ਗਾਇਕ ਨੇ ਕਿਹਾ ਮੈਂ ਸੁਰੱਖਿਅਤ ਹਾਂ-
ਵਿਕਟੋਰੀਆ -ਇੰਡੋ-ਕੈਨੇਡੀਅਨ ਕਲਾਕਾਰ ਏ ਪੀ ਢਿੱਲੋਂ ਦੇ ਘਰ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਉਸਦੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ। ਏ ਪੀ ਢਿੱਲੋਂ ਨੇ ਪ੍ਰਸ਼ੰਸਕਾਂ ਨੂੰ ਆਪਣੇ ਸੁਰੱਖਿਅਤ ਹੋਣ ਬਾਰੇ ਲਿਖਿਆ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਕਥਿਤ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਪ੍ਰਸਿੱਧ ਪੰਜਾਬੀ ਗਾਇਕ ਢਿੱਲੋਂ ਜਿਸਦਾ ਘਰ ਵਿਕਟੋਰੀਆ ਨੇੜੇ ਸਥਿਤ ਹੈ, ਨੇ ਕਥਿਤ ਗੋਲੀਬਾਰੀ ਤੋਂ ਬਾਅਦ ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਇੱਕ ਸੰਦੇਸ਼ ਸਾਂਝਾ ਕੀਤਾ। ਉਸਨੇ ਲਿਖਿਆ ਕਿ ‘‘ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ ਅਤੇ ਪਹੁੰਚਣ ਵਾਲੇ ਹਰ ਕਿਸੇ ਦਾ ਧੰਨਵਾਦ।’’ ਜਾਣਕਾਰੀ ਅਨੁਸਾਰ ਇਹ ਘਟਨਾ ਉਸ(ਏਪੀ ਢਿੱਲੋਂ) ਦੇ ਗੀਤ ‘ਓਲਡ ਮਨੀ’ ਦੇ ਸੰਗੀਤ ਵੀਡੀਓ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਦਿਖਾਈ ਦੇਣ ਤੋਂ ਹਫ਼ਤੇ ਬਾਅਦ ਵਾਪਰੀ ਹੈ।
ਅਪਰੈਲ ਮਹੀਲੇ ਵਿੱਚ ਖਾਨ ਦੇ ਮੁੰਬਈ ਅਪਾਰਟਮੈਂਟ ਦੇ ਬਾਹਰ ਵੀ ਗੋਲੀਬਾਰੀ ਕੀਤੀ ਗਈ ਸੀ ਅਤੇ ਸਲਮਾਨ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਮੰਨਦਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਇਸਦੇ ਲਈ ਜ਼ਿੰਮੇਵਾਰ ਸੀ। ਢਿੱਲੋਂ ਬ੍ਰਾਊਨ ਮੁੰਡੇ, ਐਕਸਕਿਊਜ਼ ਅਤੇ ਸਮਰ ਹਾਈ ਵਰਗੇ ਗੀਤਾਂ ਨਾਲ ਹਿਪ-ਹੌਪ ਵਿੱਚ ਇੱਕ ਉੱਭਰਦਾ ਸਟਾਰ ਹੈ।
31 ਸਾਲਾ ਗਾਇਕ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ ਜੋ ਕਿ 2015 ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਵਿੱਚ ਪੋਸਟ-ਗ੍ਰੈਜੂਏਸ਼ਨ ਕੋਰਸ ਕਰਨ ਲਈ ਗੁਰਦਾਸਪੁਰ ਤੋਂ ਕੈਨੇਡਾ ਆਇਆ ਸੀ।