ਪ੍ਰਿੰ. ਸਰਵਣ ਸਿੰਘ-
ਅਰਸ਼ਦ ਨਦੀਮ ਲਹਿੰਦੇ ਪੰਜਾਬ ਦਾ ਮਾਣ ਹੈ ਤੇ ਪਾਕਿਸਤਾਨ ਦੀ ਸ਼ਾਨ। ਨੀਰਜ ਚੋਪੜਾ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਦੋਹੇਂ ਦੋਸਤ ਹਨ ਤੇ ਦੁਨੀਆ ਦੇ ਸਭ ਤੋਂ ਤਕੜੇ ਜੈਵਲਿਨ ਥਰੋਅਰ। ਉਨ੍ਹਾਂ ਦੀਆਂ ਗੁਆਂਢੀ ਮੁਲਕਾਂ `ਚ ਵਸਦੀਆਂ ਹਿੰਦੂ/ਮੁਸਲਮਾਨ ਮਾਵਾਂ ਵੀ ਦੋਹਾਂ ਨੂੰ ਆਪਣੇ ਇਕੋ ਜਿਹੇ ਪੁੱਤਰ ਸਮਝਦੀਆਂ ਹਨ। ਉਹ ਦੋਹਾਂ ਦੀ ਜਿੱਤ ਲਈ ਆਪਣੇ ਅੱਲਾ ਤੇ ਪ੍ਰਭੂ ਤੋਂ ਦੁਆਵਾਂ ਮੰਗਦੀਆਂ ਹਨ। ਨੀਰਜ ਤੇ ਨਦੀਮ ਵੀ ਮੁਕਾਬਲੇ ਤੋਂ ਪਹਿਲਾਂ ਇਕ ਦੂਜੇ ਨੂੰ ਸ਼ੁਭ ਇੱਛਾਵਾਂ ਦਿੰਦੇ ਹਨ। ਪਰ ਸਿਆਸਤ ਦੀ ਮਾਰ ਐਸੀ ਪੈ ਰਹੀ ਹੈ ਕਿ ਸਿਆਸਤਦਾਨਾਂ ਨੇ ਵੋਟਾਂ ਵੰਡਣ/ਵਟੋਰਨ ਲਈ ‘ਆਪਣਿਆਂ’ ਵਿਚਕਾਰ ਵੰਡੀਆਂ ਪਾ ਰੱਖੀਆਂ ਹਨ। ਖਿਡਾਰੀ ਦੇਖੋ ਦੋਸਤੀਆਂ ਪਾਲ ਰਹੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਪਿਆਰ ਵੰਡ ਰਹੀਆਂ ਹਨ। ਪਰ ਦੋਹਾਂ ਦੇਸ਼ਾਂ ਨੂੰ ਹਾਕਮ ਹੀ ਅਜਿਹੇ ਟੱਕਰਦੇ ਆ ਰਹੇ ਹਨ ਜੋ ਆਪਸੀ ਪਿਆਰ ਵਧਾਉਣ ਦੀ ਥਾਂ ਨਫਰਤਾਂ ਪਾਲ ਰਹੇ ਹਨ।
ਟੋਕੀਓ ਉਲੰਪਿਕ 2021 `ਚ ਭਾਰਤ ਦੇ ਨੀਰਜ ਨੇ ਜੈਵਲਿਨ ਥਰੋਅ ਦਾ ਗੋਲਡ ਮੈਡਲ ਜਿੱਤਿਆ ਸੀ। ਉਥੇ ਨਦੀਮ ਪੰਜਵੀਂ ਥਾਂ ਰਿਹਾ ਸੀ। ਪਹਿਲਾਂ ਵੀ ਕਦੇ ਨਦੀਮ ਜਿੱਤ ਜਾਂਦਾ ਸੀ, ਕਦੇ ਨੀਰਜ। ਪੈਰਿਸ ਉਲੰਪਿਕ 2024 `ਚ ਨਦੀਮ ਗੋਲਡ ਮੈਡਲ ਜਿੱਤਿਆ ਤੇ ਨੀਰਜ ਸਿਲਵਰ। ਉਥੇ ਦੋਹਾਂ ਨੇ ਆਪੋ ਆਪਣੇ ਕੈਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਨਦੀਮ ਜੈਵਲਿਨ ਦਾ ਨਵਾਂ ਉਲੰਪਿਕ ਚੈਂਪੀਅਨ ਬਣ ਕੇ ਨਵਾਂ ਰਿਕਾਰਡ ਵੀ ਕਰ ਗਿਆ। ਪੈਰਿਸ ਵਿਚ ਉਸ ਨੇ 92.97 ਮੀਟਰ ਯਾਨੀ 305.02 ਫੁੱਟ ਦੂਰ ਨੇਜ਼ਾ ਸੁੱਟਿਆ। ਉਦੋਂ ਉਲੰਪਿਕ ਰਿਕਾਰਡ 90.57 ਮੀਟਰ ਸੀ। ਨਦੀਮ ਦਾ ਪਰਿਵਾਰਕ ਪਿਛੋਕੜ ਵੇਖੀਏ ਤਾਂ ਉਹ ਗੋਦੜੀ ਦਾ ਲਾਲ ਹੈ।
ਅਰਸ਼ਦ ਹੋਰੀਂ ਅੱਠ ਭੈਣ ਭਰਾ ਹਨ ਜਿਨ੍ਹਾਂ `ਚ ਉਹ ਤੀਜੇ ਥਾਂ ਜੰਮਿਆ। ਉਨ੍ਹਾਂ ਦਾ ਜੱਦੀ ਕਿੱਤਾ ਖੇਤੀਬਾੜੀ ਸੀ। ਪਰ ਉਸ ਦੇ ਵਾਲਦ ਨੂੰ ਸਾਰੀ ਉਮਰ ਰਾਜਗੀਰੀ ਕਰਨੀ ਪਈ। ਮਿਹਨਤ ਮਜਦੂਰੀ ਕਰਦੇ ਤੇ ਤੰਗੀਆਂ ਤੁਰਸ਼ੀਆਂ ਨਾਲ ਘੁਲਦੇ ਵੱਡੇ ਪਰਿਵਾਰ ਵਿਚ ਨਦੀਮ ਅਣਗੌਲੇ ਬਾਲਕ ਵਾਂਗ ਪਲਿਆ। ਉਸ ਨੂੰ ਖੇਡਾਂ ਦਾ ਸ਼ੌਕ ਤਾਂ ਸੀ ਪਰ ਸਹੂਲਤਾਂ ਨਹੀਂ ਸਨ। ਕਦੇ ਕ੍ਰਿਕਟ ਖੇਡਦਾ, ਕਦੇ ਦੌੜਾਂ ਤੇ ਛਾਲਾਂ ਲਾਉਂਦਾ ਤੇ ਕਦੇ ਗੋਲਾ ਡਿਸਕਸ ਸੁੱਟਣ ਲੱਗਦਾ। ਆਖ਼ਰ ਜੈਵਲਿਨ ਸੁੱਟਣ ਲੱਗ ਪਿਆ। ਅਸਲੀ ਜੈਵਲਿਨ ਨਾ ਮਿਲਿਆ ਤਾਂ ਰੁੱਖਾਂ ਦੀਆਂ ਟਾਹਣੀਆਂ ਜੈਵਲਿਨ ਬਣਾ ਕੇ ਸੁੱਟਦਾ। ਨੰਗੇ ਪੈਰੀਂ ਦੌੜਦਿਆਂ ਖੇਤਾਂ `ਚ ਕਰਚੇ ਵੱਜਦੇ। ਪੈਰਾਂ `ਤੇ ਪੱਟੀਆਂ ਬੰਨ੍ਹਦਾ। ਡੰਡ ਕੱਢਦਾ, ਬੈਠਕਾਂ ਮਾਰਦਾ ਤੇ ਦੇਸੀ ਭਾਰ ਦਾ ਜੁਗਾੜ ਜੋੜ ਕੇ ਵੇਟ ਟ੍ਰੇਨਿੰਗ ਕਰਦਾ। ਮਿਹਨਤ ਰੰਗ ਲਿਆਈ ਤਾਂ ਸਕੂਲੀ ਜਿੱਤਾਂ ਤੋਂ ਅੱਗੇ ਵਧਦਾ ਉਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ `ਤੇ ਜਾ ਚੜ੍ਹਿਆ। ਸਾਧਾਰਨ ਘਰ ਤੇ ਪਰਿਵਾਰ ਨੂੰ ਰੰਗ ਭਾਗ ਲੱਗ ਗਏ। ਉਸ ਦਾ ਰੰਗ ਕਣਨਵੰਨਾ ਹੈ, ਕੱਦ 6 ਫੁੱਟ 4 ਇੰਚ ਤੇ ਭਾਰ 95 ਕਿਲੋਗਰਾਮ। ਭਰਵੱਟੇ ਸੰਘਣੇ, ਠੋਡੀ `ਚ ਟੋਆ, ਅੱਖਾਂ ਮਸਤ ਤੇ ਬੁੱਲ੍ਹ ਰਤਾ ਮੋਟੇ। ਹੱਸਦਾ ਹੈ ਤਾਂ ਦੰਦਾਂ ਦੀਆਂ ਪਾਲਾਂ ਲਿਸ਼ਕਾਂ ਮਾਰਦੀਆਂ ਹਨ। ਉਹ ਕਾਮਨਵੈਲਥ ਖੇਡਾਂ ਦਾ ਵੀ ਚੈਂਪੀਅਨ ਹੈ ਤੇ ਉਲੰਪਿਕ ਖੇਡਾਂ ਦਾ ਵੀ। ਇਨ੍ਹਾਂ ਦੇ ਜੈਵਲਿਨ ਸੁੱਟਣ ਦੇ ਰਿਕਾਰਡ ਵੀ ਉਸੇ ਦੇ ਨਾਂ ਹਨ।
ਅਰਸ਼ਦ ਦਾ ਜਨਮ ਜਿ਼ਲ੍ਹਾ ਖਾਨੋਵਾਲ ਦੀ ਤਸੀਲ ਮੀਆਂ ਚੰਨੂੰ ਨਾਲ ਲੱਗਦੇ ਪਿੰਡ `ਚ ਮੁਹੰਮਦ ਅਸ਼ਰਫ ਦੇ ਘਰ ਰਜ਼ੀਆ ਪਰਵੀਨ ਦੀ ਕੁੱਖੋਂ 2 ਜਨਵਰੀ 1997 ਨੂੰ ਹੋਇਆ ਸੀ। ਪਿੰਡ ਦਾ ਨਾਂ ਸੂਫੀ ਬਾਬਾ ਮੀਆਂ ਚੰਨੂੰ ਦੇ ਨਾਂ `ਤੇ ਰੱਖਿਆ ਗਿਆ ਸੀ ਜਿਸ ਦੀ ਕਬਰ ਵੀ ਉਥੇ ਹੀ ਹੈ। ਅੰਗਰੇਜ਼ਾਂ ਦੇ ਰਾਜ ਵੇਲੇ ਪਿੰਡ ਦਾ ਨਾਂ ਬਦਲਣ ਦੀ ਕੋਸਿ਼ਸ਼ ਹੋਈ ਪਰ ਨਾਂ ਬਦਲਿਆ ਨਾ ਜਾ ਸਕਿਆ। ਇਹ ਪਿੰਡ ਮੁਲਤਾਨ ਦੇ ਇਲਾਕੇ `ਚ ਇਸਲਾਮ ਦਾ ਪੁਰਾਣਾ ਗੜ੍ਹ ਹੈ। 1938 ਤਕ ਇਹ ਪਿੰਡ ਹੀ ਕਿਹਾ ਜਾਂਦਾ ਸੀ ਬਾਅਦ ਵਿਚ ਕਸਬਾ ਤੇ ਤਹਿਸੀਲ ਬਣ ਗਿਆ। 1975 ਵਿਚ ਇਸ ਦੀ ਮਿਊਂਸਪਲ ਕਮੇਟੀ ਬਣੀ। ਇਹ ਜੀ.ਟੀ. ਰੋਡ ਮੁਲਤਾਨ `ਤੇ ਲਾਹੌਰ ਤੋਂ 250 ਕਿਲੋਮੀਟਰ ਦੂਰ ਹੈ। ਪਹਿਲਾਂ ਇਹ ਮੁਲਤਾਨ ਜਿ਼ਲ੍ਹੇ `ਚ ਸੀ, 1985 ਤੋਂ ਜਿ਼ਲ੍ਹਾ ਖਾਨੇਵਾਲ ਦੀ ਤਸੀਲ ਬਣ ਗਿਆ। 2017 ਵਿਚ ਇਸ ਦੀ ਆਬਾਦੀ 90130 ਸੀ। ਕਰਾਚੀ ਇਥੋਂ 1050 ਕਿਲੋਮੀਟਰ ਦੂਰ ਹੈ। ਇਥੇ ਫਸਲਾਂ ਤਾਂ ਬਹੁਤ ਹੁੰਦੀਆਂ ਹਨ ਪਰ ਕਣਕ, ਕਪਾਹ ਤੇ ਅੰਬਾਂ ਦੀ ਸਰਦਾਰੀ ਹੈ। ‘ਖੁਸ਼ੀ ਬਰਫੀ’ ਇਥੋਂ ਦੀ ਖ਼ਾਸ ਮਠਿਆਈ ਹੈ।
ਅਰਸ਼ਦ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਜੰਮਪਲ ਹੋਣ ਕਰਕੇ ਬਚਪਨ ਤੋਂ ਹੀ ਮਿਹਨਤੀ ਤੇ ਪਰਿਵਾਰ `ਚ ਰਲੌਟਾ ਸੀ। ਉਹ ਅੱਲਾ ਦੀ ਰਜ਼ਾ `ਚ ਰਹਿਣ ਵਾਲਾ ਨੌਜੁਆਨ ਹੈ। ਆਪਣੀਆਂ ਜਿੱਤਾਂ ਪਿੱਛੋਂ ਧਰਤੀ ਮਾਂ ਨੂੰ ਮੱਥਾ ਟੇਕਦਾ ਤੇ ਗੋਡਿਆਂ ਭਾਰ ਹੋ ਕੇ ਅੱਲਾ ਦਾ ਸ਼ੁਕਰ ਕਰਦਾ ਹੈ। ਅਜਿਹਾ ਉਸ ਨੇ ਪੈਰਿਸ ਦੀਆਂ ਉਲੰਪਿਕ ਖੇਡਾਂ ਵਿਚ ਵੀ ਕੀਤਾ। ਉਹ ਪਹਿਲਾ ਪਾਕਿਸਤਾਨੀ ਹੈ ਜੋ ਉਲੰਪਿਕ ਦੀਆਂ ਅਥਲੈਟਿਕ ਖੇਡਾਂ `ਚੋਂ ਪਾਕਿਸਤਾਨ ਲਈ ਮੈਡਲ ਜਿੱਤ ਸਕਿਆ। ਪੈਰਿਸ ਉਲੰਪਿਕ ਤੋਂ ਪਹਿਲਾਂ ਪਾਕਿਸਤਾਨ ਨੇ ਕੇਵਲ ਤਿੰਨ ਗੋਲਡ ਮੈਡਲ ਜਿੱਤੇ ਸਨ ਜੋ 1960, 68, 84 ਦੀਆਂ ਉਲੰਪਿਕ ਖੇਡਾਂ `ਚੋਂ ਹਾਕੀ ਦੇ ਸਨ। 1992 ਦੀਆਂ ਉਲੰਪਿਕ ਖੇਡਾਂ ਦੇ ਬਰਾਂਜ਼ ਮੈਡਲ ਤੋਂ ਬਾਅਦ ਪਾਕਿਸਤਾਨ ਦਾ ਕੋਈ ਖਿਡਾਰੀ ਕਦੇ ਵੀ ਕਈ ਮੈਡਲ ਨਹੀਂ ਸੀ ਜਿੱਤ ਸਕਿਆ। 32 ਸਾਲਾਂ ਦੀ ਔੜ ਨਦੀਮ ਦੇ ਗੋਲਡ ਮੈਡਲ ਨਾਲ ਟੁੱਟੀ।
ਨਦੀਮ ਦੀਆਂ ਪ੍ਰਾਪਤੀਆਂ ਵਿਚ ਦੋ ਵਾਰ ਉਲੰਪਿਕ ਖੇਡਾਂ `ਚ ਭਾਗ ਲੈਣਾ, ਇਕ ਵਾਰ ਪੰਜਵਾਂ ਸਥਾਨ ਲੈਣਾ, ਦੂਜੀ ਵਾਰ ਸੋਨ ਤਗ਼ਮਾ ਜਿੱਤਣਾ, ਨਵਾਂ ਉਲੰਪਿਕ ਰਿਕਾਰਡ ਰੱਖਣਾ, 2022 ਦੀਆਂ ਕਾਮਨਵੈਲਥ ਖੇਡਾਂ `ਚ ਗੋਲਡ ਮੈਡਲ ਜਿੱਤਦਿਆਂ 90.18 ਮੀਟਰ ਦਾ ਨਵਾਂ ਰਿਕਾਰਡ ਕਰਨਾ, 2023 ਦੀ ਵਿਸ਼ਵ ਅਥਲੈਟਿਕ ਚੈਂਪੀਅਨਸਿ਼ਪ ਵਿਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਅਥਲੀਟ ਦਾ ਪੁੱਜਣਾ ਤੇ ਸਿਲਵਰ ਮੈਡਲ ਜਿੱਤਣਾ ਹਨ। ਉਹ ਪਹਿਲਾ ਦੱਖਣੀ ਏਸਿ਼ਆਈ ਅਥਲੀਟ ਹੈ ਜਿਸ ਨੇ 90 ਮੀਟਰ ਤੋਂ ਪਾਰ ਨੇਜ਼ਾ ਸੁੱਟਿਆ। ਨੌਕਰੀ ਉਸ ਨੂੰ ਮਸੀਂ ਮਿਲੀ ਸੀ। ਹੁਣ ਉਹ ‘ਵਾਪਡਾ’ ਵਿਚ ਕਲਾਸ ਵਨ ਅਫਸਰ ਵਜੋਂ ਸਰਵਿਸ ਕਰਦਾ ਤੇ ਲਾਹੌਰ ਰਹਿੰਦਾ ਹੈ।
ਉਹ ਸੱਤਵੀਂ `ਚ ਪੜ੍ਹਦਿਆਂ ਕ੍ਰਿਕਟ, ਫੁੱਟਬਾਲ ਤੇ ਬੈਡਮਿੰਟਨ ਖੇਡਣ ਲੱਗਾ ਸੀ। ਗੋਲਾ ਤੇ ਡਿਸਕਸ ਵੀ ਸੁੱਟ ਲੈਂਦਾ ਸੀ। ਸਕੂਲ `ਚ ਉਹ ਸਬੱਬੀਂ ਰਸ਼ੀਦ ਅਹਿਮਦ ਸਾਕੀ ਦੀ ਨਜ਼ਰੇ ਚੜ੍ਹ ਗਿਆ ਜਿਸ ਨੇ ਉਸ ਨੂੰ ਜੈਵਲਿਨ ਸੁੱਟਣ ਲਾ ਲਿਆ। ਪੰਜਾਬ ਯੂਥ ਫੈਸਟੀਵਲ ਵਿਚ ਉਹ ਗੋਲਡ ਮੈਡਲ ਜਿੱਤਿਆ ਤਾਂ ਉਸ ਦਾ ਹੌਂਸਲਾ ਵਧ ਗਿਆ। ਉਹ ਆਰਮੀ, ਏਅਰ ਫੋਰਸ ਤੇ ਵਾਪਡਾ ਦੀਆਂ ਨਜ਼ਰਾਂ `ਚ ਆ ਗਿਆ ਤੇ ਸਿਫ਼ਾਰਸ਼ ਨਾਲ ਵਾਪਡਾ ਦਾ ਕਰਮਚਾਰੀ ਬਣ ਗਿਆ। ਇਹ ਗੱਲ 2015 ਦੀ ਹੈ। ਫਿਰ ਉਸ ਦਾ ਵਿਆਹ ਵੀ ਹੋ ਗਿਆ ਹੁਣ ਉਸ ਦੇ ਇਕ ਧੀ ਤੇ ਪੁੱਤ ਹੈ।
2015 ਵਿਚ ਉਸ ਨੂੰ ‘ਵਰਲਡ ਅਥਲੈਟਿਕਸ’ ਵੱਲੋਂ ਵਜ਼ੀਫ਼ਾ ਮਿਲਿਆ ਜਿਸ ਨਾਲ ਹਾਈ ਪਰਫਾਰਮੈਂਸ ਟ੍ਰੇਨਿੰਗ ਸੈਂਟਰ ਮੌਰੀਸ਼ੀਅਸ ਵਿਚ ਸਿਖਲਾਈ ਮਿਲ ਗਈ। ਫਿਰ ਉਸ ਨੇ ਫਰਵਰੀ 2016 `ਚ ਗੁਹਾਟੀ `ਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿਚ ਭਾਗ ਲਿਆ ਜਿਥੇ 78.33 ਮੀਟਰ ਦੂਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਜੂਨ 2016 `ਚ ਹੋ ਚੀ ਮਿਨ੍ਹ ਵਿਖੇ ਹੋਈ ਏਸ਼ੀਅਨ ਜੂਨੀਅਰ ਅਥਲੈਟਿਕ ਚੈਂਪੀਅਨਸਿ਼ਪ `ਚ ਵੀ ਬਰਾਂਜ਼ ਮੈਡਲ ਜਿੱਤਿਆ। ਮਈ 2017 `ਚ ਬਾਕੂ ਦੀਆਂ ਇਸਲਾਮਿਕ ਸੌਲੀਡੈਰਟੀ ਖੇਡਾਂ ਤੇ ਗੋਲਡ ਕੋਸਟ, ਆਸਟਰੇਲੀਆ ਦੀਆਂ ਕਾਮਨਵੈਲਥ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਈ। 2018 ਵਿਚ ਜਕਾਰਤਾ ਦੀਆਂ ਏਸਿ਼ਆਈ ਖੇਡਾਂ `ਚੋਂ 80.75 ਮੀਟਰ ਦੂਰ ਜੈਵਲਿਨ ਸੁੱਟ ਕੇ ਬਰਾਂਜ਼ ਮੈਡਲ ਜਿੱਤਿਆ। 2019 ਵਿਚ ਦੋਹਾ ਦੀ ਵਿਸ਼ਵ ਅਥਲੈਟਿਕ ਚੈਂਪੀਅਨਸਿ਼ਪ `ਚ 81.52 ਮੀਟਰ ਅਤੇ ਪਿਸ਼ਾਵਰ ਦੀਆਂ ਕੌਮੀ ਖੇਡਾਂ ਵਿਚ 83.65 ਮੀਟਰ ਨਾਲ ਨਵਾਂ ਮੀਟ ਰਿਕਾਰਡ ਰੱਖਿਆ। ਨੇਪਾਲ ਦੀਆਂ ਸਾਊਥ ਏਸ਼ੀਅਨ ਖੇਡਾਂ 2019 `ਚ 86.29 ਮੀਟਰ ਦੂਰ ਜੈਵਲਿਨ ਸੁੱਟ ਕੇ ਗੋਲਡ ਮੈਡਲ ਜਿੱਤਿਆ। ਨਾਲ ਦੀ ਨਾਲ ਨਦੀਮ ਤੇ ਨੀਰਜ ਦੀ ਦੋਸਤੀ ਵੀ ਵਧਦੀ ਗਈ।
ਟੋਕੀE ਉਲੰਪਿਕ 2021 ਵਿਚ ਨੀਰਜ ਫਸਟ ਆਇਆ ਤੇ ਨਦੀਮ 84.62 ਮੀਟਰ ਨਾਲ ਪੰਜਵੀਂ ਥਾਂ। 2022 ਦੀ ਵਿਸ਼ਵ ਚੈਂਪੀਅਨਸਿ਼ਪ ਤੋਂ ਪਹਿਲਾਂ ਨਦੀਮ ਦੱਖਣੀ ਅਫਰੀਕਾ ਵਿਚ ਵਿਸ਼ਵ ਦੇ ਮੰਨੇ ਪ੍ਰਮੰਨੇ ਕੋਚ ਟੀ. ਲਿਬਨਬਰਗ ਦੀ ਨਿਗਰਾਨੀ ਹੇਠ ਕੋਚਿੰਗ ਲੈਣ ਦੱਖਣੀ ਅਫਰੀਕਾ ਗਿਆ। ਵਿਸ਼ਵ ਚੈਂਪੀਅਨਸਿ਼ਪ ਵਿਚ ਉਹ 86.16 ਮੀਟਰ ਜੈਵਲਿਨ ਸੁੱਟ ਕੇ ਪੰਜਵੇਂ ਥਾਂ ਰਿਹਾ। 2022 ਦੀਆਂ ਕਾਮਨਵੈਲਥ ਖੇਡਾਂ ਵਿਚ 90.18 ਮੀਟਰ ਦੀ ਸੁੱਟ ਨਾਲ ਦੁਨੀਆ ਦੰਗ ਕਰ ਦਿੱਤੀ! ਉਥੇ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਬਲਕਿ ਪੈਰਿਸ Eਲੰਪਿਕ ਜਿੱਤਣ ਵਾਲਾ ਸਭ ਤੋਂ ਤਕੜਾ ਉਮੀਦਵਾਰ ਬਣ ਗਿਆ। ਨਵੰਬਰ 2022 ਵਿਚ ਲਾਹੌਰ ਦੀ ਨੈਸ਼ਨਲ ਮੀਟ `ਚ ਉਹਦੀ ਕੂਹਣੀ ਖਿੱਚੀ ਗਈ ਤੇ ਗੋਡਾ ਉਤਰ ਗਿਆ। ਉਸ ਨੂੰ ਯੂ.ਕੇ. ਕੈਂਬਰਿਜ ਲੀ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ। 2023 ਵਿਚ ਗੋਡਾ ਫਿਰ ਜਰਕ ਖਾ ਗਿਆ। ਠੀਕ ਹੋਇਆ ਤਾਂ 2023 ਦੀ ਵਿਸ਼ਵ ਚੈਂਪੀਅਨਸਿ਼ਪ `ਚੋਂ 87.82 ਮੀਟਰ ਦੀ ਸੁੱਟ ਨਾਲ ਸਿਲਵਰ ਮੈਡਲ ਜਿੱਤ ਗਿਆ ਤੇ ਪੈਰਿਸ Eਲੰਪਿਕ ਲਈ ਕੁਆਲੀਫਾਈ ਕਰ ਗਿਆ। ਪਰ 2024 ਦੀ ਪੈਰਿਸ ਡਾਇਮੰਡ ਲੀਗ `ਚ ਉਹ ਕੇਵਲ 84.21 ਮੀਟਰ ਨਾਲ ਪੰਜਵਾਂ ਸਥਾਨ ਹੀ ਹਾਸਲ ਕਰ ਸਕਿਆ।
ਪੈਰਿਸ ਉਲੰਪਿਕ 2024 ਵਿਚ ਨਦੀਮ ਨੇ ਆਪਣੀ ਦੂਜੀ ਸੁੱਟ 92.97 ਮੀਟਰ ਸੁੱਟੀ ਤਾਂ ਦਰਸ਼ਕ ਦੰਗ ਹੋ ਗਏ। ਨਦੀਮ ਨੇ ਖੁਸ਼ੀ `ਚ ਬਾਹਵਾਂ ਉਪਰ ਚੁੱਕੀਆਂ। ਫਿਰ ਦੋਹਾਂ ਹੱਥਾਂ ਨਾਲ ਮੂੰਹ ਢਕ ਲਿਆ। ਗੋਡਿਆਂ ਭਾਰ ਹੋ ਕੇ ਅੱਲਾ ਦਾ ਸ਼ੁਕਰਾਨਾ ਕੀਤਾ। ਇਸ ਸੁੱਟ ਨਾਲ ਉਸ ਨੇ ਬੀਜਿੰਗ ਉਲੰਪਿਕ 2008 `ਚ ਰੱਖਿਆ ਨਾਰਵੇ ਦੇ ਐਂਡਰੀਜ਼ ਦੀ 90.57 ਮੀਟਰ ਸੁੱਟ ਦਾ Eਲੰਪਿਕ ਰਿਕਾਰਡ ਤੋੜ ਦਿੱਤਾ। ਨੀਰਜ ਚੋਪੜਾ ਆਪਣੇ ਕੈਰੀਅਰ ਦੀ ਬਿਹਤਰੀਨ ਸੁੱਟ 89.45 ਮੀਟਰ ਨਾਲ ਦੂਜੇ ਥਾਂ ਰਿਹਾ। ਤਿੰਨ ਹੋਰ ਸੁਟਾਵੇ ਵੀ ਨੀਰਜ ਦੀ ਟੋਕੀਓ ਵਾਲੀ ਸੁੱਟ ਤੋਂ ਅੱਗੇ ਨਿਕਲ ਗਏ। ਨਦੀਮ ਪਾਕਿਸਤਾਨੀ ਝੰਡਾ ਮੋਢਿਆਂ `ਤੇ ਤਾਣ ਕੇ ਆਪਣੇ ਕੋਚ ਲਿਬਨਬਰਗ ਤੇ ਸਲਮਾਨ ਇਕਬਾਲ ਬੱਟ ਕੋਲ ਗਿਆ ਜਿਥੇ ਸ਼ੁਕਰਾਨੇ ਵਿਚ ਉਸ ਦੇ ਹੰਝੂ ਵਹਿ ਤੁਰੇ। ਕੋਚਾਂ ਨੇ ਦਿਲਾਸਾ ਦਿੱਤਾ ਤੇ ਮੁਬਾਰਕਾਂ ਵੀ ਦਿੱਤੀਆਂ। ਨਦੀਮ ਨੇ ਸਟੇਡੀਅਮ ਦੀ ਜੇਤੂ ਗੇੜੀ ਲਾਈ। ਇਕ ਥਾਂ ਪੱਗਾਂ ਵਾਲੇ ਸਰਦਾਰ ਖੜ੍ਹੇ ਸਨ ਜਿਨ੍ਹਾਂ ਕੋਲ ਉਹ ਆਪਣੇ ਪੰਜਾਬੀ ਭਰਾ ਸਮਝ ਕੇ ਉਚੇਚਾ ਰੁਕਿਆ। ਪੱਗ ਦਾੜ੍ਹੀ ਪੰਜਾਬੀ ਹੋਣ ਦੀ ਵਿਸ਼ੇਸ਼ ਪਛਾਣ ਹੈ। ਇਹ ਸਭ ਕੁਝ ਕਰੋੜਾਂ ਲੋਕਾਂ ਨੇ ਟੀਵੀ ਤੋਂ ਵੇਖਿਆ।
ਉਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ ਉਹਨਾਂ ਦਾ ਪੇਂਡੂ ਘਰ ਤਿੰਨ ਕਮਰਿਆਂ ਦਾ ਸੀ। ਬਿਨਾਂ ਸੀਮੈਂਟ ਟੀਪ ਦੇ ਕੰਧਾਂ ਤੇ ਕੱਚਾ ਵਿਹੜਾ। ਪਰਿਵਾਰ ਦੀ ਕੁਲ ਜਾਇਦਾਦ ਪਾਕਿਸਤਾਨ ਦੇ 80 ਕੁ ਲੱਖ ਰੁਪਈਆਂ ਦੀ ਹੋਵੇਗੀ। ਉਲੰਪਿਕ ਚੈਂਪੀਅਨ ਬਣਨ ਨਾਲ 80 ਲੱਖ ਦੀ ਜਾਇਦਾਦ ਤੋਂ ਹੁਣ ਕਰੋੜਾਂ ਦੀ ਹੋ ਗਈ ਹੈ। ਅਜੇ ਕਿਹੜਾ ਬੱਸ ਹੈ? ਉਲੰਪਿਕ ਖੇਡਾਂ ਦੇ ਗੋਲਡ ਮੈਡਲ ਨੇ ਗੋਲਡ ਹੀ ਗੋਲਡ ਕਰ ਦਿੱਤਾ ਹੈ। ਪਹਿਲਾਂ ਪਹਿਲ ਪਾਕਿਸਤਾਨ ਦੀਆਂ ਸਰਕਾਰਾਂ ਨੇ ਨਦੀਮ ਨੂੰ ਕ੍ਰਿਕਟ ਤੇ ਹਾਕੀ ਦੇ ਖਿਡਾਰੀਆਂ ਵਾਂਗ ਖ਼ਾਸ ਸਹੂਲਤਾਂ ਨਹੀਂ ਸਨ ਦਿੱਤੀਆਂ। ਉਸ ਨੇ ਕਿਸੇ ਅਥਲੈਟਿਕ ਮੀਟ `ਤੇ ਜਾਣਾ ਤਾਂ ਰਿਸ਼ਤੇਦਾਰ ਤੇ ਮੀਆਂ ਚੰਨੂੰ ਦੇ ਗਰਾਈਂ ਉਹਦੇ ਕਿਰਾਏ ਭਾੜੇ ਦਾ ਪ੍ਰਬੰਧ ਕਰਦੇ। ਪਹਿਲਵਾਨ ਨੂੰ ਖੁਰਾਕ ਦੇਣ ਵਾਂਗ ਖੁਰਾਕ `ਕੱਠੀ ਕਰ ਕੇ ਦਿੰਦੇ ਪਈ ਕਦੇ ਉਹ ਵੀ ਮੀਆਂ ਚੰਨੂੰ ਦਾ ਨਾਂ ਕੱਢੇਗਾ। ਵੇਖ ਲਓ ਹੁਣ ਮੀਆਂ ਚੰਨੂੰ ਮੀਆਂ ਚੰਨੂੰ ਹੋਈ ਪਈ ਐ!
ਰੁੱਖਾਂ ਦੀਆਂ ਟਾਹਣੀਆਂ ਦੇ ਜੈਵਲਿਨ ਬਣਾ ਕੇ ਪ੍ਰੈਕਟਿਸ ਕਰਨ ਵਾਲੇ ਨਦੀਮ ਨੂੰ ‘ਵਰਲਡ ਅਥਲੈਟਿਕਸ’ ਨੇ ਹੌਂਸਲਾ ਅਫ਼ਜ਼ਾਈ ਵਜੋਂ 50000 ਡਾਲਰਾਂ ਦਾ ਸ਼ਗਨ ਪਾਇਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 5 ਲੱਖ ਅਮਰੀਕਨ ਡਾਲਰਾਂ ਨਾਲ ਮਾਣ ਸਨਮਾਨ ਕੀਤਾ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ 3 ਲੱਖ 50 ਹਜ਼ਾਰ ਡਾਲਰਾਂ ਦੀ ਥੈਲੀ ਭੇਟ ਕੀਤੀ। ਕਾਰਾਂ ਦੀਆਂ ਕੰਪਨੀਆਂ ਨੇ ਕਰੋੜੀ ਕਾਰਾਂ ਤੋਹਫ਼ੇ ਵਜੋਂ ਦਿੱਤੀਆਂ। ਉਨ੍ਹਾਂ ਕਾਰਾਂ ਦੇ ਪਲੇਟ ਨੰਬਰ ਵੀ ਉਹਦੇ ਉਲੰਪਿਕ ਰਿਕਾਰਡ 92.97 ਮੀਟਰ ਮੁਤਾਬਿਕ 92.97 ਲਾਏ।
ਖ਼ਬਰਾਂ ਹਨ ਕਿ ਅਰਸ਼ਦ ਦੇ ਇਨਾਮ ਮਿਲੀਅਨ ਤੋਂ ਵੱਧ ਡਾਲਰਾਂ ਤਕ ਪਹੁੰਚ ਗਏ ਨੇ। ਕਰੋੜਾਂ ਦੀਆਂ ਮਹਿੰਗੀਆਂ ਕਾਰਾਂ ਝੂੰਗੇ `ਚ ਮਿਲਣ ਲੱਗੀਆਂ ਹਨ। ਅਮੀਰ ਵਜ਼ੀਰ, ਮੰਤਰੀ ਸੰਤਰੀ ਤੇ ਅਰਬ ਦੇਸ਼ਾਂ ਦੇ ਸੇਖ਼ ਉਸ ਨੂੰ ਜੱਫੀਆਂ ਪਾ ਪਾ ਮਿਲਦੇ ਹਨ। ਫਿਲਮੀ ਹੀਰੋਇਨਾਂ ਉਹਦੇ ਨਾਲ ਫੋਟੋ ਖਿਚਵਾ ਕੇ ਖ਼ੁਸ਼ ਹੁੰਦੀਆਂ ਹਨ। ਕਾਰਪੋਰੇਟ ਜਗਤ ਉਹਦੀ ਮਸ਼ਹੂਰੀ ਦਾ ਲਾਹਾ ਲੈਣ ਲੱਗ ਪਿਐ। ਮਾਲ ਵੇਚਣ ਵਾਲੇ ਉਹਦੇ ਨਾਂ ਨਾਲ ਸੌਦਾ ਵੇਚਣ ਨੂੰ ਕਾਹਲੇ ਹਨ। ਨਦੀਮ ਦੀਆਂ ਕਾਰਾਂ ਲਈ ਉਮਰ ਭਰ ਦਾ ਤੇਲ ਮੁਫ਼ਤ, ਪਾਰਕਿੰਗ ਮੁਫ਼ਤ ਤੇ ਗੋਲਡ ਕਰਾਊਨ ਵੱਖਰੇ। ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ!
ਅਰਸ਼ਦ ਨਦੀਮ ਵਿਆਹਿਆ ਵਰਿਆ ਹੈ। ਨਦੀਮ ਦੇ ਸਹੁਰਾ ਸਾਹਿਬ ਜਿ਼ੰਮੀਦਾਰ ਹਨ। ਦਾਮਾਦ ਦੇ ਗੋਲਡ ਮੈਡਲ ਜਿੱਤਣ `ਤੇ ਉਹ ਜੁਆਈ ਨੂੰ ਚੋਖਾ ਦੁੱਧ ਦੇਣ ਵਾਲੀ ਮੱਝ ਦੇਣ ਆਏ। ਖਿਡਾਰੀ ਲਈ ਇਹ ਸਭ ਤੋਂ ਵੱਡਾ ਤੋਹਫ਼ਾ ਸੀ। ਇਕ ਟੀਵੀ ਸ਼ੋਅ ਦਾ ਐਂਕਰ ਨਦੀਮ ਨੂੰ ਕਹਿਣ ਲੱਗਾ: ਮੈ ਤਾਂ ਸੋਚਦਾ ਸੀ, ਤੁਹਾਡੇ ਸਹੁਰਾ ਸਾਹਿਬ ਤੁਹਾਨੂੰ ਜ਼ਮੀਨ ਦੇਣਗੇ ਪਰ ਦਿੱਤੀ ਕਾਲੀ ਕਲੋਟੀ ਮੱਝ!
ਉਸ ਐਂਕਰ ਨੂੰ ਕੀ ਪਤਾ ਕਿ ਮੱਝ ਹੀ ਸਭ ਤੋਂ ਵੱਡਾ ਤੋਹਫ਼ਾ ਸੀ ਜੀਹਦਾ ਦੁੱਧ ਘਿਓ ਪੀ ਖਾ ਕੇ ਉਹ ਉਲੰਪਿਕ ਖੇਡਾਂ ਦੇ ਗੋਲਡ ਮੈਡਲ ਤੱਕ ਪੁੱਜਾ ਸੀ। ਮੱਝਾਂ ਦਾ ਪੰਜਾਬੀ ਸਭਿਆਚਾਰ ਵਿਚ ਵਿਸ਼ੇਸ਼ ਸਥਾਨ ਹੈ ਜਿਵੇਂ ਅਰਬ ਮੁਲਕਾਂ ਵਿਚ ਊਠ ਊਠਣੀਆਂ ਦਾ ਹੈ। ਮੱਝਾਂ ਪੰਜਾਬੀਆਂ ਦਾ ਕਾਲਾ ਸੋਨਾ ਸਮਝੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਦੁੱਧ ਘਿਉ ਦੀਆਂ ਲਹਿਰਾਂ ਲੱਗੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿਚ ਦੁਧ ਦੀ ਕੁਲ ਖਪਤ ਵਿਚ 72 ਫੀਸਦੀ ਮੱਝਾਂ ਦਾ ਦੁੱਧ ਹੀ ਵਰਤਿਆ ਜਾਂਦਾ ਹੈ। ਦੁੱਧ ਨਾਲ ਕੱਟੇ ਕੱਟੀਆਂ ਦੀ ਵੀ ਮੌਜ ਲੱਗੀ ਰਹਿੰਦੀ ਹੈ ਜਿਸ ਕਰਕੇ ਕਿਸਾਨ ਮਜਦੂਰ ਮੱਝ ਨੂੰ ਹੀ ਆਪਣਾ ਬੈਂਕ ਸਮਝਦੇ ਹਨ। ਕਿਸੇ ਦੀ ਮੱਝ ਮਰ ਜਾਵੇ ਤਾਂ ਦੋਸਤ ਮਿੱਤਰ ਤੇ ਰਿਸ਼ਤੇਦਾਰ ਘਰ ਦੇ ਕਮਾਊ ਜੀਅ ਮਰਨ ਵਾਂਗ ਹੀ ਅਫਸੋਸ ਕਰਨ ਆਉਂਦੇ ਹਨ। ਨਦੀਮ ਦੇ ਸਹੁਰਾ ਸਾਹਿਬ ਨੇ ਸ਼ਾਇਦ ਇਹ ਸੋਚ ਕੇ ਵੀ ਮੱਝ ਦਿੱਤੀ ਹੋਵੇਗੀ ਕਿ ਉਹਨਾਂ ਦਾ ਜੁਆਈ ਅਗਲੀਆਂ ਉਲੰਪਿਕ ਖੇਡਾਂ ਤੱਕ ਨਿੱਠ ਕੇ ਪ੍ਰੈਕਟਿਸ ਕਰਦਾ ਰਵ੍ਹੇ। ਲਾਸ ਏਂਜਲਸ ਦੀਆਂ ਉਲੰਪਿਕ ਖੇਡਾਂ ਵਿਚੋਂ ਵੀ ਗੋਲਡ ਮੈਡਲ ਜਿੱਤੇ। ਹਰਿਆਣੇ ਦੇ ਨੀਰਜ ਦਾ ਸਹੁਰਾ ਅਜੇ ਕੋਈ ਨਹੀਂ। ਵੇਖਦੇ ਹਾਂ ਕੌਣ ਬਣਦਾ ਤੇ ਦਾਜ ਵਿਚ ਮੱਝ ਦਿੰਦਾ ਜਾਂ ਨਹੀਂ? ਮੈਂ ਲਿਖਿਆ ਸੀ, ਵਾਹ ਨਦੀਮ! ਬੱਲੇ ਨੀਰਜ! ਧੰਨ ਨੇ ਤੁਹਾਡੀਆਂ ਮਾਵਾਂ!
ਭਾਰਤ-ਪਾਕਿ ਦੇ ਆਮ ਲੋਕਾਂ ਦੀ ਦੁਆ ਹੈ ਕਿ ਭਾਰਤ-ਪਾਕਿ ਵਿਚਕਾਰ ਨਦੀਮ-ਨੀਰਜ ਵਾਂਗ ਦੋਸਤਾਨਾ ਸੰਬੰਧ ਬਣੇ ਰਹਿਣ ਤੇ ਭਰਾਤਰੀ ਮੁਲਕਾਂ ਦੀਆਂ ਮਾਵਾਂ ਦੋਹੀਂ ਪਾਸੀਂ ਅਸ਼ੀਰਵਾਦਾਂ ਤੇ ਸ਼ੁਭ ਦੁਆਵਾਂ ਦਿੰਦੀਆਂ ਰਹਿਣ !