Headlines

ਕੈਬਨਿਟ ਮੰਤਰੀ ਖੁੱਡੀਆਂ ਦਾ ਅਲਬਰਟਾ ਵਿਧਾਨ ਸਭਾ ਤੇ ਸਿਟੀ ਹਾਲ ਵਿਚ ਸਨਮਾਨ

ਐਡਮਿੰਟਨ ( ਗੁਰਪ੍ਰੀਤ ਸਿੰਘ) -ਪੰਜਾਬ ਤੋਂ ਕੈਨੇਡਾ ਦੌਰੇ ਦੌਰਾਨ ਐਡਮਿੰਟਨ ਪੁੱਜੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦਾ ਹਰ ਪਰਵਾਸੀ ਪੰਜਾਬੀ ਨੇ ਪਾਰਟੀ ਪੱਧਰ ਤੋਂ ਉਪਰ ਉਠਕੇ ਸਵਾਗਤ ਤੇ ਸਨਮਾਨ ਕੀਤਾ। ਉਹਨਾਂ ਦਾ ਇਹ ਸਨਮਾਨ ਉਹਨਾਂ ਦੇ ਨੇਕ ਦਿਲ, ਇਮਾਨਦਾਰ ਅਤੇ ਆਮ ਲੋਕਾਂ ਦੇ ਹਮਦਰਦ ਸਿਆਸਤਦਾਨ ਵਜੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਸਵਰਗੀ ਪਿਤਾ ਦਰਵੇਸ਼ ਸਿਆਸਤਦਾਨ ਸ ਜਗਦੇਵ ਸਿੰਘ ਖੁੱਡੀਆਂ ਨੂੰ ਵੀ ਲੋਕਾਂ ਵਲੋਂ ਯਾਦ ਕੀਤਾ ਗਿਆ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਗੁਰਮੀਤ ਸਿੰਘ ਖੁੱਡੀਆਂ ਨੂੰ ਉਹਨਾਂ ਦੀ ਵਿਰਾਸਤ ਦਾ ਅਸਲੀ ਵਾਰਿਸ ਦੱਸਿਆ ਗਿਆ। ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਦੇ ਮਾਣ ਵਿਚ ਕਈ ਸਨਮਾਨ ਸਮਾਗਮ ਆਯੋਜਿਤ ਕੀਤੇ ਗਏ ਜਿਹਨਾਂ ਵਿਚ ਸ਼ਿਰਕਤ ਕਰਦਿਆਂ ਉਹਨਾਂ ਨੇ ਪਰਵਾਸੀ ਪੰਜਾਬੀਆਂ ਵਲੋਂ ਦਿੱਤੇ ਮਾਣ-ਸਤਿਕਾਰ ਲਈ ਵਿਸ਼ੇਸ਼ ਧੰਨਵਾਦ ਕੀਤਾ।

ਅਲਬਰਟਾ ਵਿਧਾਨ ਸਭਾ ਵਿਚ ਸਨਮਾਨ-ਇਸੇ ਦੌਰਾਨ ਸ ਗੁਰਮੀਤ ਸਿੰਘ ਖੁੱਡੀਆਂ ਦਾ ਅਲਬਰਟਾ ਦੀ ਵਿਧਾਨ ਸਭਾ ਅੰਦਰ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ ਤੇ ਐਡਮਿੰਟਨ ਤੋਂ ਐਲ ਐਲ ਏ ਜਸਵੀਰ ਸਿੰਘ ਦਿਓਲ ਵਲੋਂ ਉਹਨਾਂ ਦਾ ਵਿਧਾਨ ਸਭਾ ਵਿਚ ਵਿਸ਼ੇਸ਼ ਸਵਾਗਤ ਕੀਤਾ ਗਿਆ ਤੇ ਸਦਨ ਦੇ ਮੈਂਬਰਾਂ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਵਾਈ। ਵਿਧਾਨ ਸਭਾ ਦੀ ਦੌਰੇ ਉਪਰੰਤ ਸ ਗੁਰਮੀਤ ਸਿੰਘ ਖੁੱਡੀਆਂ ਨੇ ਅਲਬਰਟਾ ਵਿਧਾਨ ਸਭਾ ਵਿਚ ਪੰਜਾਬੀ ਮੂਲ ਦੇ ਵਿਧਾਇਕਾਂ ਦੀ ਮੌਜੂਦਗੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਧਾਇਕਾ ਅਲਬਰਟਾ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਮੇਅਰ ਅਮਰਜੀਤ ਸੋਹੀ ਵਲੋਂ ਸਨਮਾਨ-

ਇਸੇ ਦੌਰਾਨ ਐਡਮਿੰਟਨ ਦੇ ਮੇਅਰ ਅਮਰਜੀਤ ਸਿੰਘ ਸੋਹੀ ਵਲੋ ਕੈਬਨਿਟ ਮੰਤਰੀ ਖੁੱਡੀਆਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਸਿਟੀ ਹਾਲ ਪੁੱਜੇ ਸ ਖੁੱਡੀਆਂ ਦਾ ਉਹਨਾਂ ਨੇ ਸਿਟੀ ਹਾਲ ਅਤੇ ਆਪਣੇ ਦਫਤਰ ਦਾ ਵਿਸ਼ੇਸ਼ ਦੌਰਾ ਕਰਵਾਇਆ ਤੇ ਸਿਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਸ ਖੁੱਡੀਆਂ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਵੀ ਕੀਤਾ।

ਦਸਮੇਸ਼ ਕਲਚਰ ਸੈਂਟਰ ਕੈਲਗਰੀ-

ਆਪਣੀ ਅਲਬਰਟਾ ਫੇਰੀ ਦੌਰਾਨ ਸ ਗੁਰਮੀਤ ਸਿੰਘ ਖੁੱਡੀਆਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਵੀ ਗਏ ਤੇ ਗੁਰੂ ਘਰ ਮੱਥਾ ਟੇਕਿਆ। ਗੁਰਦੁਆਰਾ ਕਮੇਟੀ ਵਲੋਂ ਉਹਨਾਂ ਦਾ ਸਿਰੋਪਾ ਸਾਹਿਬ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

-ਖੁੱਡੀਆਂ ਪੰਜਾਬ ਪਰਤੇ-

ਇਸੇ ਦੌਰਾਨ ਸ ਖੁੱਡੀਆਂ ਦੇ ਛੋਟੇ ਭਰਾ ਹਰਮੀਤ ਸਿੰਘ ਖੁੱਡੀਆਂ ਨੇ ਦੇਸ ਪ੍ਰਦੇਸ ਨੂੰ ਦੱਸਿਆ ਕਿ ਸ ਗੁਰਮੀਤ ਸਿੰਘ ਖੁੱਡੀਆਂ ਕੈਨੇਡਾ ਦੌਰੇ ਉਪਰੰਤ ਪੰਜਾਬ ਪਰਤ ਗਏ ਹਨ। ਉਹਨਾਂ ਆਪਣੇ ਬੇਟੇ ਮਨਮੀਤ ਖੁੱਡੀਆਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਪੁੱਜੇ ਸ ਗੁਰਮੀਤ ਸਿੰਘ ਖੁੱਡੀਆਂ ਦੀ ਇਸ ਛੋਟੀ ਜਿਹੀ ਫੇਰੀ ਦੌਰਾਨ ਲੋਕਾਂ ਵਲੋਂ ਦਿੱਤੇ ਅਥਾਹ ਪਿਆਰ ਤੇ ਸਤਿਕਾਰ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਵੇਂ ਕੈਨੇਡੀਅਨ ਪੰਜਾਬੀਆਂ ਵਲੋਂ ਪਾਰਟੀ ਪੱਧਰ ਤੋਂ ਉਪਰ ਉਠਕੇ ਗੁਰਮੀਤ ਸਿੰਘ ਖੁੱਡੀਆਂ ਤੇ ਖੁੱਡੀਆਂ ਪਰਿਵਾਰ ਨੂੰ ਮਾਣ ਸਤਿਕਾਰ ਦਿੱਤਾ ਗਿਆ, ਉਸ ਲਈ ਉਹ ਭਾਵੁਕ ਹਨ ਤੇ ਖੁੱਡੀਆਂ ਪਰਿਵਾਰ ਇਸ ਪਿਆਰ -ਸਤਿਕਾਰ ਲਈ ਸਦਾ ਰਿਣੀ ਰਹੇਗਾ।

-ਲਾਖਾ ਪਰਿਵਾਰ ਵਲੋਂ ਸਨਮਾਨ- ਸ ਗੁਰਮੀਤ ਸਿੰਘ ਖੁੱਡੀਆਂ ਸਵਰਗੀ ਐਮ ਪੀ ਸ ਹਰਭਜਨ ਸਿੰਘ ਲਾਖਾ ਦੇ ਵੈਨਕੂਵਰ ਵਸਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ ਤੇ ਮਿਲਣ ਗਏ। ਇਸ ਮੌਕੇ ਉਹਨਾਂ ਆਪਣੇ ਸਵਰਗੀ ਪਿਤਾ ਸ  ਜਗਦੇਵ ਸਿੰਘ ਖੁੱਡੀਆਂ ਅਤੇ ਸਵਰਗੀ ਲਾਖਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਲਾਖਾ ਪਰਿਵਾਰ ਵਲੋਂ ਪਰਮਜੀਤ ਲਾਖਾ ਤੇ ਰਛਪਾਲ ਲਾਖਾ ਤੇ ਉਹਨਾਂ ਦੀ ਮਾਤਾ ਜੀ ਵਲੋਂ ਸ ਖੁੱਡੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

 

Leave a Reply

Your email address will not be published. Required fields are marked *