ਨੌਜਵਾਨ ਪੀੜ੍ਹੀ ਲੋਕ ਪੱਖੀ ਸਾਹਿਤ ਸਿਰਜਣ ਵਿੱਚ ਅੱਗੇ ਆਵੇ-ਧਾਲੀਵਾਲ
ਸਾਹਿਤ ਰਚਨ ਵਿੱਚ ਔਰਤ ਲੇਖਕਾਂ ਦੀ ਅਹਿਮ ਭੂਮਿਕਾ-ਅਮਨ ਧਾਲੀਵਾਲ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,8 ਸਤੰਬਰ-ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਭਿਰੂਪ ਕੌਰ ਮਾਨ ਦੀ ਅੰਗਰੇਜ਼ੀ ਦੀਆਂ ਕਹਾਣੀਆਂ ਦਾ ਪਲੇਠਾ ਕਹਾਣੀ ਸੰਗ੍ਰਹਿ ‘Insight Inscribed ‘ ਅੱਜ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ‘ਤੇ ਬੋਲਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਸਹਿਤ ਨਾਲ ਜੁੜਨਾ ਇੱਕ ਚੰਗਾ ਸੰਕੇਤ ਹੈ ਅਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਅਤੇ ਲੋਕ ਪੱਖੀ ਸਾਹਿਤ ਸਿਰਜਣ ਵਿੱਚ ਅੱਗੇ ਆਵੇ। ਉਹਨਾਂ ਕਿਹਾ ਕਿ ਸਾਹਿਤ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਅਤੇ ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਸਾਹਿਤ ਦੀ ਰਚਨਾ ਕਰਨ ਵਿੱਚ ਅੱਗੇ ਆਵੇ। ਉਹਨਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਜਿਸ ਰਾਹੀਂ ਲੇਖਕ ਸਮਾਜ ਵਿੱਚ ਵਾਪਰਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਨੂੰ ਕਲਮਬੰਦ ਕਰਕੇ ਪਾਠਕਾਂ ਨੂੰ ਪਰੋਸਦਾ ਹੈ ਅਤੇ ਚੰਗੀ ਦਿਸ਼ਾ ਵੱਲ ਪ੍ਰੇਰਿਤ ਕਰਦਾ ਹੈ।
ਉਹਨਾਂ ਕਿਹਾ ਕਿ ਸਾਹਿਤ ਕਿਸੇ ਵੀ ਭਾਸ਼ਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਇਸਨੂੰ ਮਜ਼ਬੂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਸਾਹਿਤ ਦਾ ਵਿਸ਼ਾ ਮਾਨਵੀਂ ਸਮਾਜ ਦੇ ਆਪਸੀ ਰਿਸ਼ਤਿਆਂ ‘ਤੇ ਆਧਾਰਿਤ ਹੁੰਦਾ ਹੈ। ਸਮਾਜ ਵਿਚ ਜਿਹੋ ਜਹੇ ਮਾਨਵੀਂ ਸਬੰਧ ਮੌਜੂਦ ਹੁੰਦੇ ਹਨ, ਸਾਹਿਤਕਾਰ ਉਸਨੂੰ ਆਧਾਰ ਬਣਾਕੇ ਸਾਹਿਤਕ ਸਿਰਜਣਾ ਕਰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਹਰ ਦੁੱਖ ਸੁੱਖ ਦੀ ਘੜੀ ਵਿੱਚ ਸਰੀਕ ਹੁੰਦੀ ਹੈ ।
ਉਹਨਾਂ ਕਿਹਾ ਕਿ ਨੌਜਵਾਨ ਪੀੜੀ ਦਾ ਸਹਿਤ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ ਉਹਨਾਂ ਕਿਹਾ ਕਿ ਜਿੱਥੇ ਅੱਜ ਕੁਝ ਨੌਜਵਾਨ ਨਸ਼ਿਆਂ ਅਤੇ ਹੋਰ ਕੁਰੀਤੀਆਂ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਇਹਨਾਂ ਕੁਰੀਤੀਆਂ ਵਿੱਚੋਂ ਕੱਢਣ ਵਿੱਚ ਵੀ ਸਾਹਿਤ ਦਾ ਯੋਗਦਾਨ ਰਹਿੰਦਾ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ, ਮੋਬਾਇਲ ਫੋਨਾਂ ਅਤੇ ਹੋਰ ਸਮਾਜਿਕ ਕੁਰੀਤੀਆਂ ਵਿੱਚ ਲਿਪਟੀ ਹੋਈ ਹੈ ਉਥੇ
ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੁਝ ਨੌਜਵਾਨ ਬੱਚੇ ਬੱਚੀਆਂ ਰਚਨਾਤਮਕ ਲਿਖਤਾਂ ਵੱਲ ਰੁਝਾਨ ਪੈਦਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਸਾਹਿਤ ਇੱਕ ਅਮੀਰ ਵਿਰਸਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਕੰਮਾਂ ਅਤੇ ਆਪਣੇ ਸੱਭਿਆਚਾਰ ਬਾਰੇ ਦੱਸਣ ਲਈ ਸਾਹਿਤ ਦਾ ਹੋਣਾ ਬਹੁਤ ਜਰੂਰੀ ਹੈ।
ਉਹਨਾਂ ਅਭਿਰੂਪ ਕੌਰ ਮਾਨ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੀਆਂ ਬੱਚੀਆਂ ਵਲੋਂ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਹ ਸਾਡੇ ਸਾਰਿਆਂ ਲਈ ਬੜੀ ਫ਼ਖ਼ਰ ਵਾਲੀ ਗੱਲ ਹੈ।
ਪੰਜਾਬੀਆਂ ਦੇ ਕਿਤਾਬਾਂ ਨਾਲੋਂ ਟੁੱਟਣ ’ਤੇ ਗਹਿਰੀ ਚਿੰਤਾ ਕਰਦਿਆਂ ਉਹਨਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲਕੇ ਬੱਚਿਆਂ ਨੂੰ ਕਿਤਾਬਾਂ ਅਤੇ ਅਖ਼ਬਾਰਾਂ ਨਾਲ ਜੋੜਨ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਇਸ ਮੌਕੇ ਤੇ ਬੋਲਦਿਆਂ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਉਹ ਭਾਵੇਂ ਲੰਮੇ ਸਮੇਂ ਤੋਂ ਅਮਰੀਕਾ ਦੇ ਵਾਸੀ ਹਨ ਪਰ ਇਸਦੇ ਬਾਵਜੂਦ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਸਾਹਿਤ ਨੇ ਪੰਜਾਬ ਨਾਲ ਜੋੜਕੇ ਰੱਖਿਆ ਹੈ। ਉਹਨਾਂ ਕਿਹਾ ਇਸ ਵਕਤ ਲੜਕੀਆਂ ਦਾ ਸਾਹਿਤ ਪ੍ਰਤੀ ਮੋਹ ਵਧ ਰਿਹਾ ਹੈ ਜੋ ਕੇ ਇਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਸਾਹਿਤ ਰਚਨ ਵਿੱਚ ਔਰਤ ਲੇਖਕਾਂ ਦੀ ਅਹਿਮ ਭੂਮਿਕਾ ਰਹੀ ਹੈ।
ਇਸ ਮੌਕੇ ‘ਤੇ ਬੋਲਦਿਆਂ ਐਸ ਐਸ ਮਿਸਟਰਸ ਸ੍ਰੀਮਤੀ ਜਸਪਾਲ ਕੌਰ ਗੁਰਾਇਆ ਨੇ ਕਿਹਾ ਕਿ ਸਾਨੂੰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਬੱਚੀ ਨੇ ਸਾਹਿਤ ਖੇਤਰ ਵਿਚ ਪਹਿਲੀ ਪੁਲਾਂਗ ਪੁੱਟੀ ਹੈ।
ਇਸ ਮੌਕੇ ਤੇ ਆਪਣੀ ਕਿਤਾਬ ਬਾਰੇ ਜਾਣਕਾਰੀ ਦੇਂਦਿਆਂ ਅਭਿਰੂਪ ਕੌਰ ਮਾਨ ਨੇ ਕਿਹਾ ਕਿ ਇਸ ਕਿਤਾਬ ਵਿੱਚ ਵੱਖ ਵੱਖ ਜੁਰਮ,ਜਸੂਸੀ,ਰੋਮਾਂਚਿਕ,ਹਾਸਰਸ ਅਤੇ ਵਿਗਿਆਨਿਕ ਵਿਸ਼ਿਆਂ ਨੂੰ ਛੂਹਿਆ ਗਿਆ ਹੈ। ਮੇਰੀ ਇਹ ਕਿਤਾਬ ਹਰ ਵਰਗ ਦੇ ਪਾਠਕ ਦੀਆਂ ਰੁਚੀਆਂ ਤੇ ਭਾਵਨਾਵਾਂ ਨੂੰ ਸਮਰਪਿਤ ਹੈ।
ਇਸ ਮੌਕੇ ਤੇ ਡਾਕਟਰ ਪਰਮਪ੍ਰੀਤ ਕੌਰ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਹਰਦੀਪ ਸਿੰਘ,ਅਮਨਦੀਪ ਕੌਰ ਅਤੇ ਪ੍ਰਨੀਤ ਕੌਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ:ਅਭਿਰੂਪ ਮਾਨ ਦਾ ਪਲੇਠਾ ਕਹਾਣੀ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ।ਨਾਲ ਹਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ,ਜਸਪਾਲ ਕੌਰ ਗੁਰਾਇਆ ਸੀਨੀਅਰ ਪੱਤਰਕਾਰ ਰਾਜਨ ਮਾਨ, ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)