Headlines

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਨਮਾਨ

ਕਾਮਾਗਾਟਾਮਾਰੂ ਮਿਊਜ਼ਮ ਦੇ ਦਰਸ਼ਨ ਵੀ ਕੀਤੇ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਅੱਜਕੱਲ ਕੈਨੇਡਾ ਦੌਰੇ ਤੇ ਹਨ,ਇਤਿਹਾਸਕ ਖਾਲਸਾ ਦੀਵਾਨ ਸੁਸਾਇਟੀ ਰੌਸ ਵਿਖੇ ਪੁੱਜੇ ਤੇ ਗੁਰੂ ਘਰ ਮੱਥਾ ਟੇਕਿਆ। ਇਸ ਮੌਕੇ ਉਹਨਾਂ ਦਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰ੍ਧਾਨ ਕੁਲਦੀਪ ਸਿੰਘ ਥਾਂਦੀ, ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਜਰਨੈਲ ਸਿੰਘ ਭੰਡਾਲ, ਪ੍ਰੀਤ ਸੰਧੂ ਨੇ ਹੋਰਾਂ ਨੇ ਸਵਾਗਤ ਕੀਤਾ। ਇਸ ਮੌਕੇ ਉਹਨਾਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਵਿਦੇਸ਼ਾਂ ਵਿਚ ਪਰਵਾਸੀ ਪੰਜਾਬੀਆਂ ਵਲੋਂ ਸਖਤ ਮਿਹਨਤ ਤੇ ਲਗਨ ਨਾਲ ਜ਼ਿੰਦਗੀ ਦੇ ਹਰ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਰਵਾਸੀ ਪੰਜਾਬੀਆਂ ਨੂੰ ਆਪਣੀ ਜੜਾਂ ਨਾਲ ਜੋੜੀ ਰੱਖਣ ਦੇ ਨਾਲ ਉਹਨਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ। ਇਸ ਲਈ ਐਨ ਆਰ ਆਈ ਥਾਣੇ ਅਤੇ ਵਿਸ਼ੇਸ਼ ਅਦਾਲਤ ਪਹਿਲਾਂ ਹੀ ਕਾਰਜਸ਼ੀਲ ਹਨ। ਹੁਣ ਐਨ ਆਰ ਆਈ ਕਮਿਸ਼ਨ ਵੀ ਪ੍ਰਭਾਵੀ ਢੰਗ ਨਾਲ ਕੰਮ ਕਰ ਰਿਹਾ ਹੈ। ਉਹ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕਾਮਾਗਾਟਾਮਾਰੂ ਮਿਊਜਮ ਵਿਖੇ ਵੀ ਗਏ ਤੇ ਕਾਮਾਗਾਟਾਮਾਰੂ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਘਾਲਣਾਵਾਂ ਤੇ ਜੰਗੇ ਆਜ਼ਾਦੀ ਵਿਚ ਆਪਣੇ ਪੁਰਖਿਆਂ ਦੇ ਯੋਗਦਾਨ ਉਪਰ ਮਾਣ ਹੈ। ਇਸ ਮੌਕੇ ਉਹਨਾਂ ਨਾਲ ਮੁੱਖ ਮੰਤਰੀ  ਭਗਵੰਤ ਮਾਨ ਦੇ ਮਸੇਰੇ ਭਰਾ ਗਿਆਨ ਸਿੰਘ ਮਾਨ ਤੋਂ ਇਲਾਵਾ ਉਘੇ ਰੇਡੀਓ ਹੋਸਟ ਜਸਵੀਰ ਸਿੰਘ ਰੋਮਾਣਾ, ਬਲਬੀਰ ਸਿੰਘ ਪੱਡਾ ਵੀ ਹਾਜ਼ਰ ਸਨ। ਗੁਰਦੁਆਰਾ ਕਮੇਟੀ ਵਲੋਂ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।