਬਕਾ ਪ੍ਰਧਾਨ ਮੰਤਰੀ ਹਸੀਨਾ, ਸਾਬਕਾ ਗ੍ਰਹਿ ਮੰਤਰੀ ਅਸਦੂਜ਼ਮਾਨ ਖ਼ਾਨ ਕਾਮਲ, ਸਾਬਕਾ ਆਈਜੀਪੀ ਅਬਦੁੱਲਾ ਅਲ ਮਾਮੂਨ ਤੇ ਹੋਰਨਾਂ ਸਣੇ ਕੁੱਲ 148 ਵਿਅਕਤੀਆਂ ਖਿਲਾਫ਼ ਢਾਕਾ ਮੈਟਰੋਪਾਲਿਟਨ ਮੈਜਿਸਟਰੇਟ ਮਹਿਦੀ ਹਾਸਨ ਦੀ ਕੋਰਟ ਵਿਚ ਕੇਸ ਦਰਜ ਕਰਵਾਇਆ ਹੈ। ਕੇਸ ਦੇ ਦਸਤਾਵੇਜ਼ਾਂ ਮੁਤਾਬਕ ਲਿਟਨ 4 ਅਗਸਤ ਨੂੰ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਮੀਰਪੁਰ ਇਲਾਕੇ ਵਿਚ ਸ਼ਾਂਤਮਈ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਇਆ ਸੀ। ਇਸ ਦੌਰਾਨ ਬਾਅਦ ਦੁਪਹਿਰ 2 ਵਜੇ ਦੇ ਕਰੀਬ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਕੁਝ ਵਿਅਕਤੀਆਂ ਨੇ ਮੁਜ਼ਾਹਰਾਕਾਰੀਆਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਹਾਸਨ ਜ਼ਖ਼ਮੀ ਹੋ ਗਿਆ, ਜਿਸ ਨੇ ਮਗਰੋਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਇਸ ਦੌਰਾਨ ਤਾਰਿਕ ਦੀ ਮਾਂ ਫਿਦੂਸ਼ੀ ਖਾਤੂਨ ਨੇ ਹਸੀਨਾ, ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਸਣੇ 13 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਰਿਪੋਰਟ ਮੁਤਾਬਕ ਅਣਪਛਾਤੇ ਅਨਸਰਾਂ ਨੇ ਸ਼ੇਰ-ਏ-ਬੰਗਲਾ ਨਗਰ ਪੁਲੀਸ ਥਾਣੇ ਦੇ ਸਾਹਮਣੇ ਤਾਰਿਕ ਨੂੰ ਗੋੋਲੀ ਮਾਰ ਦਿੱਤੀ ਸੀ ਤੇ 9 ਅਗਸਤ ਨੂੰ ਉਸ ਦੀ ਮੌਤ ਹੋ ਗਈ। ਇਨ੍ਹਾਂ ਦੋ ਕੇਸਾਂ ਨਾਲ ਹਸੀਨਾ ਖਿਲਾਫ਼ ਦਾਇਰ ਕੇਸਾਂ ਦੀ ਗਿਣਤੀ 15 ਹੋ ਗਈ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਮੁਹੰਮਦ ਮਿਲਨ ਦੀ ਪਤਨੀ ਸ਼ਹਿਨਾਜ਼ ਬੇਗ਼ਮ ਦੀ ਸ਼ਿਕਾਇਤ ’ਤੇ ਹਸੀਨਾ ਸਣੇ 62 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਿਲਨ, ਜੋ ਮੱਛੀ ਦਾ ਕਾਰੋਬਾਰ ਕਰਦਾ ਸੀ, ਨੂੰ 21 ਜੁਲਾਈ ਨੂੰ ਮੱਛੀ ਬਾਜ਼ਾਰ ਤੋਂ ਘਰ ਪਰਤਦਿਆਂ ਗੋਲੀ ਮਾਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਹਸੀਨਾ, ਸਾਬਕਾ ਸੜਕ ਆਵਾਜਾਈ ਤੇ ਪੁਲ ਮੰਤਰੀ ਓਬੇਦੁਲ ਕਾਦਰ, ਸਾਬਕਾ ਸੰਸਦ ਮੈਂਬਰ ਸ਼ਮੀਮ ਉਸਮਾਨ ਤੇ ਸਾਬਕਾ ਗ੍ਰਹਿ ਮੰਤਰੀ ਏ. ਖਾਨ ਸਣੇ 62 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਅਮਨ ਤੇ ਕਾਨੂੰਨ ਦੀ ਸਥਿਤੀ ਪ੍ਰਮੁੱਖ ਚੁਣੌਤੀ: ਚੌਧਰੀ
ਢਾਕਾ:
ਬੰਗਲਾਦੇਸ਼ ਦੇ ਨਵਨਿਯੁਕਤ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਅੱਜ ਮੰਨਿਆ ਕਿ ਅੰਤਰਿਮ ਸਰਕਾਰ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਪ੍ਰਮੁੱਖ ਚੁਣੌਤੀ ਹੈ ਤੇ ਨਵੇੇਂ ਨਿਜ਼ਾਮ ਦਾ ਸਾਰਾ ਧਿਆਨ ਇਸ ਵੇਲੇ ਜਿੰਨਾ ਛੇਤੀ ਹੋ ਸਕੇ ਹਾਲਾਤ ਸੁਧਾਰਨ ਵੱਲ ਹੈ। ਗ੍ਰਹਿ ਮੰਤਰਾਲੇ ਦੇ ਸਲਾਹਕਾਰ ਲੈਫਟੀਨੈਂਟ ਜਨਰਲ ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਰੱਖਿਆ ਫ਼ਿਕਰਾਂ ਨੂੰ ਮੁਖਾਤਿਬ ਹੋਣਾ ਬਹੁਤ ਜ਼ਰੂਰੀ ਹੈ। ਚੌਧਰੀ ਨੇ ਕਿਹਾ ਕਿ ਉਨ੍ਹਾਂ ਕੋਲ ਗ੍ਰਹਿ ਮਾਮਲੇ ਤੇ ਖੇਤੀ ਦੋਵੇਂ ਮੰਤਰਾਲੇ ਹਨ, ਜਿਸ ਕਰਕੇ ਉਨ੍ਹਾਂ ਦੇ ਮੋਢਿਆਂ ’ਤੇ ਦੋਹਰੀ ਜ਼ਿੰਮੇਵਾਰੀ ਹੈ।