ਵੈਨਕੂਵਰ ( ਦੇ ਪ੍ਰ ਬਿ)- – ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਥੇ ਆਯੋਜਿਤ ਇੱਕ ਸਮਾਰੋਹ ਦੌਰਾਨ ਸੂਬੇ ਅਤੇ ਮੁਲਕ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ‘ਕਿੰਗ ਚਾਰਲਜ਼ ਦ ਥਰਡ ਕੋਰੋਨੇਸ਼ਨ ਮੈਡਲ’ (King Charles III Coronation Medal) ਨਾਲ ਸਨਮਾਨਿਤ ਕੀਤਾ ਗਿਆ।
ਕੋਰੋਨੇਸ਼ਨ ਮੈਡਲ (ਤਾਜਪੋਸ਼ੀ ਮੈਡਲ) ਹਿਜ਼ ਮੈਜੈਸਟੀ ਕਿੰਗ ਚਾਰਲਜ਼ ਤੀਸਰਾ ਦੀ ਤਾਜਪੋਸ਼ੀ ਦੇ ਮੌਕੇ ‘ਤੇ ਸਿਰਜਿਆ ਗਿਆ ਸੀ, ਜੋ 6 ਮਈ, 2023 ਨੂੰ ਹੋਈ ਸੀ। ਤਾਜਪੋਸ਼ੀ ਨੂੰ ਦਰਸਾਉਣ ਵਾਲਾ ਇਹ ਪਹਿਲਾ ਕੈਨੇਡੀਅਨ ਯਾਦਗਾਰੀ ਮੈਡਲ ਹੈ।
ਇਸ ਮੈਡਲ ਦੇ ਪ੍ਰਾਪਤਕਰਤਾ, ਉਨ੍ਹਾਂ ਵਿਅਕਤੀਆਂ ਦੀ ਵਿਭਿੰਨ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਜਾਂ ਸੂਬੇ ਦੇ ਕਿਸੇ ਵਿਸ਼ੇਸ਼ ਖੇਤਰ ਜਾਂ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ ਜਾਂ ਵਿਦੇਸ਼ਾਂ ਵਿੱਚ ਕੋਈ ਅਜਿਹੀ, ਸ਼ਾਨਦਾਰ ਪ੍ਰਾਪਤੀ ਕੀਤੀ ਹੈ ਜੋ ਬੀ.ਸੀ. ਦੀ ਸ਼ੋਭਾ ਵਧਾਉਂਦੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ “ਮੈਂ ਕਿੰਗ ਚਾਰਲਜ਼ ਥਰਡ ਕੋਰੋਨੇਸ਼ਨ ਮੈਡਲ ਪ੍ਰਾਪਤ ਕਰਨ ਵਾਲਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ,ਇਹ ਵਿਸ਼ੇਸ਼ ਸਨਮਾਨ ਤੁਹਾਡੀ ਲਗਨ, ਅਟੁੱਟ ਵਚਨਬੱਧਤਾ ਅਤੇ ਤੁਹਾਡੇ ਭਾਈਚਾਰਿਆਂ ਅਤੇ ਸਾਡੇ ਸੂਬੇ ‘ਤੇ ਤੁਹਾਡੇ ਡੂੰਘੇ ਪ੍ਰਭਾਵ ਨੂੰ ਮਾਨਤਾ ਦਿੰਦਾ ਹੈ। ਇਹ ਤੁਹਾਡੇ ਦੁਆਰਾ ਕਮਾਏ ਗਏ ਸਤਿਕਾਰ ਅਤੇ ਪ੍ਰਸ਼ੰਸਾ ਦਾ ਪ੍ਰਮਾਣ ਹੈ। ਬੀ.ਸੀ. ਸਰਕਾਰ ਸੂਬੇ ਵਿਚ ਕੁਲ 551 ਮੈਡਲ ਪ੍ਰਦਾਨ ਕਰ ਰਹੀ ਹੈ।
ਇਸ ਸਮਾਗਮ ਦੌਰਾਨ ਉਘੇ ਰੇਡੀਓ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਵੀ ਸਨਮਾਨਿਤ ਕੀਤਾ ਗਿਆ। ਪੰਜਾਬੀ ਸ਼ਖਸੀਅਤਾਂ ਵਿਚ ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਪ੍ਰੋ ਮੋਹਣ ਸਿੰਘ ਫਾਊਂਡੇਸ਼ਨ ਦੇ ਸਾਹਿਬ ਸਿੰਘ ਥਿੰਦ, ਬਲਵਿੰਦਰ ਵਿਲੀਅਮ ਸੰਧੂ, ਹਰਿੰਦਰ ਮਾਹਲ, ਸਤਵਿੰਦਰ ਕੌਰ ਬੈਂਸ ਤੇ ਪਹਿਲਵਾਨ ਅਰਜਨ ਭੁੱਲਰ ਵੀ ਸ਼ਾਮਿਲ ਹਨ।