Headlines

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਜੋਰਾਵਰ ਦਾ ਨਵਾਂ ਕਹਾਣੀ ਸੰਗ੍ਰਹਿ ‘ਰੱਬ ਖੈ਼ਰ ਕਰੇ’ ਲੋਕ ਅਰਪਣ

ਕੈਲਗਰੀ ( ਦਲਵੀਰ ਜੱਲੋਵਾਲੀਆ)- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਮਹੀਨਾਵਰ ਇਕੱਤਰਤਾ 17 ਅਗਸਤ 2024 ਦਿਨ ਸ਼ਨਿੱਚਰਵਾਰ ਨੂੰ ਦੁਪਹਿਰ ਦੇ ਦੋ ਵਜੇ ਕੋਸੋ ਹਾਲ ਵਿਚ ਹੋਈ। ਸਟੇਜ ਸੰਚਾਲਕ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਬਲਵੀਰ ਗੋਰਾ, ਕਹਾਣੀਕਾਰ ਜੋਰਾਵਰ ਅਤੇ ਰਾਜਿੰਦਰ ਕੌਰ ਚੋਹਕਾ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਬਲਜਿੰਦਰ ਸੰਘਾ ਨੇ ਸਭਾ ਵੱਲੋਂ ਸਭ ਨੂੰ 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋਣ ਦੀ ਵਧਾਈ ਦਿੱਤੀ ਗਈ ਅਤੇ ਨਾਲ ਹੀ ਇਹ ਕਿਹਾ ਕਿ ਕਿਰਤੀ ਲੋਕਾਂ ਦੇ ਭਾਰਤ ਵਿਚ ਹਲਾਤ 77 ਸਾਲ ਲੰਘ ਜਾਣ ਦੇ ਬਾਵਜੂਦ ਵੀ ਉਹੀ ਹਨ। ਸਰਕਾਰਾਂ  ਧਰਮਾਂ ਦੇ ਨਾਮ ਤੇ ਜਨਤਾ ਨੂੰ ਵੰਡਣ ਦੇ ਹੱਥ ਕੰਡੇ ਅਪਣਾਉਦੀਆਂ ਰਹਿੰਦੀਆਂ ਹਨ। ਸਿਰਫ਼ ਝੰਡੇ ਚੜ੍ਹਾਉਣੇ, ਨੱਚ-ਟੱਪ ਲੈਣਾ ਹੀ ਅਜ਼ਾਦੀ ਦੀ ਖੁਸ਼ੀ ਮਨਾਉਣਾ ਨਹੀਂ ਹੈ। ਲੋੜ ਹੈ ਕਿ ਇਸ ਦਿਨ ਉਹਨਾਂ ਕਾਰਨਾਂ ਉਪਰ ਗੰਭੀਰ ਵਿਚਾਰ ਕੀਤੀ ਜਾਵੇ ਕਿ ਅਸਲ ਅਜਾਦੀ ਆਖ਼ਿਰ ਕਿੱਥੇ ਰੁਲ ਗਈ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪਰਮਿੰਦਰ ਰਮਨ ‘ਢੁੱਡੀਕੇ’ ਨੇ ਆਪਣੀਆਂ ਦੋ ਨਿੱਕੀਆਂ ਅਤੇ ਭਾਵਪੂਰਤ ਕਵਿਤਾਵਾਂ ਨਾਲ ਕੀਤੀ। ਜਗਦੀਸ਼ ਸਿੰਘ ਚੋਹਕਾ ਜੀ ਨੇ ਕਮਿਊਨਿਜ਼ਮ ਵਿਚ ਮਨੁੱਖ ਦਾ ਭਲਾ ਬਾਰੇ ਵਿਚਾਰ ਦਿੰਦਿਆਂ ਹੁਣ ਤੱਕ ਸੰਸਾਰ ਦੀਆਂ ਜੰਗਾਂ ਵਿਚ ਮਾਰੇ ਗਏ, ਉਜਾੜੇ ਗਏ ਲੋਕਾਂ ਬਾਰੇ ਗੱਲ ਕਰਦਿਆਂ ਨਵੀਂ ਪੀੜੀ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ। ਵਿਸ਼ੇਸ ਤੌਰ ਤੇ ਪਹੁੰਚੇ ਬੱਚੇ ਸਹਿਜ ਸਿੰਘ ਗਿੱਲ ਨੇ ਆਪਣੀ ਸੁਰੀਲੀ ਅਵਾਜ਼ ਵਿਚ ਖਾਲਸੇ ਦੇ ਜੁਝਾਰੂਪਣ ਦੀ ਗੱਲ ਕਰਦਾ ਗੀਤ ਗਾਇਆ ਅਤੇ ਸਭਾ ਵੱਲੋਂ ਉਹਨਾਂ ਨੂੰ ਤੋਹਫ਼ਾ ਦੇ ਕੇ ਹੌਸਲਾ ਵਧਾਇਆ ਗਿਆ।
ਇਸ ਤੋਂ ਬਾਆਦ ਜੋਰਾਵਰ ਦੇ ਤੀਸਰੇ ਨਵੇਂ ਕਹਾਣੀ ਸੰਗ੍ਰਹਿ ‘ਰੱਬ ਖ਼ੈਰ ਕਰੇ’ ਤੇ ਹਰੀਪਲ ਜੀ ਨੇ ਆਪਣਾ ਪੜਚੋਲ ਕਰਦਾ ਪੇਪਰ ਪੜਿਆ, ਉਹਨਾਂ ਕਿਹਾ ਕਿ ਜੋਰਾਵਰ ਅਜਿਹਾ ਕਹਾਣੀਕਾਰ ਹੈ ਜੋ ਆਪਣੀ ਲੇਖਣੀ ਦੇ ਨਾਲ ਖੜਾ ਹੈ, ਉਹਨਾਂ ਆਪਣੀਆਂ ਕਹਾਣੀਆਂ ਵਿਚ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਿਰਤ ਦੀ ਲੁੱਟ ਦੇ ਪਰਦੇ ਫਰੋਲੇ ਹਨ ਨਾਲ ਹੀ ਸਾਹਿਤ ਨੂੰ ਸਮਾਜ ਲਈ ਵਰਤਦਿਆਂ ਹਮੇਸ਼ਾ ਬਦਲਾਅ ਕਰਨ ਦੇ ਪੱਖ ਤੋਂ ਲਿਖਿਆ ਹੈ। ਗੁਰਬਚਨ ਸਿੰਘ ਬਰਾੜ ਨੇ ਵੀ ਜੋਰਾਵਰ ਦੇ ਕਹਾਣੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ  ਉਹਨਾਂ ਦੀਆਂ ਕਹਾਣੀਆਂ ਦੀ ਰਵਾਨਗੀ ਅਤੇ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ ਸੁਰਜੀਤ ਸਿੰਘ ਬਰਾੜ ਦੀਆਂ ਕਿਤਾਬਾਂ ਸਭਾ ਨੂੰ ਭੇਂਟ ਕੀਤੀਆਂ। ਇਸ ਤੋਂ ਇਲਾਵਾ ਦਵਿੰਦਰ ਸਿੰਘ ਮਲਹਾਂਸ ਅਤੇ ਬਲਜਿੰਦਰ ਸੰਘਾ ਨੇ ਵੀ ‘ਰੱਬ ਖ਼ੈਰ ਕਰੇ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਤਾੜੀਆਂ ਦੀ ਅਵਾਜ਼ ਵਿਚ ਕਿਤਾਬ ਲੋਕ ਅਰਪਣ ਕੀਤੀ ਗਈ ਅਤੇ ਜੋਰਾਵਰ ਨੇ ਆਪਣੀ ਲਿਖਣ ਕਲਾ ਬਾਰੇ ਸੰਖੇਪ ਵਿਚਾਰ ਰੱਖਦਿਆਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।
ਚਾਹ ਦੀ ਬਰੇਕ ਤੋਂ ਬਆਦ ਤਰਲੋਚਨ ਸਿੰਘ ਸੈਹਿੰਭੀ ਨੇ ਅਜਾਦੀ ਬਾਰੇ ਆਪਣੇ ਨਜ਼ਰੀਏ ਤੋਂ ਲਿਖਿਆ ਗੀਤ ਪੇਸ ਕੀਤਾ। ਪਹਿਲੀ ਵਾਰ ਸਭਾ ਵਿਚ ਆਏ ਲੇਖਕ ਦਰਸ਼ਨ ਸਿੰਘ ਬਰਾੜ ਅਤੇ ਸਰਦੂਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਤੋਂ ਇਲਾਵਾ ਸਰਬਜੀਤ ਜਵੰਦਾ,ਪਰਮਜੀਤ ਸਿੰਘ ਭੰਗੂ (ਸ਼ਿਵਾਲਿਕ ਟੀ.ਵੀ.), ਸੁਭੇੰਦੂ ਸ਼ਰਮਾ, ਸਤਵਿੰਦਰ ਸਿੰਘ, ਜਸਵੀਰ ਸਿੰਘ ਸਿਹੋਤਾ, ਇੰਜੀਨਅਰ ਜੀਰ ਸਿੰਘ ਬਰਾੜ, ਹਰਪ੍ਰੀਤ ਸਿੰਘ, ਨਵਕਿਰਨ ਡਾਲਵੀ, ਰਾਜਿੰਦਰ ਕੌਰ ਚੋਹਕਾ,ਜਗਤਾਰ ਜਗਰਾਓ, ਡਾ ਪਰਮਜੀਤ ਕੌਰ ਆਦਿ ਨੇ ਵਿਚਾਰ ਹਾਜ਼ਰੀ ਲਵਾਈ। ਚਾਹ ਦੀ ਸੇਵਾ ਗੁਰਮੀਤ ਕੌਰ ਕੁਲਾਰ ਵੱਲੋਂ ਕੀਤੀ ਗਈ। ਇਸ ਸਮੇ ਕੁਲਵੰਤ ਕੌਰ, ਮੰਗਲ ਚੱਠਾ, ਫਤਿਹਬੀਰ ਸਿੰਘ ਮਾਨ, ਹਰਜੰਤ ਕੌਰ ਸੰਘਾ,ਪਵਨਦੀਪ ਕੌਰ, ਮਹਿਕ ਬਾਂਸਲ, ਪ੍ਰਭ ਬਾਂਸਲ, ਖੁਸ਼ੀ ਬਾਂਸਲ, ਸ਼ੇਰਵੀਰ ਕਲਸੀ, ਨਿੱਕੀ ਕਲਸੀ, ਪਰਗਟ ਸਿੰਘ, ਰਾਜਵਿੰਦਰ ਸਿੰਘ ਸਮਰਾ, ਗੁਰਜਸਪਾਲ ਧਨੌਆ, ਤਰਵਿੰਦਰ ਸਿੰਘ ਚਾਨੀ, ਰਮਨਦੀਪ ਸਹੋਤਾ ਆਦਿ ਹਾਜ਼ਰ ਸਨ।

ਅਖੀਰ ਤੇ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਗੋਰਾ ਵੱਲੋਂ ਸਭ ਹਾਜਰੀਨ ਦਾ ਧੰਨਵਾਦ ਕੀਤਾ ਗਿਆ। ਸਭਾ ਦੀ ਸਤੰਬਰ ਮਹੀਨੇ ਦੀ ਇਕੱਤਰਤਾ 21 ਤਰੀਕ ਨੂੰ ਹੋਵੇਗੀ।