ਐਮ ਪੀ ਟਿੱਮ ਉਪਲ, ਜਸਰਾਜ ਹੱਲਣ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ-
ਵੈਨਕੂਵਰ 26 ਅਗਸਤ ( ਮਲਕੀਤ ਸਿੰਘ )-‘ ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ ਇੰਪਲਾਈਜ ‘ ਵੱਲੋਂ ਸਥਾਨਕ ਕਾਰੋਬਾਰੀਆਂ ਦੇ ਸਾਂਝੇ ਉੱਦਮ ਸਦਕਾ ਸਰੀ ਦੇ ਪਾਇਲ ਬਿਜਨਸ ਸੈਂਟਰ ‘ਚ ਸਥਿਤ ਬੋਲੀਵੁੱਡ ਬੈਕੁੰਇਟ ਹਾਲ ‘ਚ ਕਾਰੋਬਾਰਾਂ ਨੂੰ ਦਰਪੇਸ਼ ਮੁਸਕਿਲਾਂ ਅਤੇ ਇਹਨਾਂ ਦਾ ਢੁਕਵਾਂ ਹੱਲ ਲੱਭਣ ਲਈ ਇੱਕ ਵਿਸ਼ਾਲ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਵੱਖ-ਵੱਖ ਕਾਰੋਬਾਰੀਆਂ ਨੇ ਹਿੱਸਾ ਲਿਆ । ਇਸ ਮੌਕੇ ਇੱਥੇ ਪੁੱਜੇ ਕਾਰੋਬਾਰੀਆਂ ਨੇ ਜਿਥੇ ਪ੍ਰਮੁੱਖ ਬੁਲਾਰਿਆਂ ਦੇ ਵਿਚਾਰ ਸੁਣੇ, ਉਥੇ ਇਹਨਾਂ ਮੁਸ਼ਕਲਾਂ ਸਬੰਧੀ ਆਪਸ ਵਿੱਚ ਵੀ ਖੁੱਲ ਕੇ ਚਰਚਾ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਐਡਮਿੰਟਨ ਤੋਂ ਪੁੱਜੇ ਐਮ ਪੀ ਟਿੱਮ ਉਪਲ ਨੇ ਹਾਜ਼ਰ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਕਈ ਤਰਾਂ ਦੀਆ ਮੁਸ਼ਕਲਾਂ ਲਈ ਸਰਕਾਰੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ l ਉਹਨਾਂ ਤੋਂ ਇਲਾਵਾ ਐਮ ਪੀ ਜਸਰਾਜ ਹੱਲਣ,ਅੰਮ੍ਰਿਤ ਭਾਰਤਵਾਜ, ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਿਡ, ਐਮ ਪੀ ਕੈਰੀ ਲਿਨ ਫਿੰਡਲੇ, ਨੌਜਵਾਨ ਆਗੂ ਬਲਦੀਪ ਸਿੰਘ,ਹਰਜਿੰਦਰ ਸਿੰਘ, ਸਿਵ ਪੰਜਾਬੀ, ਦੀਪਕਾ ਸ਼ਰਮਾ, ਜਸ਼ਨ ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੀ ਸੀ ਕੰਸਰਵੇਟਿਵ ਦੇ ਮਨਦੀਪ ਧਾਲੀਵਾਲ, ਜੈਸੀ ਸਹੋਤਾ, ਅੰਮ੍ਰਿਤ ਢੋਟ, ਤੇਗਜੋਤ ਬੱਲ, ਸਿਮਰ ਪੱਡਾ, ਦਲਜਿੰਦਰ ਸਿੰਘ ਆਦਿ ਵੀ ਹਾਜ਼ਰ । ਇਸ ਸਮਾਗਮ ਦੇ ਪ੍ਰਬੰਧਕ ਹੈਪੀ ਜੋਸ਼ੀ,ਰੌਨ ਧਾਲੀਵਾਲ ਅਤੇ ਸੈਂਡੀ ਖੇਲਾ ਵੱਲੋਂ ਆਏ ਹੋਏ ਸਾਰੇ ਹੀ ਬੁਲਾਰਿਆਂ ਤੇ ਬਾਕੀ ਪਤਵੰਤਿਆਂ ਦਾ ਇਥੇ ਪੁੱਜਣ ਲਈ ਧੰਨਵਾਦ ਕੀਤਾ ਗਿਆ। ਇੱਕਤਰਤਾ ਸਮਾਗਮ ਦੇ ਅਖੀਰ ‘ਚ ਸ਼ਾਮ ਨੂੰ ਆਏ ਹੋਏ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਵੱਲੋਂ ਨੇ ਰਾਤਰੀ ਭੋਜ ਦਾ ਵੀ ਆਨੰਦ ਮਾਣਿਆ। ਸਮਾਗਮ ਦੇ ਅਖੀਰ ਵਿਚ ਨੌਜਵਾਨ ਗਾਇਕ ਹਿਤੈਸ਼ ਵੱਲੋਂ ਗਾਏ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਖੂਬ ਰਹੀ।