Headlines

ਅਕਾਲ ਤਖਤ ਤੋਂ ਤਨਖਾਹੀਏ ਬਾਦਲ ਨੂੰ ਸਜ਼ਾ ਸੁਣਾਉਣ ਦਾ ਮਾਮਲਾ

ਸਿੰਘ ਸਾਹਿਬਾਨ ਕੋਲ ਅਹੁਦੇ ਦੀ ਵੱਕਾਰ ਬਹਾਲੀ ਦਾ ਸਹੀ ਮੌਕਾ-

ਸਿੰਘ ਸਾਹਿਬਾਨ ਦੇ ਨਾਮ ਖੁੱਲੀ ਚਿੱਠੀ-

ਸਰੀ (ਕੈਨੇਡਾ)-ਸਿੱਖ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਇਨ੍ਹੀ ਦਿਨੀਂ ਡੂੰਘੇ ਸੰਕਟ ਵਿੱਚ ਹੈ ਜਾਂ ਇੰਝ ਕਹਿ ਲਈਏ ਕਿ ਆਪਣੀ ਹੋਂਦ ਲਈ ਲੜਾਈ ਲੜ ਰਿਹਾ ਹੈ। ਬੇਅਦਬੀਆਂ ਸਮੇਤ ਹੋਰ ਬੱਜਰ ਗੁਨਾਹਾਂ ਦੀ ਸਜ਼ਾ ਭੁਗਤਦਿਆਂ ਬਾਦਲ ਪਰਿਵਾਰ ਪੰਜਾਬ ਅਤੇ ਸਿੱਖ ਕੌਮ ਦੇ ਤ੍ਰਿਸਕਾਰ ਦਾ ਭਾਗੀ ਬਣਕੇ ਹੁਣ ‘ਜਾਣੇ ਅਣਜਾਣੇ’ ‘ਚ ਹੋਈਆਂ ਭੁੱਲਾਂ ਦੇ ਨਾਂ ਤੇ ਆਪਣੀ ਮੁੜ ਸਥਾਪਤੀ ਲਈ ਤਰਲੇ ਕਰ ਰਿਹਾ ਹੈ। ਭਾਵੇਂ ਬਾਦਲ ਪਰਿਵਾਰ ਤੇ ਸ਼ੁਰੂ ਤੋਂ ਹੀ  ਪੰਥ ਅਤੇ ਪੰਥਕ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਦੇ ਦੋਸ਼ ਲਗਦੇ ਰਹੇ ਹਨ ਪਰ  ਸਿੱਖਾਂ ਦੀਆਂ ਅੱਖਾਂ ‘ਤੇ ਚੜ੍ਹੀਆਂ ਧਰਮ ਦੀਆਂ ਐਨਕਾਂ ਨੇ ਇਹ ਸੱਚ ਕਦੇ ਕਬੂਲਿਆ ਨਹੀਂ, ਪਰ 2015 ‘ਚ ਅਖੌਤੀ ਪੰਥਕ ਸਰਕਾਰ ਦੀ ਹਾਜ਼ਰੀ ਵਿੱਚ ਹਾਜ਼ਰ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਉਸ ਤੋਂ ਬਾਅਦ ਸਮੇਂ ਦੀ ਬਾਦਲ ਸਰਕਾਰ ਦੀਆਂ ਕਾਰਵਾਈਆਂ ਨੇ ਪੰਥ/ਪੰਜਾਬ ਦੀਆਂ ਅੱਖਾਂ ਤੇ ਚਿਰਕੀ ਚੜ੍ਹੀ ਉਹ ਕਾਲੀ ਐਨਕ ਉਤਾਰ ਦਿੱਤੀ । ਆਨੀ-ਬਹਾਨੀ ਭਾਵੇਂ ਬਾਦਲਾਂ ਨੇ ਕਈ ਵਾਰ ਚਾਲਬਾਜ਼ੀ ਨਾਲ ਮੁਆਫ਼ੀ ਦੇ ਨਾਂ ਤੇ ਪੰਥ ਵਿਚ ਗੁਆਚਿਆ ਆਪਣਾ ਭਰੋਸਾ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਨਹੀਂ ਹੋਇਆ। ਇਹ੍ਹ ਸਿੱਖ ਪੰਥ ਜਾਂ ਪੰਜਾਬੀਆਂ ਦੀ ਨਰਾਜ਼ਗੀ ਦਾ ਹੀ ਸਿੱਟਾ ਹੈ ਕਿ ਇਨ੍ਹੀ ਦਿਨੀਂ ਬਾਦਲਾਂ ਦੇ ਹੱਥਾਂ ਵਿਚਲੀ ਪੰਥ ਦੀ ਨੁਮਾਇੰਦਗੀ ਵਾਲੀ ਇਕਹਿਰੀ ਸਿਆਸੀ ਜਮਾਤ ਆਪਣੇ 104 ਸਾਲ ਦੇ ਲੰਬੇ ਤੇ ਇਤਿਹਾਸਕ ਪੜਾਅ ਦੌਰਾਨ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਤੇ ਨੁਮਾਇੰਦਗੀ ਦੇ ਨਾਂ ਤੇ ਇਸ ਕੋਲ ਮਹਿਜ਼ 2 ਵਿਧਾਇਕ ਤੇ  ਇੱਕ ਸਾਂਸਦ ਹੈ।

ਸਾਲ 2015 ਤੋਂ ਸ਼ੁਰੂ ਹੋਈ ਤਾਜ਼ੇ ਗੁਨਾਹਾਂ ਦੀ ਫਹਿਰਿਸਤ ਦੀ ਹੀ ਗੱਲ ਕਰੀਏ ਜਦੋਂ ਪੰਥ ਦੀ ਆਪਣੀ ਸਰਕਾਰ ਦੌਰਾਨ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬੀੜ ਚੋਰੀ ਕਰਕੇ ਤੇ ਫੇਰ ਬਰਗਾੜੀ ਦੀਆਂ ਗਲੀਆਂ ਵਿੱਚ  ਬੇਅਦਬੀ ਕੀਤੀ ਗਈ ਤਾਂ ਪੰਥਕ ਮਖੌਟੇ ਵਾਲੀ ਸਰਕਾਰ ਨੇ ਇਸਨੂੰ ਪ੍ਰੇਮੀਆਂ ਦੀਆਂ ਵੋਟਾਂ ਬਟੋਰਨ ਦਾ ਸਭ ਤੋਂ ਵਧੀਆ ਮੌਕਾ ਮੰਨ ਕੇ ਜੋ ਕਾਰਵਾਈਆਂ ਕੀਤੀਆਂ ਉਸਨੇ ਬਾਦਲ ਪਰਿਵਾਰ ਦੇ ਸਾਰੇ ਗੁਨਾਹ ਨੰਗੇ ਕਰਕੇ ਰੱਖ ਦਿੱਤੇ। ਕਾਨੂੰਨੀ ਪ੍ਰਕਿਰਿਆ ਦੇ ਨਾਂ ਤੇ ਸਿੱਖ ਪੰਥ ਨੂੰ ਇਨਸਾਫ ਨਹੀਂ ਮਿਲਿਆ ਜੋ ਅਜੇ ਤੱਕ ਦਰਕਾਰ ਹੈ।

ਜਿਉਂਦੇ ਜੀਅ ਪੰਥ ਦੇ ਅਸਲ ਗੁਨਾਹਗਾਰ ਵੱਡੇ ਬਾਦਲ ਨੇ ਭਾਵੇਂ ਆਪਣੀਆਂ ਕੂਟ ਨੀਤੀਆਂ ਸਦਕਾ ਗੁਨਾਹਾਂ ਨੂੰ ਕਟਹਿਰੇ ਵਿਚ ਆਉਣੋਂ ਰੋਕੀ ਰੱਖਿਆ ਸੀ ਪਰ ਉਸਦੇ ਜਾਣ ਤੋਂ ਤੁਰੰਤ ਬਾਅਦ ਉਸਦਾ ਸਿਆਸੀ ਵਾਰਿਸ ਮੁਸ਼ਕਲਾਂ ਵਿਚ ਘਿਰ ਗਿਆ ਹੈ। ਸਿੱਖ ਪੰਥ ਦੇ ਬੀਤੇ ਵਿਚ ਹੋਏ ਵੱਡੇ ਨੁਕਸਾਨ ਤੋਂ ਬਾਅਦ ਹੁਣ ਜਦੋਂ ਅਸਲ ਦੋਸ਼ੀ ਨੇ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਹਨ ਤਾਂ ਗੇਂਦ ਜਥੇਦਾਰਾਂ ਦੇ ਪਾਲੇ ਵਿਚ ਆ ਗਈ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਤੱਥਾਂ ਦੇ ਆਧਾਰ ਤੇ ਸਾਬਤ ਕਰ ਦਿੱਤਾ ਕਿ ਕਿਸ ਤਰ੍ਹਾਂ ਸੌਦਾ ਸਾਧ ਵੱਲੋਂ ਸਵਾਂਗ ਧਾਰਨ ਕਰਨ ਵਾਲੇ ਕੇਸ ਵਿੱਚ ਐਨ 2012 ਇਲੈਕਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਕੇਸ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਤੇ ਉਸ ਦਾ ਸਿੱਧਾ ਫਾਇਦਾ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਚੋਣਾਂ ਵਿੱਚ ਉਠਾਇਆ। ਸੋ ਗੁਰੂ ਘਰ ਨੂੰ ਪਿੱਠ ਦਿਖਾ ਕੇ ਸਿਰਸੇ ਵਾਲੇ ਸਾਧ ਨਾਲ ਵੋਟਾਂ ਦਾ ਸੌਦਾ ਕੀਤਾ ਅਤੇ ਬੇਅਦਬੀ ਦੇ ਮਾਮਲੇ ਵਿੱਚ ਜਿਹੜੀ ਮੁਆਫੀ ਸਿਰਸਾ ਸਾਧ ਨੂੰ ਦਿੱਤੀ ਗਈ ਉਹ ਸਾਰੇ ਬੇਅਦਬੀ ਕਾਂਡ ਦੀ ਨੀਹ ਉਥੋਂ ਰੱਖੀ ਗਈ। ਸੱਚੇ ਸੌਦੇ ਦੇ ਪ੍ਰੇਮੀ ਇਸ ਗੱਲ ਤੋਂ ਨਾਰਾਜ਼ ਸੀ ਕਿ ਉਨ੍ਹਾਂ ਦੇ ਕਥਿਤ ਮੁਰਸ਼ਦ ਦੀ ਫਿਲਮ ਸਿੱਖ ਸੰਗਤ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇ ਰਹੀ ਇਸ ਲਈ ਉਨ੍ਹਾਂ ਸਿੱਖ ਪੰਥ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਤੇ ਸਰਕਾਰ ਦੀ ਪੁਸ਼ਤ ਪਨਾਹੀ ਹੋਣ ਕਾਰਨ ਡੇਰਾ ਪ੍ਰੇਮੀਆਂ ਦੇ ਹੌਸਲੇ ਸੱਤਵੇਂ ਅਸਮਾਨ ਨੂੰ ਛੂਗ ਰਹੇ ਸਨ। ਰਿਪੋਰਟ ਦੱਸਦੀ ਹੈ ਕਿ ਜੂਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤਾ ਜਾਂਦਾ ਹੈ ਤੇ ਤਤਕਾਲੀ ਪੰਥਕ ਸਰਕਾਰ ਇਸ ਚੋਰੀ ਦੇ ਮਸਲੇ ਦੀ ਗੰਭੀਰਤਾ ਨੂੰ ਭਲੀ ਭਾਂਤੀ ਜਾਣਦੇ ਹੋਏ ਵੀ ਜਾਣਬੁੱਝ ਕੇ ਅੱਖਾਂ ਮੀਚਦੀ ਹੈ ਜਿਸ ਕਾਰਨ ਪੁਲਿਸ ਇਸ ਕੇਸ ਵਿੱਚ ਕੋਈ ਵੀ ਗੰਭੀਰਤਾ ਨਹੀਂ ਦਿਖਾਉਂਦੀ ਸਗੋਂ ਅਕਾਲੀ ਦਲ ਦੇ ਮੁਕਾਮੀ ਲੀਡਰਾਂ ਵੱਲੋਂ ਪਿੰਡ ਬਰਗਾੜੀ ਦੀ ਕਿਸੇ ਵੀ ਤਰ੍ਹਾਂ ਦੀ ਤਲਾਸ਼ੀ ਵਿੱਚ ਅੜਿਕਾ ਲਾਇਆ ਜਾਂਦਾ ਹੈ। ਸਤੰਬਰ 2015 ਵਿੱਚ ਸਿੱਖ ਸੰਗਤ ਨੂੰ ਭੱਦੀ ਗਾਲੀ ਗਲੋਚ ਕਰਦਿਆਂ ਇਲਾਕੇ ਵਿੱਚ ਪੋਸਟਰ ਲਗਾਏ ਜਾਂਦੇ ਹਨ ਅਤੇ ਇਹ ਧਮਕੀ ਦੇ ਦੇਣ ਤੋਂ ਬਾਅਦ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਵੇਗੀ ਫਿਰ ਵੀ 10 ਤੋਂ 15 ਦਿਨਾਂ ਲਈ ਪੁਲਿਸ ਆਪਣੇ ਅਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਕੁਝ ਵੀ ਕਰਨ ਦੇ ਵਿੱਚ ਨਾਕਾਮ ਰਹਿੰਦੀ ਹੈ। ਬਿਨਾਂ ਸ਼ੱਕ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਗੱਲ ਲਈ ਸਿੱਧੇ ਰੂਪ ਵਿੱਚ ਜਿੰਮੇਵਾਰ ਹਨ। ਅਕਤੂਬਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਰੋਲੇ ਜਾਂਦੇ ਹਨ। ਘਟਨਾ ਵਾਪਰਨ ਮਗਰੋਂ ਪੂਰੀ ਸਿੱਖ ਕੌਮ ਵਿੱਚ ਭਾਰੀ ਰੋਸ ਹੋਣ ਕਾਰਨ ਸੰਗਤ ਵੱਲੋਂ ਮੋਰਚੇ ਲਗਾਏ ਜਾਂਦੇ ਹਨ ਤੇ ਇਨਸਾਫ ਮੰਗਿਆ ਜਾਂਦਾ ਹੈ, ਪਰ ਉਸ ਵੇਲੇ ਕੇਸ ਵਿਚ ਸਿੱਧੇ ਰੂਪ ਵਿੱਚ ਡੇਰਾ ਪ੍ਰੇਮੀਆਂ ਦਾ ਨਾਮ ਆਉਣ ਦੇ ਬਾਵਜੂਦ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਅਕਾਲੀ ਦਲ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਬਿਜਾਏ ਪ੍ਰੇਮੀਆਂ ਦੀਆਂ ਵੋਟਾਂ  ਤਲਾਸ਼ਦੇ ਰਹੇ। ਸਰੂਪ ਚੋਰੀ ਦਾ ਇੱਕ ਦੋਸ਼ੀ ਗੁਰਦੇਵ ਸਿੰਘ ਜਿਸ ਦਾ ਬਾਅਦ ਵਿੱਚ ਕਤਲ ਵੀ ਹੋ ਗਿਆ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਉਲਟ ਸਿੱਖ ਸੰਗਤ ਉੱਤੇ ਝੂਠੇ ਪਰਚੇ ਪਾਏ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਉਸਦੀ ਸਿੰਘਣੀ ਤੇ ਅੰਨਾ ਤਸ਼ੱਦਦ ਕੀਤਾ ਗਿਆ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸਿੱਖ ਸੰਗਤ ਦੇ ਉੱਤੇ ਲਾਠੀਆਂ, ਅੱਥਰੂ ਗੈਸ, ਵਾਟਰ ਕੈਨਨ ਅਤੇ ਗੋਲੀਆਂ ਦਾ ਮੀਂਹ ਵਰਸਾਇਆ ਜਾਂਦਾ ਹੈ। ਅਖੌਤੀ ਪੰਥਕ ਸਰਕਾਰ ਨੇ ਆਪਣੀਆਂ ਦੁਸ਼ਕਰਮ ਲੁਕਾਉਣ ਵਾਸਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਸਹਾਰਾ ਲਿਆ ਅਤੇ ਕਮਿਸ਼ਨ ਤੋਂ ਸੀਸੀਟੀਵੀ ਫੁਟੇਜ ਵੀ ਲਕੋਈ ਗਈ। ਇਸੇ ਤਰਾਂ ਬਹਿਬਲ ਕਲਾਂ ਵਿੱਚ ਜੋ ਭਾਣਾ ਵਰਤਿਆ ਜਿੱਥੇ ਦੋ ਨਿਰਦੋਸ਼ ਸਿੰਘਾਂ ਨੂੰ  ਪੁਲਿਸ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਦੀਆਂ ਘਿਨਾਉਣੀਆਂ ਪੰਥ ਵਿਰੋਧੀ ਕਾਰਵਾਈਆਂ ਪੰਜਾਬ ਪੁਲਿਸ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਹੋਇਆ ਸਿੱਖ ਸੰਗਤ ਦੇ ਖਿਲਾਫ ਕੀਤੀਆਂ ਗਈਆਂ ਤੇ ਹੁਣ ਜਦੋਂ ਅਲਾਹੀ ਅਦਾਲਤ ਦੀ ਮਾਰ ਪੈ ਰਹੀ ਹੈ ਤਾਂ ਬਾਦਲ ਪਰਿਵਾਰ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਮੁਆਫੀ ਦੀਆਂ ਦੁਹਾਈਆਂ ਦੇ ਰਿਹਾ ਹੈ।

ਇਹ ਵੇਲਾ ਸਿਰਫ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਲਈ ਹੀ ਇਮਤਿਹਾਨ ਦੀ ਘੜੀ ਨਹੀਂ ਸਗੋਂ ਸਿੱਖ ਕੌਮ ਦੀ ਸਿਖਰਲੀ ਅਲਾਹੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਲਈ ਵੀ ਪਰਖ ਦੀ ਘੜੀ ਹੈ। ਜਥੇਦਾਰਾਂ ਕੋਲ ਇਹ੍ਹ ਹੁਣ ਸਭ ਤੋਂ ਢੁੱਕਵਾਂ ਸਮਾਂ ਹੈ ਜਦੋ ਬੀਤੇ ਦੀਆਂ ਗਲਤੀਆਂ ਨੂੰ ਸੁਧਾਰਕੇ ਇਸ ਤਖਤ ਦਾ ਕੌਮ ਵਿੱਚ ਖੁੱਸਿਆ ਵਕਾਰ ਫਿਰ ਬਹਾਲ ਕੀਤਾ ਜਾਵੇ । ਸਿੱਖ ਕੌਮ ਹੁਣ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਸਨੂੰ ਕੌਮ ਦੇ ਪੌਪ ਦਾ ਰੁਤਬਾ ਹਾਸਲ ਹੈ ਦੇ ਅਹੁਦੇ ‘ਤੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਨੂੰ ਵੇਖਣਾ ਲੋਚਦੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਵਰਗੀ ਸਖਸ਼ੀਅਤ ਨੂੰ ਵੀ ਗਲਤੀ ਕਰਨ ਤੇ ਦਰਖ਼ਤ ਨਾਲ ਬੰਨ੍ਹ ਕੇ ਕੋੜੇ ਮਾਰਨ ਤੱਕ ਦੀ ਸਜ਼ਾ ਦੇਣ ਦੀ ਜੁਰਅਤ ਕਰ ਸਕਦਾ ਹੋਵੇ। ਜਥੇਦਾਰ ਸਾਬ੍ਹ ਫੈਸਲਾ ਕਰਦਿਆਂ ਸਿਰਫ ਸੁਖਬੀਰ ਬਾਦਲ ਹੀ ਨਹੀਂ ਸਗੋਂ ਬੱਜਰ ਗੁਨਾਹਾਂ ਵਿਚ ਸ਼ਰੀਕ ਬਾਕੀ ਜੁੰਡਲੀ (ਸਮੇਤ ਬਾਗੀਆਂ ) ਨੂੰ ਵੀ ਸਜ਼ਾ ਦਾ ਭਾਗੀ ਬਣਾਇਆ ਜਾਵੇ ਅਤੇ ਗੁਨਾਹਾਂ ਦਾ ਕਬੂਲਨਾਮਾ ‘ਜਾਣੇ ਅਨਜਾਣੇ’ ਚ ਨਹੀਂ ਸਗੋਂ ਲਿਖਤੀ ਰੂਪ ਵਿੱਚ ਲਿਆ ਜਾਵੇ। ਜਥੇਦਾਰ ਜੀ ਫੈਸਲਾ ਸੁਣਾਉਣ ਵੇਲੇ ਧਿਆਨ ਵਿੱਚ ਜਰੂਰ ਰੱਖਿਓ ਕਿ ਸਿੱਖ ਕੌਮ ਤੁਹਾਡੇ ਫੈਸਲੇ ਵਿਚੋਂ ਅਕਾਲੀ ਫੂਲਾ ਸਿੰਘ ਦੀ ਝਲਕ ਵੇਖਣ ਲਈ ਉਤਾਵਲੀ ਹੈ।

ਗੁਰੂ ਪੰਥ ਦਾ ਦਾਸ ,

ਮਨਿੰਦਰ ਸਿੰਘ ਗਿੱਲ।

Leave a Reply

Your email address will not be published. Required fields are marked *