Headlines

ਕੈਨੇਡਾ-ਇੰਡੀਆ ਫਾਊਂਡੇਸ਼ਨ ਵਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਰੀ ’ਚ ਸਨਮਾਨ

ਲਿਬਰਲ ਐਮ.ਪੀ ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਿਰਕਤ-
ਵੈਨਕੂਵਰ, 23 ਅਗਸਤ ( ਮਲਕੀਤ ਸਿੰਘ, ਦੇ ਪ੍ਰ ਬਿ ) – ਬੀਤੀ ਸ਼ਾਮ ਸਰੀ ਦੇ ਸਕਾਟ ਰੋਡ ’ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ’ਚ ਫਰੈਂਡਜ ਆਫ ਕੈਨੇਡਾ -ਇੰਡੀਆ ਫਾਊਡੇਸ਼ਨ ਵਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਦੌਰੇ ’ਤੇ ਆਏ  ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਪ੍ਰਮੁੱਖ ਸਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਰੂਆਤੀ ਦੌਰ ’ਚ ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਪੀ  ਰਣਦੀਪ ਸਰਾਏ ਅਤੇ ਰੇਡੀਓ ਇੰਡੀਆ ਦੇ ਸੰਚਾਲਕ ਤੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਵਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਜੀ ਆਇਆ ਕਿਹਾ ਗਿਆ। ਇਸ ਮਗਰੋਂ ਐਡਵੋਕੇਟ ਲਵਲੀਨ ਸਿੰਘ ਗਿੱਲ, ਬਲਬੀਰ ਸਿੰਘ ਚੰਗਿਆੜਾ ਵਲੋਂ ਉਹਨਾਂ ਦੀ ਆਮਦ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਕਿ ਆਪਣੇ ਵਿਚਾਰ ਪ੍ਰਗਟ ਕੀਤੇ ਗਏ, ਉਥੇ ਪੰਜਾਬ ਨਾਲ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਢੁਕਵੇਂ ਹੱਲ ਦੀ ਵੀ ਮੰਗ ਕੀਤੀ ਗਈ। ਉਕਤ ਬੁਲਾਰਿਆਂ ਵਲੋਂ ਐਨ.ਆਰ.ਆਈ ਲੋਕਾਂ ਨੂੰ ਪੰਜਾਬ ’ਚ ਪੇਸ਼ ਆਉਂਦੀਆਂ ਦਿੱਕਤਾਂ ਸਮੇਤ ਫਗਵਾੜਾ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਨੂੰ ਵੱਡ ਅਕਾਰੀ ਕਰਨ  ਦਾ ਵੀ ਮੁੱਦਾ ਉਠਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕੈਨੇਡਾ ਸਮੇਤ ਬਾਕੀ ਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਕੀਤੀ ਜਾਂਦੀ ਸਖਤ ਮਿਹਨਤ ਕਰਕੇ ਆਪਣੀ ਅਤੇ ਪੰਜਾਬ ਦੀ ਤਰੱਕੀ  ਚ ਪਾਏ ਅਹਿਮ ਯੋਗਦਾਨ ਦੀ ਪ੍ਰਸੰਸਾ ਕੀਤੀ । ਇਸ ਦੇ ਨਾਲ ਨਾਲ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ’ਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਬਣਾਉਣ ਲਈ ਨਿਭਾਏ ਵੱਡੇ ਰੋਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਕਈ ਸਕੀਮਾਂ ਅਮਲ ਵਿਚ ਲਿਆਂਦੀਆਂ ਗਈਆਂ ਹਨ, ਉਥੇ ਬੇਰੁਜਗਾਰੀ ਘਟਾਉਣ ਦੇ ਉਪਰਾਲੇ ਵਜੋਂ ਹੁਣ ਤੱਕ 43 ਹਜ਼ਾਰ ਨੌਕਰੀਆਂ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਦਿੱਤੀਆਂ ਗਈਆਂ ਹਨ। ਸ.ਖੁੱਡੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇਜ ਨੂੰ ਵੱਡਾ ਕਰਨ ਸਬੰਧੀ ਉਹ ਸਮੁੱਚਾ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮਾਧੋਪੁਰੀ, ਉਘੇ ਸਾਹਿਤਕਾਰ ਮੋਹਣ ਗਿੱਲ, ਹਰਦੀਪ ਸਿੰਘ ਪਾਹਵਾ, ਪੌਲ ਵੜੈਚ, ਪ੍ਰੋ ਗੁਰਦੇਵ ਸਿੰਘ ਜੰਮੂ, ਗੀਤਗਾਰ ਜਸਵੀਰ ਗੁਣਾਚੌਰੀਆ, ਬੂਟਾ ਸਿੰਘ ਢਿੱਲੋਂ, ਸਤਬੀਰ ਸਿੰਘ ਚੀਮਾ ਸੀਈਓ ਪਿਕਸ, ਹਰਮੀਤ ਸਿੰਘ ਖੁੱਡੀਆਂ,  ਸੁਮੀਤ ਸਿੰਘ ਖੁੱਡੀਆਂ, ਬਲਵੀਰ ਪੱਡਾ, ਮਨਜੀਤ ਸਿੰਘ, ਕੁਲਤਰਨ ਸਿੰਘ,  ਗੁਰਪ੍ਰੀਤ ਸਿੰਘ ਗੈਰੀ, ਮਨਜੀਤ ਸਿੰਘ, ਬਿੱਟੂ ਅਟਵਾਲ, ਨਿਰਭੈ ਸਿੰਘ ਕੈਂਥ ਨਿਊ ਵੇਅ ਰੇਲਿੰਗ, ਰਣਜੀਤ ਸਿੰਘ,  ਕੁਲਵੰਤ ਸਿੰਘ ਢੇਸੀ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਮਾਸਟਰ ਦਵਿੰਦਰ ਸਿੰਘ ਰਸੂਲਪੁਰ, ਹਰਦੀਪ ਸਿੰਘ ਪਾਹਵਾ, ਬਲਵਿੰਦਰ ਸਿੰਘ ਬਦੇਸ਼ਾ, ਸੁਰਿੰਦਰ ਸਿੰਘ ਢੇਸੀ, ਹਰਦੀਪ ਸਿੰਘ ਗਿੱਲ ਤੇ ਹੋਰ ਹਾਜਰ ਸਨ। ਸਮਾਗਮ ਦੇ ਅਖੀਰ ’ਚ ਫਰੈਂਡਜ ਆਫ ਕੈਨੇਡਾ-ਇੰਡੀਆ ਫਾਊਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਤੇ ਹੋਰ ਅਹੁਦੇਦਾਰਾਂ ਵਲੋਂ ਸ.ਖੁੱਡੀਆਂ ਨੂੰ ਸਿਰੋਪਾ ਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੀ ਜਿੰਮੇਵਾਰੀ ਸ ਬਲਬੀਰ ਸਿੰਘ ਚੰਗਿਆੜਾ ਵਲੋਂ ਬਾਖੂਬੀ ਨਿਭਾਈ ਗਈ। ਫਾਊਂਡੇਸ਼ਨ ਵਲੋਂ ਆਏ ਮਹਿਮਾਨਾਂ ਲਈ ਸ਼ਾਨਦਾਰ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ।

ਪਰਵਾਸੀ ਪੰਜਾਬੀ ਮੀਡੀਆ ਬਾਰੇ- ਇਸੇ ਦੌਰਾਨ ਪਰਵਾਸੀ ਪੰਜਾਬੀ ਮੀਡੀਆ ਵਲੋਂ ਦੇਸ ਪ੍ਰਦੇਸ ਟਾਈਮਜ਼ ਦੇ ਪ੍ਰਤੀਨਿਧ ਨੇ ਮੰਤਰੀ ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਭਾਵੇਂਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੋੜੀ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਆਪ ਸਰਕਾਰ ਵਲੋਂ ਪ੍ਰਵਾਸੀ ਪੰਜਾਬੀ ਮੀਡੀਆ ਪ੍ਰਤੀ ਉਦਾਸੀਨ ਰਵੱਈਆ ਵਿਚਾਰਨਯੋਗ ਹੈ। ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਐਨ ਆਰ ਆਈਜ ਨਾਲ ਸਬੰਧਿਤ ਮਾਮਲਿਆਂ ਬਾਰੇ ਪੰਜਾਬ ਦੇ ਮੀਡੀਆ ਵਾਂਗ ਪ੍ਰਵਾਸੀ ਪੰਜਾਬੀ ਮੀਡੀਆ ਲਈ ਵੀ ਬਾਕਾਇਦਾ ਮੀਡੀਆ ਨੀਤੀ ਬਣਾਈ ਗਈ ਸੀ ਤੇ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਪੰਜਾਬ ਸਰਕਾਰ ਦੇ ਇਸ਼ਤਿਹਾਰ ਵੀ ਜਾਰੀ ਕੀਤੇ ਜਾਂਦੇ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਵਲੋਂ ਹੁਣ ਪ੍ਰਵਾਸੀ ਮੀਡੀਆ ਨੂੰ ਇਸ਼ਤਿਹਾਰ ਪਾਲਸੀ ਚੋ ਬਿਲਕੁਲ ਨਾਦਾਰਦ ਕਰ ਦਿੱਤਾ ਗਿਆ ਹੈ। ਮੰਤਰੀ ਨੇ  ਵਿਸ਼ਵਾਸ ਦਿਵਾਇਆ ਕਿ ਉਹ ਇਸ ਮਸਲੇ ਸਬੰਧੀ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਨਾਲ ਗੱਲ ਕਰਨਗੇ ਤਾਂਕਿ ਪੰਜਾਬ ਸਰਕਾਰ ਦਾ ਪ੍ਰਵਾਸੀ ਪੰਜਾਬੀ ਮੀਡੀਆ ਨਾਲ ਸਿੱਧਾ ਰਾਬਤਾ ਬਣਿਆ ਰਹੇ।

ਕੈਪਸਨ- ਪੰਜਾਬ ਦੇ ਖੇਤੀਬਾੜੀ ਮੰਤਰੀ  ਸ ਗੁਰਮੀਤ ਸਿੰਘ ਖੁੱਡੀਆਂ ਦਾ ਸਨਮਾਨ ਕਰਦੇ ਹੋਏ ਫਰੈਂਡਜ ਆਫ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਤੇ ਹੋਰ ਅਹੁਦੇਦਾਰ। ਨਾਲ ਲਿਬਰਲ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਡਵੋਕੇਟ ਲਵਲੀਨ ਗਿੱਲ, ਕੁਲਵੰਤ ਸਿੰਘ ਢੇਸੀ ਤੇ ਹੋਰ ਦਿਖਾਈ ਦੇ ਰਹੇ ਹਨ।