ਸਰੀ ਵਿਚ ਰਾਮੂਵਾਲੀਆ ਦੇ ਸਵਾਗਤ ਵਿਚ ਭਰਵਾਂ ਇਕੱਠ-
ਸਰੀ, 26 ਅਗਸਤ ( ਸੰਦੀਪ ਸਿੰਘ ਧੰਜੂ, ਹਰਦਮ ਮਾਨ, ਮਾਂਗਟ )- ਪੰਜਾਬ ਦੇ ਹਾਲਾਤਾਂ ਵਿੱਚ ਆਏ ਨਿਘਾਰ ਉਤੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਇਸ ਲਈ ਜਿੰਮੇਵਾਰ ਦੱਸਿਆ ਹੈ। ਆਪਣੀ ਕੈਨੇਡਾ ਫੇਰੀ ਦੌਰਾਨ ਸਰੀ ਵਿੱਚ ਉਨਾਂ ਦੇ ਸੁਆਗਤ ਲਈ ਰੱਖੇ ਇਕ ਸਮਾਗਮ ਦੌਰਾਨ ਉਨਾਂ ਕਿਹਾ ਕਿ ਸਿਆਸਤਦਾਨਾਂ ਦੀ ਬੇਕਿਰਕ ਖੁਦਗਰਜੀ ਕਰਕੇ ਪੰਜਾਬ ਅੱਜ ਸਮੱਸਿਆਵਾਂ ਦਾ ਸਮੁੰਦਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀਆਂ ਸਕੀਮਾਂ ਦੀ ਥਾਂ ਸਿਰਫ ਚੋਣਾਂ ਲੜਨ ਤੇ ਜਿੱਤਣ ਦੀਆਂ ਸਕੀਮਾਂ ਹੀ ਬਣਾਉਂਦੀਆਂ ਹਨ ਜਿਸ ਦੇ ਨਤੀਜੇ ਵਜੋਂ ਇਸ ਸਮੇਂ ਨਸ਼ਿਆਂ ਦੀ ਭਰਮਾਰ, ਬੇਰੁਜ਼ਗਾਰੀ, ਡੇਰਾਵਾਦ, ਟ੍ਰਵੈਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ, ਰਿਸ਼ਵਤਖੋਰੀ, ਕਿਸਾਨੀ ਦੇ ਮਸਲੇ, ਬੰਦ ਹੋ ਰਿਹਾ ਛੋਟਾ ਵਿਉਪਾਰ, ਪੰਜਾਬੀ ਬੋਲੀ ਉੱਤੇ ਹੋ ਰਹੇ ਹਮਲੇ, ਮਹਿੰਗੇ ਰੀਤੀ ਰਿਵਾਜ਼ਾਂ ਨੇ ਆਰਥਿਕ ਪੱਖੋਂ ਖੋਖਲੇ ਕੀਤੇ ਪੰਜਾਬੀ, ਆਈ.ਏ.ਐਸ ਤੇ ਆਈ.ਪੀ.ਐਸ ਸਮੇਤ ਹੋਰ ਉੱਚ ਅਹੁਦਿਆਂ ਵਿੱਚ ਘੱਟ ਰਹੀ ਪੰਜਾਬੀਆਂ ਦੀ ਗਿਣਤੀ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਸਲ ਮੁੱਦੇ ਛੱਡਕੇ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ।
ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸਲਾਹ ਦਿਤੀ ਕਿ ਜਦੋਂ ਵੀ ਪੰਜਾਬ ਤੋਂ ਕੋਈ ਲੀਡਰ ਵਿਦੇਸ਼ ਆਵੇ ਤਾਂ ਉਸ ਦਾ ਗੁਲਦਸਤਿਆਂ ਨਾਲ ਸਵਾਗਤ ਕਰਨ ਦੀ ਥਾਂ ਆਪਣੀਆਂ ਸਮੱਸਿਆਵਾਂ ਦਾ ਪੇਪਰ ਦੇਕੇ ਸਵਾਲ ਕਰਨ ਦੀ ਲੋੜ ਹੈ।
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਉੱਪ ਚੇਅਰਮੈਨ ਰਹੇ ਪ੍ਰੋ: ਬਾਵਾ ਸਿੰਘ ਨੇ ਕਿਹਾ ਜਿੰਨ੍ਹੀ ਦੇਰ ਸ੍ਰ.ਰਾਮੂਵਾਲੀਆ ਵਰਗਾ ਤਜਰਬੇਕਾਰ ਤੇ ਪੜ੍ਹਿਆ ਲਿਖਿਆ ਲੀਡਰ ਪੰਜਾਬ ਦੀ ਵਾਗਡੋਰ ਨਹੀਂ ਫੜ੍ਹਦਾ ਉਦੋਂ ਤੱਕ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ।ਇਸ ਮੌਕੇ ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਬੀਬੀ ਰੁਪਿੰਦਰ ਕੌਰ ਸਿੱਧੂ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਸੁਰਜੀਤ ਸਿੰਘ ਮਾਧੋਪੁਰੀ, ਸੁਖਵਿੰਦਰ ਸਿੰਘ ਚੋਹਲਾ ਆਦਿ ਬੁਲਾਰਿਆਂ ਨੇ ਵੀ ਸ. ਰਾਮੂਵਾਲੀਆ ਵੱਲੋਂ ਕੀਤੇ ਵਿਕਾਸ ਪੱਖੀ ਕੰਮਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਇਕ ਸੁਹਿਰਦ ਤੇ ਸੂਝਵਾਨ ਆਗੂ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਭਾਗ ਸਿੰਘ ਦੁੱਨੇਕੇ, ਤੇਜਾ ਸਿੰਘ ਸਰਪੰਚ, ਕੌਰ ਸਿੰਘ, ਹਰਮਨ ਰਣਵਿਜੇ, ਕਰਨੈਲ ਸਿੰਘ ਸ਼ੇਰਪੁਰੀ, ਗੀਤਕਾਰ ਜਸਵੀਰ ਗੁਣਾਚੌਰੀਆ, ਹਰਜੀਤ ਗੁੱਡੂ, ਇੰਦਰਜੀਤ ਧਾਲੀਵਾਲ, ਦਲਜੀਤ ਰਾਏ, ਸੁਖਚੈਨ ਬਰਗਾੜੀ, ਹਰਵਿੰਦਰ ਵਿਰਕ, ਹਰਦੀਪ ਗਿੱਲ ਅਤੇ ਲਾਡੀ ਢਿਲਵਾਂ ਵੀ ਹਾਜ਼ਰ ਸਨ ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਪਿਛਲੇ ਚਾਰ ਦਹਾਕਿਆਂ ਤੋਂ ਵਿਦੇਸ਼ੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹੇ ਜਿਸ ਦੇ ਨਤੀਜੇ ਵਜੋਂ ਅਨੇਕਾਂ ਕਿਸਮ ਦੇ ਮਸਲੇ ਹੱਲ ਹੋਏ ਤੇ ਅੱਜ ਵੀ ਪੰਜਾਬੀ ਰਾਮੂਵਾਲੀਆ ਨੂੰ ਆਪਣੇ ਮਸਲਿਆਂ ਦਾ ਪਹਿਰੇਦਾਰ ਮੰਨ ਰਹੇ ਹਨ। ਸਰੀ ਵਿੱਚ ਵੱਖ ਵੱਖ ਸਮਾਗਮਾਂ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਬੇਸ਼ੱਕ ਵੱਖ ਵੱਖ ਪਾਰਟੀਆਂ ਦੇ ਪੰਜਾਬੀ ਸਿਆਸਤਦਾਨ ਇਸ ਵਰ੍ਹੇ ਕੈਨੇਡਾ ਆਏ ਪਰ ਲੋਕਾਂ ਦੇ ਵਿਰੋਧ ਦੇ ਡਰੋਂ ਉਹ ਪਬਲਿਕ ਮੀਟਿੰਗਾਂ ਕਰਨ ਤੋਂ ਦੂਰ ਹੀ ਰਹੇ।