ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਡਾਊਨਟਾਊਨ 101 ਸਟਰੀਟ, 102 ਐਵੀਨਿਊ ਦੇ ਖੇਤਰ ਚ ਇਸ ਬੁੱਧਵਾਰ ਨੂੰ ਇੱਕ 22 ਸਾਲਾ ਦਸਤਾਰਧਾਰੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਨੂੰ ਇੱਕ ਪਾਰਕੇਡ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ‘ਚ 40 ਸਾਲਾ ਐਡਗਰ ਵਿਸਕਰ ‘ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ‘ਤੇ ਹੀ ਖੜ੍ਹਾ ਰਿਹਾ। ਕਥਿਤ ਕਾਤਲ ਨੇ ਨੌਜਵਾਨ ਨੂੰ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ। ਇਹ ਘਟਨਾ ਰਾਤ ਕਰੀਬ ਸਵਾ 12 ਵਜੇੇ ਦੇ ਕਰੀਬ ਵਾਪਰੀ। ਜਸ਼ਨਦੀਪ ਇਕ ਰੈਸਟੋਰੈਂਟ ਤੇ ਕੰਮ ਕਰਦਾ ਸੀ। ਰੈਸਟੋਰੈਂਟ ਦੇ ਬਾਹਰ ਪਾਰਕਿੰਗ ਵਿਚ ਕਥਿਤ ਕਾਤਲ ਐਡਗਰ ਨੇ ਉਸਦੇ ਉਪਰ ਕਈ ਵਾਰ ਕੀਤੇ। ਵਾਰਦਾਤ ਦੀ ਸੂਚਨਾ ਮਿਲਣ ਤੇ ਜਦੋਂ ਪੁਲਿਸ ਪੁੱਜੀ ਤਾਂ ਨੌਜਵਾਨ ਬੁਰੀ ਤਰਾਂ ਜਖਮੀ ਹਾਲਤ ਵਿਚ ਪਾਇਆ ਪਰ ਉਸਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ । ਕਥਿਤ ਕਾਤਲ ਕਿਸੇ ਡਲਿਵਰੀ ਕੰਪਨੀ ਦਾ ਵਰਕਰ ਸੀ।
ਜਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਕਰੀਬ ਅੱਠ ਮਹੀਨੇ ਪਹਿਲਾਂ ਹੀ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਪੁੱਜਾ ਸੀ। ਉਸ ਦਾ ਸਬੰਧ ਪਿੰਡ ਬਡਲਾ ਜ਼ਿਲ੍ਹਾ ਮਲੇਰਕੋਟਲਾ ਨਾਲ ਦੱਸਿਆ ਜਾਂਦਾ ਹੈ। ਕਤਲ ਦੇ ਕਾਰਣਾਂ ਦਾ ਪਤਾ ਨਹੀ ਚੱਲ ਸਕਿਆ ਪਰ ਪੰਜਾਬੀ ਭਾਈਚਾਰੇ ਵਲੋਂ ਇਸਨੂੰ ਨਸਲੀ ਨਫਰਤ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਐਡਮਿੰਟਨ ਪੁਲਿਸ ਨੇ ਇਸ ਕਤਲ ਨੂੰ ਨਸਲੀ ਨਫਰਤ ਦੀ ਘਟਨਾ ਵਜੋਂ ਨਹੀ ਲਿਆ।