Headlines

ਰੌਚਕ ਤੇ ਯਾਦਗਾਰੀ ਰਿਹਾ ਡਾ ਅਮਰਜੀਤ ਕੌਂਕੇ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਟੋਰਾਂਟੋ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਆਨਲਾਈਨ ਮਹੀਨਾਵਾਰ ਅੰਤਰਰਾਸ਼ਟਰੀ  ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਦਾ ਆਯੋਜਨ 25 ਅਗੱਸਤ ਦਿਨ ਐਤਵਾਰ ਨੂੰ ਕੀਤਾ ਗਿਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਚੇਅਰਪਰਸਨ ਡਾ. ਸਰਬਜੀਤ ਸੋਹਲ ਜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਨਾਮਵਰ ਲੇਖਕ, ਕਵੀ,ਅਨੁਵਾਦਕ ਅਤੇ ਪ੍ਰਤੀਮਾਨ ਮੈਗਜ਼ੀਨ ਦੇ ਸੰਪਾਦਕ ਡਾ.  ਅਮਰਜੀਤ ਕੌਂਕੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਰਮਿੰਦਰ ਰੰਮੀ ਨੇ ਸੱਭ ਨੂੰ ਰਸਮੀ ਜੀ ਆਇਆਂ ਕਿਹਾ ਤੇ ਦੱਸਿਆ ਕਿ ਜਦੋਂ ਅਮਰਜੀਤ ਕੌਂਕੇ 2019 ਵਿੱਚ ਵਰਲਡ ਪੰਜਾਬੀ ਕਾਨਫ਼ਰੰਸ ਵਿੱਚ ਕੈਨੇਡਾ ਆਏ ਤਾਂ ਇੱਥੋਂ ਦੇ ਸੱਭ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪ੍ਰਤੀਮਾਨ ਮੈਗਜ਼ੀਨ ਵਿੱਚ ਪਬਲਿਸ਼ ਕੀਤਾ ਸੀ ਤੇ ਮੈਂ ਅਜੇ 30.35 ਰਚਨਾਵਾਂ ਹੀ ਲਿੱਖੀਆਂ ਸਨ ਜੱਦ ਉਹਨਾਂ ਮੈਨੂੰ ਦੱਸਿਆ ਕਿ ਅਸੀਂ ਤੁਹਾਡੀ ਰਚਨਾ ਨੂੰ ਵੀ ਆਪਣੀ ਮੈਗਜ਼ੀਨ ਪ੍ਰਤੀਮਾਨ ਵਿੱਚ ਛਾਪਿਆ ਹੈ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਨਵੇਂ ਕਵੀਆਂ ਨੂੰ ਵੀ ਇਹ ਉਤਸ਼ਾਹਿਤ ਕਰਦੇ ਹਨ । ਫਿਰ  ਰਿੰਟੂ ਭਾਟੀਆ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਡਾ . ਸਰਬਜੀਤ ਕੌਰ ਸੋਹਲ ਜੀ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ।  ਡਾ . ਸਰਬਜੀਤ ਕੌਰ ਸੋਹਲ  ਨੇ ਡਾ . ਅਮਰਜੀਤ ਕੌਂਕੇ ਦੀ ਕਾਵਿ ਰਚਨਾ ਅਤੇ ਉਹਨਾਂ ਦੀ ਸਾਹਿਤਕ ਦੇਣ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਸੰਚਾਲਨ ਪ੍ਰੋ ਕੁਲਜੀਤ ਕੌਰ ਨੇ ਬਾਖ਼ੂਬੀ ਕੀਤਾ। ਆਰੰਭ ਵਿਚ ਇੱਕ ਸੰਖੇਪ ਵੀਡੀਉ ਰਾਂਹੀ ਅਮਰਜੀਤ ਕੌਂਕੇ ਦੀ ਜਾਣ ਪਛਾਣ ਕਰਵਾਈ। ਉਪਰੰਤ ਡਾ.  ਕੌਂਕੇ ਨੇ ਆਪਣੇ ਬਚਪਨ ਦੀਆਂ ਮੁਸ਼ਕਲਾਂ ਅਤੇ ਉਸ ਦੌਰ ਵਿੱਚ ਸਾਹਿਤ ਪ੍ਰਤੀ ਆਪਣੀ ਲਗਨ ਬਾਰੇ ਗੱਲਬਾਤ ਕੀਤੀ। ਉਹਨਾਂ ਆਪਣੀਆਂ ਖੂਬਸੂਰਤ ਰਚਨਾਵਾਂ ਸਾਂਝੀਆਂ ਕੀਤੀਆਂ।ਜੀਵਨ ਦੇ ਸੰਵੇਦਨਾ ਭਰਪੂਰ ਪਲਾਂ ਨੂੰ ਸਿਰਜਦੇ ਵਿਸ਼ਿਆਂ ਦੀਆਂ ਇਹਨਾਂ ਰਚਨਾਵਾਂ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਡਾ . ਅਮਰਜੀਤ ਨੇ ਆਪਣੇ ਕਾਵਿਕ ਸਫ਼ਰ ਦਾ ਆਰੰਭ ਆਪਣੀ ਪੁਸਤਕ’ ਨਿਰਵਾਣ ਦੀ ਤਲਾਸ਼ ਵਿੱਚ’ ਤੋਂ ਕੀਤਾ ।ਫਿਰ ਦਾਇਰਿਆਂ ਦੀ ਕਬਰ,ਯਕੀਨ, ਸਿਮਰਤੀਆਂ ਦੀ ਲਾਲਟੈਨ,ਪਿਆਸ ਕਾਵਿ ਸੰਗ੍ਰਹਿ ਲਿਖੇ। ਹਿੰਦੀ ਵਿਚ ਤਿੰਨ ਕਾਵਿ ਸੰਗ੍ਰਹਿ ਲਿਖੇ ਅਤੇ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ ਕੀਤਾ। ਉਹਨਾਂ ਅਨੁਸਾਰ ਉਹਨਾਂ ਦਾ ਅਨੁਵਾਦ ਵੱਲ ਝੁਕਾਅ ਉਹਨਾਂ ਦੀਆਂ ਆਰਥਿਕ ਲੋੜਾਂ ਵਿੱਚੋਂ ਹੋਇਆ ਜੋ ਹੌਲੀ ਹੌਲੀ ਉਹਨਾਂ ਦੇ ਸਾਹਿਤਕ ਜੀਵਨ ਦਾ ਹਿੱਸਾ ਬਣ ਗਿਆ।2003 ਤੋਂ ਸਾਹਿਤਕ ਪਰਚੇ  ਪ੍ਰਤਿਮਾਨ ਦੇ ਉਹ ਸੰਪਾਦਕ ਹਨ ।ਇਸ ਪਰਚੇ ਲਈ ਉਹਨਾਂ ਦੀ ਹਮਸਫ਼ਰ ਨੇ ਵੀ ਉਹਨਾਂ ਨੂੰ ਉਤਸ਼ਾਹਿਤ ਕੀਤਾ ਸੀ। ਉਹਨਾਂ ਨੂੰ 2016 ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਨੁਵਾਦ ਪੁਰਸਕਾਰ ਵੀ ਮਿਲਿਆ। ਉਹਨਾਂ ਦੀਆਂ ਰਚਨਾਵਾਂ ਬਾਰੇ 12 ਦੇ ਕਰੀਬ ਖੋਜ ਕਾਰਜ ਹੋਏ ਹਨ। ਉਹਨਾਂ ਨੇ ਆਪਣੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਤਸੱਲੀ ਪ੍ਰਗਟਾਈ ਅਤੇ ਭਵਿੱਖ ਦੀਆਂ ਯੋਜਨਾਵਾਂ ਵਿੱਚ ਸਾਹਿਤਕ ਸਵੈਜੀਵਨੀ ਲਿਖਣ ਦੀ ਗੱਲ ਕੀਤੀ। ਉਹਨਾਂ ਨੇ ਅਧਿਆਪਨ ਦੇ ਨਾਲ਼ ਅਧਿਐਨ ਅਤੇ ਸਾਹਿਤ ਰਚਨਾ ਨੂੰ ਆਪਣੇ ਜੀਵਨ ਦਾ ਜਰੂਰੀ ਹਿੱਸਾ ਦੱਸਿਆ।
ਇਸ ਪ੍ਰੋਗਰਾਮ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਤੋਂ ਚੇਅਰਮੈਨ ਡਾ .  ਅਜੈਬ ਸਿੰਘ ਚੱਠਾ ਨੇ ਡਾ .ਕੌਂਕੇ ਦੀ ਕਾਵਿ ਰਚਨਾ ਨੂੰ ਲੋਕ ਜੀਵਨ ਦੇ ਨੇੜੇ ਦੱਸਿਆ ਉਹਨਾਂ ਕੌਂਕੇ ਦੇ ਮਿਲਣਸਾਰ ਸੁਭਾਅ ਦੀ ਪ੍ਰਸੰਸਾ ਕੀਤੀ। ਡਾ.  ਗੁਰਜੰਟ ਸਿੰਘ ਨੇ ਡਾ . ਅਮਰਜੀਤ ਕੌਂਕੇ ਨੂੰ ਉਹਨਾਂ ਦੀ ਕਾਵਿ ਰਚਨਾ ਬਾਰੇ ਕੁਝ ਵਿਚਾਰ ਪ੍ਰਗਟਾਏ ਜਿਸ ਦੇ ਜਵਾਬ ਵਿੱਚ ਡਾ . ਕੌਂਕੇ ਨੇ ਆਪਣੀ ਸ਼ਾਇਰੀ ਨੂੰ ਮਨੁੱਖੀ ਸਰੋਕਾਰਾਂ ਦੀ ਸ਼ਾਇਰੀ ਦੱਸਿਆ। ਉਹਨਾਂ ਕਿਹਾ ਕਿ ਉਹ ਕਿਸੇ ਵਾਦ ਵਿੱਚ ਬੱਝ ਕੇ ਨਹੀਂ ਲਿਖਦੇ। ਸ .  ਮਲੂਕ ਸਿੰਘ ਕਾਹਲੋਂ (ਕੈਨੇਡੀਅਨ ਪੰਜਾਬੀ ਸਾਹਿਤ ਸਭਾ) ਨੇ ਇਸ ਪ੍ਰੋਗਰਾਮ ਨੂੰ ਲਾਹੇਵੰਦ ਦੱਸਦਿਆਂ ਡਾ . ਕੌਂਕੇ ਦੀ ਕਾਵਿ ਰਚਨਾ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਡਾ . ਬਲਜੀਤ ਕੌਰ ਰਿਆੜ ਨੇ ਡਾ . ਅਮਰਜੀਤ ਕੌਂਕੇ ਦੀ ਸ਼ਾਇਰੀ ਦੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਕਰਦਿਆਂ ਆਪਣੇ ਕੁਝ ਨਿੱਜੀ ਅਨੁਭਵ ਸਾਂਝੇ ਕੀਤੇ ਕਿ ਡਾ . ਕੌਂਕੇ ਨੇ ਕਿਸਤਰ੍ਹਾਂ ਉਹਨਾਂ ਨੂੰ ਸਾਹਿਤਕ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ ਸੀ । ਪ੍ਰੋਗਰਾਮ ਦੇ ਅੰਤ ਵਿੱਚ ਰਮਿੰਦਰ ਰੰਮੀ ਜੀ ਦੁਆਰਾ ਸੰਪਾਦਿਤ ਕੀਤਾ ਗਿਆ ਈ ਮੈਗਜ਼ੀਨ ( ਸਾਹਿਤਕ ਸਾਂਝਾਂ ) ਵੀ ਰਿਲੀਜ਼ ਕੀਤਾ ਗਿਆ ਜਿਸ ਦੀ ਸਭ ਨੇ ਬਹੁਤ ਤਾਰੀਫ਼ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੁੱਖ ਸਲਾਹਕਾਰ ਸ੍ਰ. ਪਿਆਰਾ ਸਿੰਘ ਕੁੱਦੋਵਾਲ ਨੇ ਡਾ . ਅਮਰਜੀਤ ਕੌਂਕੇ ਅਤੇ ਹੋਰ ਸਭ ਦਰਸ਼ਕਾਂ ਦਾ ਧੰਨਵਾਦ ਕੀਤਾ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਇਹ ਪ੍ਰੋਗਰਾਮ ਬਹੁਤ ਪ੍ਰਭਾਵਸ਼ਾਲੀ ਅਤੇ ਰੌਚਕ ਰਿਹਾ। ਇਹ ਰਿਪੋਰਟ ਪ੍ਰੋ . ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।