ਵਿਕਟੋਰੀਆ ( ਸੰਧੂ)– ਪੰਜਾਬੀ ਕਲਚਰਲ ਕਮਿਊਨਿਟੀ ਅਸੋਸੀਏਸ਼ਨ ਆਫ ਵਿਕਟੋਰੀਆ ਵੱਲੋ 25 ਅਗਸਤ ਦਿਨ ਐਤਵਾਰ ਨੂੰ ਵਿਕਟੋਰੀਆ ਦੇ ਬੈਕਵਿਥ ਪਾਰਕ ਵਿੱਚ ਪੰਜਾਬੀ ਮੇਲਾ ਮਨਾਇਆ ਗਿਆ। ਮੇਲੇ ਦੀ ਸੁਰੂਆਤ ਕਨੈਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਭਾਰਤ ਦੇ 78ਵੇ ਅਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ ਗਦਰੀ ਬਾਬਿਆਂ ਨੂੰ ਸਿਜਦਾ ਕੀਤਾ ਗਿਆ ਜਿਹਨਾਂ ਦੀ ਬਦੌਲਤ ਅਸੀ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਸਾਰੇ ਹੀ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਹ ਮੇਲੇ ਭਾਵੇ ਭਾਰੀ ਬਾਰਸ਼ ਕਾਰਨ ਇਕ ਹਫਤਾ ਮੁਲਤਵੀ ਕਰਨਾ ਪਿਆ ਸੀ ਪਰ ਫਿਰ ਵੀ ਪਰਿਵਾਰਿਕ ਮਹੌਲ ਵਿੱਚ ਇਹ ਮੇਲਾ ਬਹੁਤ ਹੀ ਕਾਮਯਾਬ ਰਿਹਾ।
ਮੇਲੇ ਵਿੱਚ ਸਾਡੀ ਬੇਨਤੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਡੀਨ ਡਾਕਟਰ ਰਣਵਿੰਦਰ ਸਿੰਘ ਸੰਧੂ ਅਤੇ ਉਹਨਾਂ ਦੀ ਪਤਨੀ ਡਾਕਟਰ ਜਸਮੀਤ ਕੌਰ ਸੰਧੂ ਉਚੇਚੇ ਤੌਰ ਤੇ ਆਏ। ਉਹਨਾਂ ਨੇ ਅਜਾਦੀ ਦਿਵਸ ਤੇ ਦੇਸ ਭਗਤਾਂ ਨੂੰ ਯਾਦ ਕਰਦੇ ਦੇਸ ਦੀ ਵੰਡ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਮੇਲੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਦੇਸ ਭਗਤਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਅਸੀ ਜੋ ਅਜਾਦੀ ਦਾ ਅਨੰਦ ਮਾਣ ਰਹੇ ਇਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਹੈ। ਇਹਨਾਂ ਨੇ ਹੀ ਸਾਨੂੰ ਅਣਖ ਦੀ ਜਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਇਸ ਦੇ ਨਾਲ ਹੀ ਮਾਣਯੋਗ ਸਭਿਆਚਾਰਕ ਅਤੇ ਖੇਡ ਮੰਤਰੀ ਲੈਨਾ ਪਾਪਹੈਮ, ਐਮ ਐਲ ਏ ਰਵੀ ਪਰਮਾਰ, ਵਿਕਟੋਰੀਆ ਪੁਲੀਸ ਚੀਫ ਡੈਲ ਮਾਣਕ, ਮਾਣਯੋਗ ਮੇਅਰ ਡੀਨ ਮਰਡਕ, ਕੌਸਲਰ ਮੀਨਾ ਵੈਸਟਹੈਵਰ, ਜੈਕ ਡੀ ਰਾਈਜ਼, ਕੌਲਨ ਪਲਾਂਟ ਅਤੇ ਸੂਜ਼ਨ ਬਰਾਈਸ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਮੇਲੇ ਵਿੱਚ ਬਹੁਤ ਸਾਰੇ ਕਾਰੋਬਾਰੀ ਭੈਣ- ਭਰਾ ਆਪਣੀਆ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਦੇ ਨਾਲ ਹੀ ਗਹਿਣਿਆਂ ਗੱਟਿਆਂ, ਪੰਜਾਬੀ ਜੁਤੀਆਂ, ਸੂਟਾਂ ਤੇ ਚੁੰਨੀਆਂ – ਫੁਲਕਾਰੀਆਂ ਦੇ ਸਟਾਲਾਂ ਵਾਲੇ ਵਿਕਰੀ ਤੋਂ ਬਹੁਤ ਖੁਸ਼ ਸਨ। ਖਰੀਦਦਾਰ ਆਪਣਾ ਪਸੰਦੀਦਾ ਸਮਾਨ ਖਰੀਦ ਕੇ ਪੂਰਾ ਆਨੰਦ ਮਾਣ ਰਹੇ ਸਨ ।ਰੈਸਟੋਰੈਂਟ ਮਾਲਕ ਵੀਰ- ਭੈਣ ਆਪਣਾ ਖਾਣਾ ਵੇਚ ਰਹੇ ਸਨ। ਪੰਜਾਬੀ ਕਲਚਰਲ ਕਮਿਊਨਿਟੀ ਅਸੋਸੀਏਸ਼ਨ ਵਿਕਟੋਰੀਆ ਵੱਲੋ ਖਾਣੇ ਦੀ ਸੇਵਾ ਮੇਲਾ ਖਤਮ ਹੋਣ ਤੱਕ ਮੁਫ਼ਤ ਕੀਤੀ ਗਈ। ਇਸ ਦੇ ਨਾਲ ਹੀ ਰੰਗਾਰੰਗ ਪ੍ਰੋਗਰਾਮ ਦਾ ਵੀ ਹਰ ਇਕ ਨੇ ਅਨੰਦ ਮਾਣਿਆ। ਅਖੀਰ ਵਿੱਚ ਸਾਰੀਆਂ ਭੈਣਾਂ ਨੇ ਰੱਲ ਕੇ ਬੋਲੀਆਂ ਪਾਈਆਂ ਅਤੇ ਗਿੱਧੇ ਦਾ ਖ਼ੂਬ ਰੰਗ ਬੰਨਿਆਂ। ਪੰਜਾਬੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਫਲ ਕਰਨ ਲਈ ਸਭ ਦਾ ਦਿਲੋਂ ਧੰਨਵਾਦ ਕੀਤਾ ਗਿਆ।