ਕੈਲਗਰੀ (ਦਲਵੀਰ ਜੱਲੋਵਾਲੀਆ)-ਅੰਬੀ ਐਂਡ ਬਿੰਦਾ ਫਰੈਂਡਜ ਸਪੋਰਟਸ ਕਬੱਡੀ ਕਲੱਬ ਕੈਲਗਰੀ ਵਲੋਂ ਪਹਿਲੀ ਸਤੰਬਰ 2024 ਦਿਨ ਐਤਵਾਰ ਨੂੰ 502 ਮਾਰਟਿਨਡੇਲ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਅਸੀਂ 2010 ਤੋਂ ਕਰਵਾਉਂਦੇ ਆ ਰਹੇ ਹਾਂ ਜੋ ਕਿ ਬਿਲਕੁਲ ਫ੍ਰੀ ਹੁੰਦਾ ਹੈ ਇਸਦੀ ਕੋਈ ਟਿਕਟ ਨਹੀਂ ਰੱਖੀ ਗਈ। ਇਸ ਸਬੰਧੀ ਰਾਇਲ ਡੀਜਾਇਨ ਸੈਂਟਰ ਵਿਖੇ ਇਕ ਮੀਟਿੰਗ ਦੌਰਾਨ ਕਬੱਡੀ ਕੱਪ ਦਾ ਬਾਕਾਇਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਕਬੱਡੀ ਕੱਪ ਦੀ ਪ੍ਰਬੰਧਕੀ ਟੀਮ ‘ਚੋ ਨਿਸ਼ਾਨ ਭੰਮੀਪੁਰਾ, ਸਨੀ ਪੂਨੀਆ, ਜੱਸ ਮਾਂਗਟ, ਪੰਮਾ ਬਨਵੈਤ, ਅਮਨਪ੍ਰੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ ਔਜਲਾ, ਜੰਗ ਬਹਾਦਰ ਸਿੱਧੂ, ਗੁਰਜੀਤ ਸਿੰਘ ਚੇਅਰਮੈਨ, ਅਮਨਜੋਤ ਸਿੰਘ ਪੰਨੂ, ਕੁਲਦੀਪ ਸਿੰਘ ਸੰਧੂ, ਜਗਦੀਪ ਬੀਲਹਾ, ਆਜ਼ਾਦ ਮਾਂਗਟ, ਜੱਸਾ ਕਾਲੇਕੇ, ਗਗਨ ਜੰਜੂਆ, ਗੁਰਵਿੰਦਰ ਮਹੇਸ਼ਰੀ, ਕੋਕੋ ਭੁੱਲਰ, ਰਮਨ ਭੰਗੂ ਰੀਐਲਟਰ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ 6 ਟੀਮਾਂ ਦੇ ਮੈਚ ਕਰਵਾਏ ਜਾਣਗੇ। ਮੈਚ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਹੋਣਗੇ। ਜਿਸ ਦੌਰਾਨ ਪ੍ਰਸਿੱਧ ਕਬੱਡੀ ਖਿਡਾਰੀ ਅਰਸ਼ ਚੋਹਲਾ ਸਾਹਿਬ , ਜੀਵਨ ਮਾਣੂਕੇ, ਸੁਲਤਾਨ ਸਮਸਪੁਰ ਤੇ ਸੱਤੂ ਖਡੂਰ ਸਾਹਿਬ ਤੇ ਹੋਰ ਖਿਡਾਰੀ ਕਬੱਡੀ ਦੇ ਜੌਹਰ ਵਿਖਾਉਣਗੇ। ਇਸ ਦੌਰਾਨ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਟੂਰਨਾਮੈਂਟ ਕਮੇਟੀ ਵਲੋਂ ਕਬੱਡੀ ਖਿਡਾਰੀ ਮੰਦਰ ਗ਼ਾਲਿਬ ਅਤੇ ਕੁਲਵੀਰਾ ਛਪਾਰ ਨੂੰ ਸੋਨੇ ਦੀਆਂ ਚੈਨੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾ ਨੇ ਦੱਸਿਆ ਕਿ ਬੈੱਸਟ ਰੇਡਰ ਅਤੇ ਬੈੱਸਟ ਸਟੌਪਰ ਰਹਿਣ ਵਾਲੇ ਖਿਡਾਰੀਆਂ ਨੂੰ ਵੀ ਸੋਨੇ ਦੀਆਂ ਚੈਨੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਟੂਰਨਾਮੈਂਟ ਦੀ ਜੇਤੂ ਟੀਮ ਨੂੰ 8000 ਡਾਲਰ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 6000 ਡਾਲਰ ਨਗਦ ਇਨਾਮ ਦਿੱਤੇ ਜਾਣਗੇ। ਗੁਰੂ ਨਾਨਕ ਫਰੀ ਕਿਚਨ ਵਾਈ ਵਾਈ ਸੀ ਵਲੋਂ ਪਾਣੀ ਦੀ ਛਬੀਲ ਅਤੇ ਆਈਸ ਕਰੀਮ ਦਾ ਖੁੱਲ੍ਹਾ ਲੰਗਰ ਲਗਾਇਆ ਜਾਵੇਗਾ। ਪ੍ਰਬੰਧਕੀ ਕਮੇਟੀ ਨੇ ਕਬੱਡੀ ਪ੍ਰੇਮੀਆਂ ਨੂੰ ਹੁਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਹੈ ਅਤੇ ਖ਼ਾਸ ਤੌਰ ਤੇ ਬੀਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਟੂਰਨਾਮੈਂਟ ਵਿਚ ਪੁੱਜ ਕੇ ਇਸ ਟੂਰਨਾਮੈਂਟ ਦਾ ਅਨੰਦ ਮਾਨਣ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਜਿੰਨੇ ਵੀ ਖੇਡ ਪ੍ਰੇਮੀ ਹਨ ਉਹ ਇਸ ਟੂਰਨਾਮੈਂਟ ਵਿਚ ਪੁੱਜਣ ਤਾਂ ਜੋ ਇਸ ਟੂਰਨਾਮੈਂਟ ਨੂੰ ਸਫਲ ਬਣਾਇਆ ਜਾ ਸਕੇ।