ਚਰਨਜੀਤ ਭੁੱਲਰ
ਚੰਡੀਗੜ੍ਹ, 19 ਅਗਸਤ
ਆਮ ਆਦਮੀ ਪਾਰਟੀ ਸਰਕਾਰ ਨੇ ਅੰਦਰੋ-ਅੰਦਰੀ ਔਖ ਝੱਲ ਰਹੇ ਵਿਧਾਇਕਾਂ ਨੂੰ ਹੁਣ ‘ਖ਼ੁਸ਼’ ਕਰ ਦਿੱਤਾ ਹੈ। ਸਰਕਾਰੀ ਅਫ਼ਸਰਾਂ/ਮੁਲਾਜ਼ਮਾਂ ਦੀਆਂ ਬਦਲੀਆਂ ’ਚ ਇਨ੍ਹਾਂ ਵਿਧਾਇਕਾਂ ਦੀ ਤੂਤੀ ਬੋਲੀ ਹੈ। ਸਰਕਾਰੀ ਵਿਭਾਗਾਂ ’ਚ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ਦਾ ਹੜ੍ਹ ਆਇਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਮੀਟਿੰਗਾਂ ’ਚ ਵਿਧਾਇਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਮਰਜ਼ੀ ਅਨੁਸਾਰ ਹਲਕਿਆਂ ਵਿਚ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਹੋਵੇਗੀ ਬਸ਼ਰਤੇ ਸਿਫ਼ਾਰਸ਼ ਕੀਤੇ ਅਧਿਕਾਰੀ ਜਾਂ ਮੁਲਾਜ਼ਮ ਦਾ ਕਿਰਦਾਰ ਸ਼ੱਕੀ ਜਾਂ ਦਾਗੀ ਨਾ ਹੋਵੇ।
ਪੰਜਾਬ ਪੁਲੀਸ ’ਚ ਜੋ 210 ਦੇ ਕਰੀਬ ਡੀਐੱਸਪੀ ਬਦਲੇ ਗਏ ਹਨ, ਉਨ੍ਹਾਂ ’ਚੋਂ ਬਹੁਤੇ ਹਲਕਿਆਂ ਵਿਚ ਵਿਧਾਇਕਾਂ ਦੀ ਪਸੰਦ ਦੇ ਪੁਲੀਸ ਅਫ਼ਸਰ ਲਾਏ ਗਏ ਹਨ। ਮੁੱਖ ਮੰਤਰੀ ਦਫ਼ਤਰ ਨੇ ਦਾਗੀ ਪੁਲੀਸ ਅਫ਼ਸਰਾਂ ਅਤੇ ਮਾਲ ਅਫ਼ਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ। ਜਿਹੜੇ ਵਿਧਾਇਕ ਨੇ ਕਿਸੇ ਸ਼ੱਕੀ ਕਿਰਦਾਰ ਵਾਲੇ ਅਫ਼ਸਰ ਦੀ ਸਿਫ਼ਾਰਸ਼ ਕੀਤੀ ਹੋਈ ਸੀ, ਉਸ ਵਿਧਾਇਕ ਤੋਂ ਬਦਲਵੀਂ ਸਿਫ਼ਾਰਸ਼ ਮੰਗੀ ਗਈ। ਕਈ ਸਬ-ਡਿਵੀਜ਼ਨਾਂ ਵਿਚ ਐੱਸਡੀਐੱਮਜ਼ ਵੀ ਵਿਧਾਇਕਾਂ ਦੀ ਪਸੰਦ ਦੇ ਲਾਏ ਗਏ ਹਨ। ਢਾਈ ਵਰ੍ਹਿਆਂ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫ਼ਸਰ ਲਵਾਉਣ ਵਿਚ ਪਏ ਹੋਏ ਸਨ ਪਰ ਉਹ ਅਸਫਲ ਰਹੇ।
ਕਈ ਵਿਧਾਇਕ ਦਾਗੀ ਅਫ਼ਸਰਾਂ ਦੀ ਤਾਇਨਾਤੀ ਕਰਾਉਣ ਵਿਚ ਸਫਲ ਹੋਏ ਹਨ। ਆਗਾਮੀ ਜ਼ਿਮਨੀ ਚੋਣਾਂ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਹਨ। ਕੈਬਨਿਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ਨੂੰ ਖੰਭ ਲਾਉਣ ਲੱਗੇ ਹਨ। ਵੇਰਵਿਆਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਵੱਡੀ ਗਿਣਤੀ ’ਚ ਤਬਾਦਲੇ ਹੋਏ ਹਨ। ਵਿਧਾਇਕ ਆਪਣੇ ਖ਼ਾਸ ਅਫ਼ਸਰਾਂ ਨੂੰ ਦੋ-ਦੋ ਚਾਰਜ ਦਿਵਾਉਣ ਵਿਚ ਕਾਮਯਾਬ ਵੀ ਹੋਏ ਹਨ। ਕਈ ਵਿਭਾਗਾਂ ’ਚ ਸ਼ੱਕੀ ਕਿਰਦਾਰ ਵਾਲੇ ਅਫ਼ਸਰ ਤੇ ਮੁਲਾਜ਼ਮ ਵੀ ਸਫਲ ਹੋ ਗਏ ਹਨ।
ਪੰਜਾਬ ਸਰਕਾਰ ਨੇ ਆਮ ਬਦਲੀਆਂ ਦੀ ਤਰੀਕ ਅੱਜ 31 ਅਗਸਤ ਤੱਕ ਵਧਾ ਦਿੱਤੀ ਹੈ। ਪਤਾ ਲੱਗਾ ਹੈ ਕਿ ਵਿਧਾਇਕਾਂ ਨੇ ਪੱਤਰ ਲਿਖ ਕੇ ਆਪਣੇ ਚਹੇਤਿਆਂ ਨੂੰ ਤਾਇਨਾਤ ਕਰਾਇਆ ਹੈ। ਖੇਤੀ ਮਹਿਕਮੇ ਵਿਚ ਹਾਲ ਹੀ ਵਿਚ 300 ਤੋਂ ਜ਼ਿਆਦਾ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਈਆਂ ਹਨ ਅਤੇ ਇਨ੍ਹਾਂ ’ਚੋਂ 90 ਫ਼ੀਸਦੀ ਬਦਲੀਆਂ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ’ਤੇ ਹੋਈਆਂ ਹਨ। ਮਾਲਵਾ ਖ਼ਿੱਤੇ ਦਾ ਇੱਕ ਵੱਡੇ ਰੁਤਬੇ ਵਾਲਾ ਆਗੂ ਸਿਫ਼ਾਰਸ਼ਾਂ ਕਰਨ ਵਿਚ ਨੰਬਰ ਇੱਕ ਹੈ।
ਬਿਜਲੀ ਵਿਭਾਗ ਵਿਚ ਵਿਧਾਇਕਾਂ ਦੀਆਂ ਬਦਲੀਆਂ ਵਾਸਤੇ ਸਿਫ਼ਾਰਸ਼ਾਂ ਦਾ ਹੜ੍ਹ ਆਇਆ ਪਿਆ ਹੈ। ਪਾਵਰਕੌਮ ਨੂੰ ਝੋਨੇ ਦੇ ਸੀਜ਼ਨ ਕਰਕੇ ਕਾਫ਼ੀ ਮੁਸ਼ਕਲ ਬਣੀ ਹੋਈ ਹੈ। ਇੱਥੋਂ ਤੱਕ ਕਿ ਜੋ ਹਰਿਆਣਾ ਦੇ ਵਸਨੀਕ ਪਾਵਰਕੌਮ ਵਿਚ ਤਾਇਨਾਤ ਹਨ, ਉਨ੍ਹਾਂ ਨੂੰ ਹਰਿਆਣਾ ਦੀ ਸਰਹੱਦ ਲਾਗੇ ਤਬਦੀਲ ਕਰਾਉਣ ਵਾਸਤੇ ‘ਆਪ’ ਵਿਧਾਇਕ ਪੱਬਾਂ ਭਾਰ ਹਨ। ਇੱਕ ਕੈਬਨਿਟ ਮੰਤਰੀ ਖ਼ੁਦ ਵੀ ਇਨ੍ਹਾਂ ਬਦਲੀਆਂ ਦੀਆਂ ਸਿਫ਼ਾਰਸ਼ਾਂ ਤੋਂ ਕਾਫ਼ੀ ਤੰਗ ਹੈ। ਸਿਹਤ ਵਿਭਾਗ ਵਿਚ ਵੱਡੇ ਪੱਧਰ ’ਤੇ ਤਬਾਦਲੇ ਹੋਏ ਹਨ।
ਜਲ ਸਰੋਤ ਵਿਭਾਗ ਅਤੇ ਮਾਈਨਿੰਗ ਵਿਭਾਗ ਵਿਚ ਕਰੀਬ 400 ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਹੋਈਆਂ ਹਨ। ਪਤਾ ਲੱਗਾ ਹੈ ਕਿ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਤਬਾਦਲੇ ਹੋਏ ਹਨ। ਮਾਲ ਵਿਭਾਗ ਵਿਚ ਆਉਣ ਵਾਲੇ ਦਿਨਾਂ ਵਿਚ ਬਦਲੀਆਂ ਹੋਣੀਆਂ ਹਨ ਜਿਨ੍ਹਾਂ ਵਾਸਤੇ ਪਹਿਲਾਂ ਹੀ ਵਿਧਾਇਕਾਂ ਨੇ ਸਿਫ਼ਾਰਸ਼ਾਂ ਭੇਜੀਆਂ ਹੋਈਆਂ ਹਨ।
ਲੋਕ ਮਸਲਿਆਂ ਬਾਰੇ ਸਿਫ਼ਾਰਸ਼ ਕੌਣ ਕਰੂ
ਕਈ ਉੱਚ ਅਫ਼ਸਰਾਂ ਨੇ ਦੱਸਿਆ ਕਿ ਵਿਧਾਇਕਾਂ ਵੱਲੋਂ ਜਿੰਨੇ ਸਿਫ਼ਾਰਸ਼ੀ ਪੱਤਰ ਬਦਲੀਆਂ ਬਾਰੇ ਲਿਖੇ ਗਏ ਹਨ, ਓਨੇ ਕਿਸੇ ਵਿਧਾਇਕ ਨੇ ਲੋਕ ਮਸਲਿਆਂ ਸਬੰਧੀ ਨਹੀਂ ਲਿਖੇ। ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਵਿਧਾਇਕ ਤਾਂ ਲੋਕਾਂ ਦੇ ਕੰਮਾਂ-ਕਾਰਾਂ ਅਤੇ ਸਾਂਝੇ ਕੰਮਾਂ ਦੀ ਥਾਂ ’ਤੇ ਬਦਲੀਆਂ ਦੇ ਗੇੜ ਵਿਚ ਹੀ ਉਲਝੇ ਹੋਏ ਹਨ। ਕਈ ਵਿਧਾਇਕ ਤਾਂ ਆਪਣੇ ਨਾਪਸੰਦੀ ਵਾਲੇ ਅਧਿਕਾਰੀ ਜਾਂ ਮੁਲਾਜ਼ਮਾਂ ਬਾਰੇ ਇੱਥੋਂ ਤੱਕ ਲਿਖ ਦਿੰਦੇ ਹਨ ਕਿ ਉਸ ਨੂੰ ਉਸ ਦੇ ਹਲਕੇ ਤੋਂ ਇੰਨੀ ਕਿਲੋਮੀਟਰ ਦੂਰ ਬਦਲ ਦਿੱਤਾ ਜਾਵੇ।