Headlines

ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਐਬਸਫੋਰਡ ਵਿਚ ਕਰਵਾਇਆ ਮੇਲਾ ਯਾਦਗਾਰੀ ਰਿਹਾ

ਐਬਸਫੋਰਡ ( ਦੇ ਪ੍ਰ ਬਿ, ਮਾਂਗਟ)- ਬੀਤੇ ਸ਼ਨੀਵਾਰ ਨੂੰ ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਮੇਲਾ ਪੰਜਾਬੀਆਂ ਦਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਕਿਡਜ ਪਲੇਅ ਦੇ ਪ੍ਰਬੰਧਾਂ ਹੇਠ ਸਵੇਰ ਦੇ ਸਮੇਂ 5 ਤੋਂ 16 ਸਾਲ ਦੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਦੁਪਹਿਰ 12 ਵਜੇ ਤੋਂ ਬਾਦਲ ਸਭਿਆਚਾਰਕ ਮੇਲੇ ਦਾ ਆਰੰਭ ਹੋਇਆ ਜਿਸ ਵਿਚ ਪੰਜਾਬੀ ਦੇ ਪ੍ਰਸਿਧ ਅਤੇ ਉਭਰਦੇ ਗਾਇਕਾਂ ਨੇ ਹਾਜ਼ਰੀ ਲਗਵਾਕੇ ਮੇਲੇ ਨੂੰ ਯਾਦਗਾਰੀ ਬਣਾਇਆ। ਮੇਲੇ ਵਿਚ ਪੁੱਜੇ ਉਘੇ ਗਾਇਕ ਜਿਹਨਾਂ ਵਿਚ  ਸੁਖਵਿੰਦਰ ਸੁੱਖੀ, ਗੋਰਾ ਚੱਕਵਾਲਾ, ਦੀਪ ਕੌਰ, ਰਮਨ ਗਿੱਲ, ਯੁਵਰਾਜ ਸਿੰਘ, ਬੌਬੀ ਭੁੱਲਰ, ਯੁਵਰਾਜ ਸਿੰਘ, ਰਣਜੋਧ ਜੋਧੀ ਤੇ ਪ੍ਰਸਿੱਧ ਦੋਗਾਣਾ ਜੋੜੀ ਬਿੱਟੂ ਖੰਨੇਵਾਲਾ-ਸੁਰਮਨੀ ਤੇ ਆਤਮਾ ਸਿੰਘ ਬੁੱਢੇਵਾਲ-ਪ੍ਰੀਤ ਲਾਲੀ ਸ਼ਾਮਿਲ ਸਨ ਨੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸੁੱਖੀ, ਗੋਰਾ ਚੱਕਵਾਲਾ ਤੇ ਦੋਗਾਣਾ ਜੋੜੀਆਂ ਨੇ ਆਪਣੇ ਨਵੇਂ ਪੁਰਾਣੇ ਤੇ ਪ੍ਰਸਿੱਧ ਗੀਤਾਂ ਨਾਲ ਹਾਜ਼ਰੀ ਲਗਾਉਂਦਿਆਂ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਭਰਦੀ  ਗਾਇਕਾ ਦੀਪ ਕੌਰ ਨੇ ਨੱਚਾਂ ਮੈਂ ਲੁਧਿਆਣੇ, ਸੁੱਚਾ ਸੁਰਮਾ ਤੇ  ਬਲਬੀਰੋ ਭਾਬੀ ਗੀਤ ਗਾ ਕੇ ਚੰਗਾ ਰੰਗ ਬੰਨਿਆਂ। ਕਲੱਬ ਵਲੋਂ ਸਾਰੇ ਗਾਇਕਾਂ ਦਾ ਲੋਈ ਅਤੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਘੇ ਸੰਗੀਤਕਾਰ ਤੇਜਵੰਤ ਕਿੱਟੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮੇਲੇ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿਚ ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਸਾਬਕਾ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ, ਡਾ ਪਰਗਟ ਸਿੰਘ ਭੁਰਜੀ, ਕੁਲਦੀਪ ਸਿੰਘ ਥਾਂਦੀ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਕਸ਼ਮੀਰ ਸਿੰਘ ਧਾਲੀਵਾਲ ਜਨਰਲ ਸੈਕਟਰੀ ਤੇ ਹੋਰ ਉਘੀਆਂ ਸਖਸ਼ੀਅਤਾਂ ਨੇ ਹਾਜ਼ਰੀ ਭਰੀ ਜਿਹਨਾਂ ਦਾ ਕਲੱਬ ਵਲੋਂ ਸਨਮਾਨ ਕੀਤਾ ਗਿਆ। ਮੰਚ ਦੀ ਸੰਚਾਲਨ ਦੀ ਜਿੰਮੇਵਾਰੀ ਦਵਿੰਦਰ ਬੈਨੀਪਾਲ, ਮੋਮੀ ਢਿੱਲੋਂ ਤੇ ਪ੍ਰਧਾਨ ਹਰਜੋਤ ਸੰਧੂ ਨੇ ਸਾਂਝੇ ਰੂਪ ਵਿਚ ਨਿਭਾਈ।

ਮੇਲੇ ਦੀ ਸਫਲਤਾ ਲਈ ਕਲੱਬ ਦੇ ਪ੍ਰਧਾਨ ਹਰਜੋਤ ਸੰਧੂ, ਮੁੱਖ ਪ੍ਰਬੰਧਕ ਜਤਿੰਦਰ ਸਿੰਘ ਹੈਪੀ ਗਿੱਲ, ਮਨਜਿੰਦਰ ਪੰਨੂ, ਸੁਰਿੰਦਰਪਾਲ ਗਰੇਵਾਲ ਤੇ ਪ੍ਰਬੰਧਕੀ ਕਮੇਟੀ ਨੇ ਗਾਇਕਾਂ, ਮਹਿਮਾਨਾਂ ਤੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।