Headlines

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਸਰੀ, 2 ਸਤੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜਿਆ ਆਪਣਾ ਸਾਲਾਨਾ ਪ੍ਰੋਗਰਾਮ ‘ਸ਼ਾਇਰਾਨਾ ਸ਼ਾਮ-2024’ 14 ਸਤੰਬਰ 2024 ਨੂੰ ਸਰੀ ਆਰਟ ਸੈਂਟਰ (13750 88 ਐਵੀਨਿਊ) ਸਰੀ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ ਇਸ ਸ਼ਾਇਰਾਨਾ ਸ਼ਾਮ ਵਿੱਚ ਅਮਰਿਕਾ ਤੋਂ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵਿੰਦਰ, ਭਾਰਤ ਤੋਂ ਰਾਜਦੀਪ ਤੂਰ ਅਤੇ ਕਨੇਡਾ ਦੇ ਸ਼ਾਇਰ ਜਸਵਿੰਦਰ, ਦਵਿੰਦਰ ਗੌਤਮ, ਰਾਜਵੰਤ ਰਾਜ,
ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਸੁਖਜੀਤ ਕੌਰ, ਮਨਜੀਤ ਕੰਗ, ਨਰਿੰਦਰ ਭਾਗੀ, ਬਲਦੇਵ ਸੀਹਰਾ ਅਤੇ ਨਈਮ ਲਖਨ ਆਪਣਾ ਕਲਾਮ ਪੇਸ਼ ਕਰਨਗੇ।

ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਨ ਅਤੇ ਹੋਰ ਤਿਆਰੀਆਂ ਕਰਨ ਲਈ
ਬੀਤੇ ਦਿਨ ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ
ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਸ ਪ੍ਰੋਗਰਾਮ ਦੀ ਜਾਣਕਾਰੀ ਵੱਧ ਤੋਂ ਵੱਧ ਪੰਜਾਬੀ
ਪ੍ਰੇਮੀਆਂ ਤੱਕ ਪਹੁੰਚਾਉਣ ਲਈ ਮੰਚ ਦੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਵਿਚ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਮੰਚ ਲਈ ਇਹ ਖੁਸ਼ੀ ਦੀ
ਗੱਲ ਹੈ ਕਿ ਪਿਛਲੇ ਛੇ ਸਾਲ ਤੋਂ ਇਹ ਪ੍ਰੋਗਰਾਮ ਜਿਸ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ
ਉਸ ਵਿੱਚ ਸਾਲ ਦਰ ਸਾਲ ਵਧੇਰੇ ਸਫਲਤਾ ਮਿਲ ਰਹੀ ਹੈ ਅਤੇ ਇਸ ਵਾਰ ਵੀ ਬਹੁਤ ਉਮੀਦ ਹੈ
ਕਿ ਪੰਜਾਬੀ ਸਾਹਿਤ, ਪੰਜਾਬੀ ਬੋਲੀ ਅਤੇ ਪੰਜਾਬੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਲੋਕ
ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਖੂਬਸੂਰਤ ਸ਼ਾਇਰੀ ਦਾ ਆਨੰਦ
ਮਾਣਨਗੇ।

ਰਾਜਵੰਤ ਰਾਜ ਅਤੇ ਸੁਖਜੀਤ ਕੌਰ ਨੇ ਇਸ ਪ੍ਰੋਗਰਾਮ ਵਿੱਚ ਨਵੀਂ ਪੀੜ੍ਹੀ ਦੇ ਨੌਜਵਾਨਾਂ
ਦੀ ਸ਼ਮੂਲੀਅਤ ਵਧਾਉਣ ‘ਤੇ ਜ਼ੋਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਇਸ ਵਾਰ ਬਹੁਤ ਸਾਰੇ
ਨੌਜਵਾਨ ਵੱਲੋਂ ਇਸ ਪ੍ਰੋਗਰਾਮ ਲਈ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ। ਮੰਚ ਦੇ
ਪ੍ਰਧਾਨ ਸ਼ਹਿਰ ਜਸਵਿੰਦਰ ਨੇ ਕਿਹਾ ਕਿ ਸਾਡੇ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਅਸੀਂ
ਪੰਜਾਬੀ ਸ਼ਾਇਰੀ ਲਈ ਇੱਕ ਵੱਖਰਾ ਸਰੋਤਾ-ਵਰਗ ਪਛਾਣਨ ਅਤੇ ਸਥਾਪਿਤ ਕਰਨ ਵਿੱਚ ਸਫਲ ਹੋਏ
ਹਾਂ।

Leave a Reply

Your email address will not be published. Required fields are marked *