ਸਰੀ ( ਪਰਮਿੰਦਰ ਸਵੈਚ) -ਬੀਤੇ ਦਿਨੀਂ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਵਲੋਂ ਡਾ. ਕੁਲਦੀਪ ਸਿੰਘ ਦੀਪ ਦਾ ‘ਇੱਕੀਵੀਂ ਸਦੀ ਦਾ ਪੰਜਾਬੀ ਨਾਟਕ ਤੇ ਰੰਗਮੰਚ: ਚਣੌਤੀਆਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਲੈਕਚਰ ਕਰਵਾਇਆ ਗਿਆ। ਡਾ. ਕੁਲਦੀਪ ਸਿੰਘ ਦੀਪ ਅੱਜ ਕੱਲ੍ਹ ਪੰਜਾਬੀ ਲੈਕਚਰਾਰ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਉਹ ਸਾਹਿਤਕ ਫਰੰਟ ‘ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ’ ਦੇ ਜਨਰਲ ਸਕੱਤਰ ਅਤੇ ‘ਸ਼ਹੀਦ ਭਗਤ ਸਿੰਘ ਕਲਾ ਮੰਚ, ਪੰਜਾਬ’ ਦੇ ਕਨਵੀਨਰ ਵੀ ਹਨ। ਉਹਨਾਂ ਦਾ ਮੁੱਖ ਖੇਤਰ ਨਾਟਕ ਤੇ ਰੰਗਮੰਚ ਹੈ ਤੇ ਸਹਾਇਕ ਖੇਤਰ ਲੋਕਧਾਰਾ ਤੇ ਸਭਿਆਚਾਰ ਹੈ। ਉਹਨਾਂ ਦਾ ਕਾਰਜ ਖੇਤਰ ਕਵਿਤਾ, ਨਾਟਕ, ਖੋਜ, ਅਲੋਚਨਾ, ਸੰਪਾਦਨ ਤੇ ਅਨੁਵਾਦ ਆਦਿ ਖੇਤਰਾਂ ਵਿੱਚ ਫੈਲਿਆ ਹੈ।
ਅੱਜ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਪਰਮਿੰਦਰ ਸਵੈਚ ਨੇ ਜਿੱਥੇ ਸ਼ਾਮਲ ਦਰਸ਼ਕਾਂ ਨੂੰ ਜੀਅ ਆਇਆਂ ਕਿਹਾ, ਉੱਥੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਉਸਦੇ ਕਾਤਲਾਂ ਨੂੰ ਸਜ਼ਾ ਦੁਆਉਣ ਲਈ ਕੀਤਾ ਗਿਆ ਸੰਘਰਸ਼ ਸਾਡੇ ਸਮਿਆਂ ਵਿੱਚ ਚਾਨਣਮੁਨਾਰੇ ਵਾਂਗ ਹੈ। ਉਸ ਨੇ ਕਿਰਨਜੀਤ ਮਹਿਲਕਲਾਂ ਯਾਦਗਾਰੀ ਕਮੇਟੀ ਦਾ ਧੰਨਵਾਦ ਕੀਤਾ ਜੋ 27 ਸਾਲਾਂ ਤੋਂ ਪ੍ਰੋਗਰਾਮ ਕਰਦੀ ਆ ਰਹੀ ਹੈ ਤੇ ਕਿਰਨ ਜੀਤ ਦੀ ਲੜਾਈ ਨੂੰ ਲੋਕ ਘੋਲ ਬਣਾ ਕੇ ਜਿੱਤ ਵੀ ਹਾਸਲ ਕੀਤੀ ਅਤੇ ਹੁਣ ਵੀ ਸਮਾਜਿਕ ਸਰੋਕਾਰਾਂ ਦੇ ਨਾਲ ਖੜ੍ਹਦੀ ਆ ਰਹੀ ਹੈ।
‘ਸਰੋਕਾਰਾਂ ਦੀ ਆਵਾਜ਼’ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਦਾ ਇੱਕੋ ਇੱਕ ਮਹੀਨਾਵਾਰ ਅਖ਼ਬਾਰ ਹੈ ਜੋ ਦੁਨੀਆਂ ਭਰ ਦੇ ਲੋਕਾਂ ਦੀਆਂ ਸਮੱਸਿਆਵਾਂ, ਚਣੌਤੀਆਂ, ਦੁੱਖਾਂ ਸੁੱਖਾਂ ਅਤੇ ਸੰਘਰਸ਼ਾਂ ਦੀ ਗੱਲ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਥਾਂ ‘ਤੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸੀ। ‘ਪ੍ਰੋਗਰੈਸਿਵ ਕਲਚਰਲ ਸੈਂਟਰ’ ਜੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਬਾਅਦ ਕੈਨੇਡਾ ਵਿੱਚ ਇੱਕੋ ਇੱਕ ਅਗਾਂਹਵਧੂ ਲੋਕਾਂ ਦੀ ਥਾਂ ਹੈ ਜਿੱਥੇ ਅਸੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ। ਜਿਨ੍ਹਾਂ ਲੋਕਾਂ ਨੇ ਆਪਣੀ ਮੁਸ਼ੱਕਤ ਵਿੱਚੋਂ ਆਪਣੀ ਕਿਰਤ ਕਮਾਈ ਦਾ ਕੁੱਝ ਹਿੱਸਾ ਹਾਲ ਨੂੰ ਦੇ ਕੇ ਇਹ ਥਾਂ ਬਣਾਈ ਹੈ, ਉਨ੍ਹਾਂ ਦਾ ਧੰਨਵਾਦ ਕੀਤਾ।
ਉਸ ਤੋਂ ਬਾਅਦ ਡਾ. ਜਸ ਮਲਕੀਤ ਕੌਰ ਨੇ ਡਾ. ਕੁਲਦੀਪ ਸਿੰਘ ਦੀਪ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਡਾ. ਕੁਲਦੀਪ ਸਿੰਘ ਦੀਪ ਨੇ ਆਪਣੇ ਵਿਸ਼ੇ ਨਾਲ ਇਨਸਾਫ਼ ਕਰਦੇ ਹੋਏ ਬਹੁਤ ਹੀ ਗਹਿਰ ਗੰਭੀਰਤਾ ਨਾਲ ਵੀਹਵੀਂ ਸਦੀ ਦੇ ਨਾਟਕ ਤੇ ਰੰਗਮੰਚ ਦੇ ਇਤਿਹਾਸ ਤੋਂ ਲੈ ਕੇ ਨਾਟਕ ਦੇ ਵਿਸ਼ਿਆਂ ਨਾਟਕਕਾਰਾਂ, ਵਿਧੀਆਂ, ਮੰਚਨਾਂ, ਚਣੌਤੀਆਂ, ਸੰਭਾਵਨਾਵਾਂ ਤੇ ਵਿਸਥਾਰ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਕੈਨੇਡਾ ਵਿਚ ਪ੍ਰਵਾਸੀ ਪੰਜਾਬੀ ਰੰਗਮੰਚ ਆਪਣੇ ਨਕਸ਼ ਘੜ ਰਿਹਾ ਹੈ। ਹੁਣ ਇਥੇ ਭਾਰਤ ਵਿੱਚੋਂ ਗਈਆਂ ਨਾਟਮੰਡਲੀਆਂ ਦੀਆਂ ਪ੍ਰਸਤੁਤੀਆਂ ਦੇ ਨਾਲ ਨਾਲ ਕਿੰਨੀਆਂ ਹੀ ਸਥਾਨਕ ਨਾਟ ਮੰਡਲੀਆਂ ਪੈਦਾ ਹੋ ਚੁੱਕੀਆਂ ਹਨ, ਜੋ ਇੱਥੋਂ ਦੇ ਮਸਲਿਆਂ ‘ਤੇ ਇੱਥੋਂ ਦੀਆਂ ਟੀਮਾਂ ਨਾਲ ਇੱਥੇ ਰੰਗਮੰਚ ਕਰ ਰਹੇ ਹਨ। ਹੁਣ ਇਥੋਂ ਦੀ ਉਹ ਪੀੜ੍ਹੀ ਵਿਚ ਆਪਣੀ ਤਰ੍ਹਾਂ ਦਾ ਰੰਗਮੰਚ ਸਿੱਖ ਰਹੀ ਹੈ, ਜੋ ਇੱਥੇ ਜੰਮੀ ਪਲੀ ਹੈ ਅਤੇ ਉਹਨਾਂ ਨੇ ਸਕੂਲਾਂ ਵਿਚ ਰੰਗਮੰਚ ਨੂੰ ਇਕ ਵਿਸ਼ੇ ਦੇ ਤੌਰ ਤੇ ਵੀ ਪੜ੍ਹਿਆ ਹੈ। ਉਹਨਾਂ ਉਹ ਵੀ ਕਿਹਾ ਕਿ ਭਾਵੇਂ ਇੱਕੀਵੀਂ ਸਦੀ ਵਿੱਚ ਰੰਗਮੰਚ ਲਈ ਚੁਣੌਤੀਆਂ ਬਹੁਤ ਵੱਡੀਆਂ ਹਨ, ਪਰ ਨਾਟਕ ਦਾ ਲਾਈਵ ਹੋਣਾ ਅਤੇ ਲੋਕ ਸਰੋਕਾਰਾਂ ਨਾਲ ਪ੍ਰਤੀਬੱਧ ਹੋਣਾ ਹੀ ਇਸਦੀ ਵੱਡੀ ਤਾਕਤ ਹੈ।
ਤਕਰੀਬਨ ਇੱਕ ਘੰਟੇ ਦੇ ਲੈਕਚਰ ਨੂੰ ਲੋਕਾਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ।ਇਸ ਵਿਸ਼ੇ ਬਾਰੇ ਦਰਸ਼ਕਾਂ ਦੇ ਮਨਾਂ ਵਿੱਚ ਉੱਠੇ ਸਵਾਲ ਜਵਾਬ ਵੀ ਕਾਬਲੇ ਤਾਰੀਫ਼ ਸਨ ਕਿਉਂਕਿ ਜਿਵੇਂ ਨਾਟਕ ਵਿੱਚ ਸੰਵਾਦ ਦਾ ਹੋਣਾ ਜ਼ਰੂਰੀ ਹੈ ਤਾਂ ਗੱਲ ਅੱਗੇ ਵਧਦੀ ਹੈ। ਉਵੇਂ ਗੱਲਬਾਤ ਵਿੱਚ ਸੰਵਾਦ ਕਰਨ ਨਾਲ ਵੀ ਸਾਡੇ ਖਿਆਲਾਂ ਤੇ ਵਿਸ਼ਿਆਂ ਵਿੱਚ ਵੀ ਵਿਸਥਾਰ ਹੁੰਦਾ ਹੈ ਤੇ ਨਿਖ਼ਾਰ ਆਉਂਦਾ ਹੈ। ਇਸ ਪ੍ਰੋਗਰਾਮ ਦੀ ਇਹੀ ਵਿਲੱਖਣਤਾ ਸੀ ਕਿ ਕੈਨੇਡਾ ਰਹਿੰਦੇ ਲੇਖਕਾਂ ਡਾ. ਸਾਧੂ ਬਿਿਨੰਗ, ਸੁਖਵੰਤ ਹੁੰਦਲ, ਭੁਪਿੰਦਰ ਧਾਲੀਵਾਲ, ਬਖ਼ਸ਼ਿੰਦਰ, ਅੰਮ੍ਰਿਤ ਦਿਵਾਨਾ, ਸੁਖਵਿੰਦਰ ਵਿਰਕ, ਮੋਹਣ ਗਿੱਲ ਹੋਰਾਂ ਨੇ ਡਾ. ਕੁਲਦੀਪ ਦੀਪ ਨੂੰ ਸਵਾਲ ਕਰਕੇ ਆਪਣੇ ਮਨ ਦੇ ਸ਼ੰਕੇ ਦੂਰ ਕੀਤੇ। ਇਨ੍ਹਾਂ ਤੋਂ ਇਲਾਵਾ ਡਾ. ਜਸਕਰਨ, ਅਜਮੇਰ ਰੋਡੇ, ਸੁਰਜੀਤ ਕਲਸੀ, ਜਰਨੈਲ ਸੇਖਾ, ਹਰਦਮ ਮਾਨ, ਅਮਰੀਕ ਪਲਾਹੀ, ਡਾ. ਪ੍ਰਿਥੀਪਾਲ ਸੋਹੀ, ਹਰਿੰਦਰ ਸੋਹੀ, ਜਸਵੰਤ ਸਿੰਘ, ਪ੍ਰਮਿੰਦਰ ਸਿੰਘ ਹੁਸ਼ਿਆਰਪੁਰ, ਨਿਰਮਲ ਕਿੰਗਰਾ, ਅਵਤਾਰ ਗਿੱਲ, ਕੁਲਵੰਤ ਸਿੰਘ, ਜਸਬੀਰ ਮਾਨ, ਨਿਰਮਲ ਗਿੱਲ, ਸ਼ਹਿਨਾਜ਼ ਦੀਦੀ, ਨਵਜੋਤ ਢਿੱਲੋਂ, ਤ੍ਰਿਲੋਚਨ ਦੂਹੜਾ, ਜਗਜੀਤ ਪੰਜੋਲ਼ੀ, ਰਾਜਦੀਪ ਤੂਰ, ਬਿੰਦੂ ਮਠਾੜੂ, ਰਾਮਜੀਤ ਸਿੰਘ ਅਤੇ ਹੋਰਾਂ ਨੇ ਹਾਜ਼ਰੀ ਲਗਵਾ ਕੇ ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਵਾਧਾ ਕੀਤਾ। ‘ਸਰੋਕਾਰਾਂ ਦੀ ਆਵਾਜ਼’ ਦੇ ਮੈਂਬਰ ਸੰਤੋਖ ਸਿੰਘ ਢੇਸੀ ਤੇ ਮਲਕੀਤ ਸਵੈਚ ਨੇ ਪ੍ਰੋਗਰਾਮ ਨੂੰ ਰੱਖਣ ਤੇ ਨੇਪਰੇ ਚਾੜ੍ਹਨ ਦੀ ਭੂਮਿਕਾ ਆਦਾ ਕੀਤੀ। ਇਸ ਦੀ ਸਫਲਤਾ ਤੋਂ ਬਾਅਦ ਲੋਕਾਂ ਦਾ ਵਿਚਾਰ ਸੀ ਕਿ ਇਹੋ ਜਿਹੇ ਸਾਰਥਕ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਹਨ। ਜਿਸ ਨੂੰ ‘ਸਰੋਕਾਰਾਂ ਦੀ ਅਵਾਜ਼’ ਅਦਾਰੇ ਵਲੋਂ ਹਾਂ ਪੱਖੀ ਜਵਾਬ ਦੇ ਕੇ ਸਵੀਕਾਰਿਆ ਗਿਆ ਕਿ ਉਹ ਭਵਿੱਖ ਵਿੱਚ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ। ਅੰਤ ਵਿੱਚ ਪਰਮਿੰਦਰ ਸਵੈਚ ਨੇ ਸਾਰਿਆਂ ਦਾ ਧੰਨਵਾਦ ਕੀਤਾ।