ਨਵੀਂ ਦਿੱਲੀ, 2 ਸਤੰਬਰ
ਸਰਕਾਰ ਨੇ ਵੈੱਬ ਲੜੀ ‘ਆਈਸੀ-814 ਦਿ ਕੰਧਾਰ ਹਾਈਜੈਕ’ ਵਿੱਚ ਅਗਵਾਕਾਰਾਂ ਦੇ ਕਿਰਦਾਰ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਓਟੀਟੀ ਪਲੈਟਫਾਰਮ ਨੈੱਟਫਲਿਕਸ ਦੇ ਕੰਟੈਂਟ ਮੁਖੀ ਨੂੰ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਨੈੱਟਫਲਿਕਸ ਇੰਡੀਆ ਦੇ ਕੰਟੈਂਟ ਮੁਖੀ ਨੂੰ ਮੰਗਲਵਾਰ ਨੂੰ ਸੱਦਿਆ ਹੈ ਅਤੇ ਵੈੱਬ ਲੜੀ ਦੇ ਕਥਿਤ ਵਿਵਾਦਤ ਪਹਿਲੂਆਂ ’ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ। ਕਾਠਮੰਡੂ ਤੋਂ ਦਿੱਲੀ ਦੀ ਉਡਾਣ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਅਗਵਾਕਾਰਾਂ ਦੇ ਕਿਰਦਾਰ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਕਈ ਦਰਸ਼ਕਾਂ ਨੇ ਇਸ ’ਤੇ ਇਤਰਾਜ਼ ਦਾਇਰ ਕੀਤਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਆਈਸੀ-814 ਦੇ ਅਗਵਾਕਾਰ ਖ਼ਤਰਨਾਕ ਅਤਿਵਾਦੀ ਸਨ ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਬਦਲਣ ਲਈ ਹੋਰ ਨਾਮ ਰੱਖੇ ਸਨ।