ਸਰੀ ( ਜੱਬਲ)-ਇੰਗਲੈਂਡ ਸਥਿਤ ਰਾਮਗੜ੍ਹੀਆ ਸਭਾ (ਸਿੱਖ ਟੈਂਪਲ) ਡਰਬੀ ਦੇ ਪ੍ਰਧਾਨ ਸ.ਤਰਲੋਚਨ ਸਿੰਘ ਸੋਂਧ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਪਹੁੰਚਣ ਤੇ 25 ਅਗੱਸਤ ਦਿਨ ਐਤਵਾਰ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਨਿੱਘਾ ਸੁਆਗਤ ਕੀਤਾ ਗਿਆ।ਰਾਮਗੜ੍ਹੀਆ ਕੌਂਸਲ ਯੂ.ਕੇ. ਅਤੇ ਰਾਮਗੜ੍ਹੀਆ ਸਭਾਵਾਂ ਨੇ ਮਿਲ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਦੀ ਦੇ ਸੰਬੰਧ ਵਿਚ ਮਹਾਰਾਜਾ ਦਾ ਵੱਡ ਆਕਾਰੀ ਬੁੱਤ ਡਰਬੀ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਲਗਾਉਣ ਦਾ ਫੈਸਲਾ 2021 ਵਿਚ ਕੀਤਾ ਗਿਆ ਸੀ।ਢਾਈ ਸਾਲ ਦੀ ਮਿਹਨਤ ਅਤੇ 145000 ਪੌਂਡ ਦੀ ਲਾਗਤ ਨਾਲ ਤਿਆਰ ਹੋਇਆ 3 ਮੀਟਰ ਉੱਚਾ ਘੋੜ ਅਸਵਾਰੀ ਸਮੇਤ 6 ਮਈ 2024 ਨੂੰ ਬੜੀ ਸਜ ਧਜ ਨਾਲ ਇਗਲੈਂਡ ਦੀ ਸਮੁੱਚੀ ਸੰਗਤ ਵਲੋਂ ਸਸ਼ੋਭਤ ਕੀਤਾ ਗਿਆ। ਇਸ ਨਾਲ ਹੀ ਗੁਰਦੁਆਰਾ ਸਾਹਿਬ ਡਰਬੀ ਦਾ ਗੇਟ ਵੀ ਨਵਾਂ ਉਸਾਰਿਆ ਗਿਆ।ਇਸ ਸਾਲ ਜੂਨ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 301ਵਾਂ ਜਨਮ ਦਿਨ ਸਰੀ ਵਿਚ ਮਨਾਇਆ ਗਿਆ ਸੀ ਜਿਸ ਵਿਚ ਤਰਲੋਚਨ ਸਿੰਘ ਇਗਲੈਂਡ ਤੋਂ ਆਏ ਡੈਲੀਗੇਟਾਂ ਨਾਲ ਇਥੇ ਨਹੀਂ ਪਹੁੰਚ ਸਕੇ ਪਰ ਹੁਣ ਕੈਨੇਡਾ ਪਹੁੰਚਣ ਤੇ ਪ੍ਰਬੰਧਕਾਂ ਵਲੋਂ ਸਿਰੋਪਾ ਭੇਟ ਕਰਕੇ ਰਾਮਗੜ੍ਹੀਆ ਸਭਾ ਡਰਬੀ ਵਲੋਂ ਰਾਮਗੜ੍ਹੀਆ ਵਿਰਾਸਤ ਵਿਚ ਪਾਏ ਯੋਗਦਾਨ ਲਈ ਮਾਨ ਸਨਮਾਨ ਕੀਤਾ ਗਿਆ।