ਸਰੀ ( ਦੇ ਪ੍ਰ ਬਿ)- ਕੈਨੇਡਾ ਦੀ ਆਪਣੀ ਸਮਾਜਿਕ ਫੇਰੀ ਤੇ ਪੁੱਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਨੇਡੀਅਨ ਪੰਜਾਬੀ ਭਾਈਚਾਰੇ ਵਲੋਂ ਮਣਾਂ-ਮੂੰਹੀ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਆਪਣੇ ਛੋਟੇ ਭਰਾ ਹਰਮੀਤ ਸਿੰਘ ਖੁੱਡੀਆਂ ਦੇ ਬੇਟੇ ਮਨਮੀਤ ਖੁੱਡੀਆਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਉਪਰੰਤ ਇਥੇ ਵਸਦੇ ਪੰਜਾਬੀ ਭਾਈਚਾਰੇ ਵਲੋਂ ਉਹਨਾਂ ਦਾ ਪਾਰਟੀ ਪੱਧਰ ਤੋਂ ਉਪਰ ਉਠਦਿਆਂ ਮਾਣ-ਸਨਮਾਨ ਕੀਤਾ ਜਾ ਰਿਹਾ ਹੈ। ਵਿਆਹ ਸਮਾਗਮਾਂ ਤੋਂ ਵਿਹਲੇ ਹੁੰਦਿਆਂ ਉਹਨਾਂ ਦੇ ਮਾਣ ਵਿਚ ਫਰੈਂਡਜ ਆਫ ਕੈਨਡਾ- ਇੰਡੀਆ ਫਾਉਂਡੇਸ਼ਨ ਵਲੋਂ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ਉਹ ਪਿਕਸ ਦੇ ਵਿਸ਼ੇਸ਼ ਸੱਦੇ ਤੇ ਪਿਕਸ ਦੇ ਦਫਤਰ ਅਤੇ ਬਜੁਰਗਾਂ ਦੇ ਸਾਂਭ ਸੰਭਾਲ ਕੇਂਦਰ ਵਿਖੇ ਪੁੱਜੇ ਜਿਥੇ ਉਹਨਾਂ ਦੇ ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ ਤੇ ਡਾਇਰੈਕਟਰ ਇੰਦਰਜੀਤ ਹੁੰਦਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਉਪਰੰਤ ਉਹ ਉਘੀ ਰੀਅਲ ਇਸਟੇਟ ਕੰਪਨੀ ਰੌਇਲ ਲੀਪੇਜ ਦੇ ਸਰੀ ਸਥਿਤ ਦਫਤਰ ਵਿਖੇ ਗਏ ਤੇ ਪੰਜਾਬੀ ਮੂਲ ਦੇ ਨੌਜਵਾਨ ਰੀਐਲਟਰਾਂ ਵਲੋਂ ਕੀਤੇ ਜਾ ਰਹੇ ਬਿਜਨੈਸ ਨੂੰ ਜਾਣਿਆ। ਇਥੇ ਉਹਨਾਂ ਦਾ ਉਘੇ ਰੀਐਲਟਰ ਜੈਗ ਗਿੱਲ ਤੇ ਮਨਮੀਤ ਖੁੱਡੀਆਂ ਨੇ ਸਵਾਗਤ ਕੀਤਾ।
ਗੁਰਦੁਆਰਾ ਸਿੰਘ ਸਭਾ ਸਰੀ ਦੀ ਪ੍ਰਬੰਧਕੀ ਕਮੇਟੀ ਦੇ ਸੱਦੇ ਤੇ ਗੁਰਦੁਆਰਾ ਸਾਹਿਬ ਪੁੱਜੇ। ਗੁਰੂ ਘਰ ਮੱਥਾ ਟੇਕਣ ਉਪਰੰਤ ਪ੍ਰਬੰਧਕ ਕਮੇਟੀ ਨਾਲ ਪਰਵਾਸੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ। ਸਰੀ ਮੇਅਰ ਦੇ ਮੁੱਖ ਸਲਾਹਕਾਰ ਹੈਰੀ ਕੂਨਰ ਦੇ ਘਰ ਇਕ ਵਿਸ਼ੇਸ਼ ਦਾਅਵਤ ਦੌਰਾਨ ਉਹਨਾਂ ਪੰਜਾਬੀਆਂ ਵਲੋਂ ਦਿੱਤੇ ਜਾ ਰਹੇ ਮਾਣ ਸਤਿਕਾਰ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਸ ਖੁੱਡੀਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੂੰ ਵੀ ਮਿਲੇ ਤੇ ਆਪਸੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਹਨਾਂ ਨਾਲ ਐਮ ਪੀ ਸੁੱਖ ਧਾਲੀਵਾਲ ਵੀ ਹਾਜ਼ਰ ਸਨ।
ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ ਨਾਲ ਪਿਕਸ ਦਫਤਰ ਵਿਖੇ।
ਰਾਇਲ ਲੀਪੇਜ ਰੀਐਲਟੀ ਦੇ ਸਰੀ ਸਥਿਤ ਦਫਤਰ ਵਿਖੇ ਉਘੇ ਰੀਐਲਟਰਾਂ ਨਾਲ
ਗੁਰੁਦੁਆਰਾ ਸਿੰਘ ਸਭਾ ਸਰੀ ਦੀ ਪ੍ਰਬੰਧਕੀ ਕਮੇਟੀ ਨਾਲ।
ਸਰੀ ਮੇਅਰ ਦੇ ਸਲਾਹਕਾਰ ਹੈਰੀ ਕੂਨਰ ਦੇ ਗ੍ਰਹਿ ਵਿਖੇ ।
ਸ ਖੁੱਡੀਆਂ ਸਰੀ ਦੀ ਮੇਅਰ ਬਰੈਂਡਾ ਲੌਕ ਅਤੇ ਲਿਬਰਲ ਐਮ ਪੀ ਸੁੱਖ ਧਾਲੀਵਾਲ ਨਾਲ।