ਐਬਸਫੋਰਡ ( ਦੇ ਪ੍ਰ ਬਿ )- ਬੀਤੇ ਐਤਵਾਰ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਹਾਨ ਨਗਰ ਕੀਰਤਨ ਦਾ ਆਯੋਜਨ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਗੁਰੂ ਘਰ ਤੋਂ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ। ਨਗਰ ਕੀਰਤਨ ਦੌਰਾਨ ਜਿੱਥੇ ਵੱਖ-ਵੱਖ ਸਿੱਖ ਸੁਸਾਇਟੀਆਂ ਅਤੇ ਸੰਸਥਾਵਾਂ ਵਲੋਂ ਫਲੋਟ ਸਜਾਏ ਗਏ ਉਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੁੰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨਗਰ ਕੀਰਤਨ ਦੇ ਰਸਤੇ ਦੌਰਾਨ ਕਾਰੋਬਾਰੀ ਲੋਕਾਂ, ਸਭਾ-ਸੁਸਾਇਟੀਆਂ ਤੇ ਸੰਸਥਾਵਾਂ ਵਲੋਂ ਕਈ ਤਰਾਂ ਦੇ ਪਕਵਾਨਾਂ ਅਤੇ ਠੰਡੇ ਮਿੱਠੇ ਜਲ ਦੇ ਲੰਗਰ ਲਗਾਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਹਰ ਸਾਲ ਦੀ ਤਰਾਂ ਨਗਰ ਕੀਰਤਨ ਵਿਚ ਖਾਲਿਸਤਾਨੀ ਝੰਡੇ ਵੀ ਸ਼ਾਨ ਨਾਲ ਝੁਲਾਏ ਗਏ। ਨਗਰ ਕੀਰਤਨ ਦੌਰਾਨ ਪੰਥ ਦੇ ਪ੍ਰਸਿਧ ਰਾਗੀ ਢਾਡੀ,ਕਥਾ ਵਾਚਕਾਂ ਤੇ ਮਹਾਂਪੁਰਸ਼ਾਂ ਜਿਹਨਾਂ ਵਿਚ ਰਾਗੀ ਮੋਹਣ ਸਿੰਘ ਗੁਰਦਾਸਪੁਰਵਾਲੇ, ਰਾਗੀ ਬਲਦੇਵ ਸਿੰਘ ਬੁਲੰਦਪੁਰ, ਰਾਗੀ ਸੁਰਿੰਦਰਪਾਲ ਸਿੰਘ ਹੁਸ਼ਿਆਰਪੁਰ, ਰਾਗੀ ਸੁਖਦੇਵ ਸਿੰਘ ਨਵਾਂਸ਼ਹਿਰ, ਕਥਾਵਾਚਰ ਸਨਮੁਖ ਸਿੰਘ ਪਠਾਨਕੋਟ, ਢਾਡੀ ਭਾਈ ਸੁਰਜੀਤ ਸਿੰਘ ਵਾਰਿਸ, ਭਾਈ ਮੰਗਲ ਸਿੰਘ ਮਹਿਰਮ ਆਦਿ ਸ਼ਾਮਿਲ ਹਨ ਨੇ ਸੰਗਤਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
ਨਗਰ ਕੀਰਤਨ ਦੌਰਾਨ ਐਬਸਫੋਰਡ ਦੀਆਂ ਤਿੰਨ ਸਿੱਖ ਸੁਸਾਈਟੀਆਂ ; ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਦੀਵਾਨ ਸੁਸਾਇਟੀ, ਨੇ ਇਕੱਠਿਆਂ, ਸੰਗਤਾਂ ਦੀ ਸੇਵਾ ਵਿੱਚ ਸਾਂਝੀ ਭੂਮਿਕਾ ਨਿਭਾਈ। ਨਗਰ ਕੀਰਤਨ ਦੇ ਆਰੰਭ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਬੜੇ ਸਤਿਕਾਰ ਨਾਲ ਬੱਚਿਆਂ ਅਤੇ ਨੌਜਵਾਨਾਂ ਵਜੋਂ ਸਜਾਇਆ ਗਿਆ ਹੈ। ਸਿੱਖ ਮੋਟਰਸਾਈਕਲ, ਬੀ ਸੀ ਸਿੱਖ ਰਾਈਡਰਜ਼, ਖ਼ਾਲਸਾ ਸਕੂਲ ਦੇ ਬੱਚੇ ਸੇਵਾਦਾਰ ਤੇ ਦਸਮੇਸ਼ ਪੰਜਾਬੀ ਸਕੂਲ ਸਣੇ, ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਸੰਗਤਾਂ ਦੀ ਭਾਰੀ ਇਕੱਤਰਤਾ ਸੀ। ਨਗਰ ਕੀਰਤਨ ਦੌਰਾਨ ਸਿੱਖ ਬੱਚਿਆਂ ਅਤੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਦਿਖਾਉਂਦਿਆਂ ਸੰਗਤਾਂ ਨੂੰ ਪ੍ਰਭਾਵਿਤ ਕੀਤਾ।
ਗੁਰਦੁਆਰਾ ਸਾਹਿਬ ਦੇ ਪਾਰਕ ਵਿਚ ਵਿਸ਼ੇਸ਼ ਦੀਵਾਨ ਸਜਾਏ ਗਏ ਜਿਥੇ ਢਾਡੀ ਤੇ ਵਿਦਵਾਨਾਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਤੇ ਅਜੋਕੇ ਸਮੇਂ ਵਿਚ ਸਿੱਖਾਂ ਦੀ ਸਥਿਤੀ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਉਘੇ ਪੱਤਰਕਾਰ ਸ ਜਸਪਾਲ ਸਿੰਘ ਸਿੱਧੂ ਅਤੇ ਪ੍ਰੋ ਬਾਵਾ ਸਿੰਘ ਨੇ ਵਿਸ਼ੇਸ਼ ਹਾਜ਼ਰੀ ਲਵਾਈ। ਦੋਵਾਂ ਵਿਦਵਾਨਾਂ ਨੇ ਗੁਰੂ ਗਰੰਥ ਸਾਹਿਬ ਦੇ ਆਸ਼ੇ ਮੁਤਾਬਿਕ ਸਿੱਖੀ ਜੀਵਨ ਜਾਚ ਦੀਆਂ ਵਿਚਾਰਾਂ ਦੇ ਨਾਲ ਮੌਜੂਦਾ ਸਮੇਂ ਵਿਚ ਸਿੱਖਾਂ ਦੀ ਰਾਜਸੀ ਤੇ ਧਾਰਮਿਕ ਸਥਿਤੀ ਉਪਰ ਗੱਲ ਕਰਦਿਆਂ ਵਿਦੇਸ਼ਾਂ ਵਿਚ ਸਿੱਖਾਂ ਦੀ ਚੜਦੀ ਕਲਾ ਅਤੇ ਅਗਵਾਈ ਬਾਰੇ ਗੰਭੀਰ ਚਰਚਾ ਛੇੜੀ। ਉਘੇ ਪੱਤਰਕਾਰ ਸ ਜਸਪਾਲ ਸਿੰਘ ਜਿਹਨਾਂ ਦੀ ਜੂਨ 84 ਦੀ ਪੱਤਰਕਾਰੀ ਬਾਰੇ ਲਿਖੀ ਪੁਸਤਕ ਦੀ ਭਾਰੀ ਚਰਚਾ ਹੈ ਨੇ ਸਿਖੀ ਨੂੰ ਢਾਹ ਲਗਾਉਣ ਵਾਲੀਆਂ ਤਾਕਤਾਂ ਅਤੇ ਭਾਰਤੀ ਰਾਜਨੀਤੀ ਬਾਰੇ ਖੁੱਲਕੇ ਚਰਚਾ ਕੀਤੀ। ਉਹਨਾਂ ਕਿਹਾ ਅੱਜ ਲੋੜ ਹੈ ਕਿ ਸਿੱਖ ਪੰਥ ਦੀਆਂ ਮਹਾਨ ਸੰਸਥਾਵਾਂ ਦੇ ਮੁਖੀਆਂ ਦੀ ਨਿਯੁਕਤੀ ਲਈ ਇਕ ਆਜ਼ਾਦ ਤੇ ਸਰਬਪ੍ਰਵਾਨਿਤ ਤਰੀਕਾਕਾਰ ਦੀ। ਉਹਨਾਂ ਕਿਹਾ ਜਿੰਨੀ ਦੇਰ ਸਿੱਖ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਗੰਧਲੀ ਰਾਜਨੀਤੀ ਤੋ ਨਿਰਲੇਪ ਤੇ ਆਜ਼ਾਦ ਨਹੀਂ ਹੁੰਦੀਆਂ ਉਤਨੀ ਦੇਰ ਇਹਨਾਂ ਸੰਸਥਾਵਾਂ ਉਪਰ ਬੈਠਣ ਵਾਲੀਆਂ ਹਸਤੀਆਂ ਤੋ ਕੌਮ ਦੇ ਹਿੱਤ ਵਿਚ ਲਏ ਜਾਣ ਵਾਲੇ ਫੈਸਲਿਆਂ ਉਪਰ ਕਿੰਤੂ ਪ੍ਰਤੂੰ ਹੁੰਦੇ ਰਹਿਣਗੇ। ਉਹਨਾਂ ਜੂਨ 84 ਤੋਂ ਪਹਿਲਾਂ ਅਤੇ ਬਾਦ ਵਿਚ ਸ੍ਰੋਮਣੀ ਅਕਾਲੀ ਦਲ ਦੀ ਭੂਮਿਕਾ ਉਪਰ ਵੀ ਕਈ ਸਵਾਲ ਉਠਾਏ। ਇਸ ਮੌਕੇ ਕਲਗੀਧਰ ਸੁਸਾਇਟੀ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਉਘੇ ਪੱਤਰਕਾਰ ਡਾ ਗੁਰਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ।
ਨਗਰ ਕੀਰਤਨ ਦੌਰਾਨ ਝਾਕੀਆਂ- ਨਗਰ ਕੀਰਤਨ ਦੌਰਾਨ ਜਿਥੇ ਖਾਲਿਸਤਾਨੀ ਝੰਡੇ ਪੂਰੀ ਸ਼ਾਨ ਨਾਲ ਲਹਿਰਾਏ ਗਏ ਉਥੇ ਇਕ ਫਲੋਟ ਤੋਂ ਇਕ ਬੁਲਾਰੇ ਵਲੋਂ ਇਕ ਸਥਾਨਕ ਰੇਡੀਓ ਦੇ ਪ੍ਰਚਾਰ ਢੰਗ ਉਪਰ ਤਿੱਖੀ ਟਿਪਣੀ ਕਰਦਿਆਂ ਉਸਨੂੰ ਗਿੱਦੜ ਮੀਡੀਆ ਕਰਾਰ ਦਿੰਦਿਆਂ ਕਿਸਾਨ ਅੰਦੋਲਨ ਦੌਰਾਨ ਇਕੱਠੇ ਕੀਤੇ ਫੰਡਾਂ ਦਾ ਹਿਸਾਬ ਲੈਣ ਲਈ ਸੰਗਤਾਂ ਨੂੰ ਅਪੀਲ ਕੀਤੀ। ਇਕ ਸਿੱਖ ਬੁਲਾਰੇ ਵਲੋਂ ਮੰਚ ਤੋਂ ਮੀਡੀਆ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕੀਤੀਆਂ ਗਈਆਂ ਸਖਤ ਟਿਪਣੀਆਂ ਬਾਰੇ ਸ਼ੋਸਲ ਮੀਡੀਆ ਉਪਰ ਵਾਇਰਲ ਵੀਡੀਓ ਦੀ ਵੀ ਭਾਰੀ ਚਰਚਾ ਹੈ। ਨਗਰ ਕੀਰਤਨ ਦੌਰਾਨ ਭਾਰਤ ਵਿਚ ਸਿੱਖਾਂ ਤੇ ਜਿਆਦਤੀਆਂ ਦੀਆਂ ਝਲਕੀਆਂ ਪ੍ਰਦਰਸ਼ਿਤ ਕਰਨ ਦੇ ਨਾਲ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਾਰ ਬੰਬ ਧਮਾਕੇ ਵਿਚ ਉਡਾਏ ਜਾਣ ਬਾਰੇ ਝਾਕੀ ਵੀ ਪ੍ਰਦਰਸ਼ਿਤ ਕੀਤੀ ਗਈ। ਇਸ ਝਾਕੀ ਦੇ ਨਾਲ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ। ਇਸ ਸਬੰਧੀ ਵਾਇਰਲ ਵੀਡੀਓ ਦੀ ਵੀ ਚਰਚਾ ਹੈ। ਇਕ ਝਲਕੀ ਬਾਦਲ ਪਰਿਵਾਰ ਦੇ ਘੁਟਾਲਿਆਂ ਸਬੰਧੀ ਵਿਚ ਪ੍ਰਦਰਸ਼ਿਤ ਕੀਤੀ ਗਈ।
ਨਗਰ ਕੀਰਤਨ ਦੀ ਸਫਲਤਾ ਲਈ ਧੰਨਵਾਦ- ਹਰ ਸਾਲ ਦੀ ਤਰਾਂ ਸੰਗਤਾਂ ਵਲੋਂ ਨਗਰ ਕੀਰਤਨ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਾਮਿਲ ਹੋ ਕੇ ਵਿਖਾਏ ਗਏ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਨਗਰ ਕੀਰਤਨ ਦੀ ਸਫਲਤਾ ਲਈ ਕਲਗੀਧਰ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਮੈਂਬਰ ਬਲਵੀਰ ਸਿੰਘ, ਗੁਰਜੀਤ ਸਿੰਘ, ਜਸਬੀਰ ਸਿੰਘ ਪੰਨੂ ਤੇ ਮੁੱਖ ਪ੍ਰਬੰਧਕ ਬਾਜ ਸਿੰਘ ਵਲੋਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।