ਸਰੀ, 10 ਸਤੰਬਰ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਨਿਊਟਨ ਲਾਇਬਰੇਰੀ ਸਰੀ ਵਿਚ ਮੁਖਤਿਆਰ ਸਿੰਘ ਬੋਪਾਰਾਏ ਦੀ ਪਿੰਡ ਚੌਂਕੀਮਾਨ ਬਾਰੇ ਇਤਿਹਾਸਕ
ਖੋਜ ‘ਤੇ ਆਧਾਰਤ ਡਾਕੂਮੈਂਟਰੀ ‘ਜੜ੍ਹਾਂ ਦੀ ਤਲਾਸ਼’ ਦਿਖਾਈ ਗਈ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਉਪਰ ਚਰਚਾ ਕੀਤੀ ਗਈ।
ਪ੍ਰੋਗਰਾਮ ਦਾ ਆਗਾਜ਼ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ ਸਰੀ ਵਿਚ ਰਹਿੰਦੀਆਂ ਪਿੰਡ ਚੌਂਕੀਮਾਨ ਦੀਆਂ ਧੀਆਂ ਜਸਬੀਰ ਮਾਨ ਅਤੇ ਬਿੰਦੂ ਮਠਾੜੂ ਨੇ ਪਿੰਡ ਬਾਰੇ ਇਤਿਹਾਸਕ ਖੋਜ ਕਰਨ ਲਈ ਮੁਖਤਿਆਰ ਸਿੰਘ ਬੋਪਾਰਾਏ ਅਤੇ ਮਾਸਟਰ ਤਰਲੋਚਨ ਸਿੰਘ ਸਮਰਾਲਾ ਵੱਲੋਂ ਡੇਢ ਸਾਲ ਕੀਤੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚੇ ਚੌਂਕੀਮਾਨ ਵਾਸੀਆਂ ਨੂੰ ਉਨ੍ਹਾਂ ਦੇ ਕਾਰਜ ਉੱਪਰ ਮਾਣ ਹੈ। ਇਸ ਮੌਕੇ ਮਰਹੂਮ ਮਾਸਟਰ ਤਰਲੋਚਨ ਸਿੰਘ ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਡਾਕੂਮੈਂਟਰੀ ਬਾਰੇ ਦਸਦਿਆਂ ਖੋਜ ਕਰਤਾ ਮੁਖਤਿਆਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ 2015 ਵਿਚ ਇਹ ਕਾਰਜ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਮਦਦ ਨਾਲ ਸ਼ੁਰੂ ਕੀਤਾ ਅਤੇ ਇਸ ਵਿਚ ਪਿੰਡ ਚੌਂਕੀ ਮਾਨ ਦੇ 1845 ਤੋਂ 1947 ਤੱਕ ਦੇ ਇਤਿਹਾਸ ਦੀ ਜਾਣਕਾਰੀ ਹੈ। ਇਸ ਡਾਕੂਮੈਂਟਰੀ ਵਿਚ ਪਿੰਡ ਚੌਂਕੀਮਾਨ ਦੇ ਗ਼ਦਰੀ ਯੋਧੇ ਸੁੰਦਰ ਸਿੰਘ ਤੇ ਲਾਲ ਸਿੰਘ, ਤੋਸ਼ਾ ਮਾਰੂ ਜਹਾਜ਼ ਦੇ ਯਾਤਰੀ ਨਰਾਇਣ ਸਿੰਘ, ਜੈਤੋ ਮੋਰਚੇ ਵਿਚ ਹਿੱਸਾ ਲੈਣ ਵਾਲੇ ਰੁਲੀਆ ਸਿੰਘ, ਮਈਆ ਸਿੰਘ, ਇੰਦਰ ਸਿੰਘ, ਲਾਲ ਸਿੰਘ, ਅਮਰ ਸਿੰਘ ਤੇ ਹਰਨਾਮ ਸਿੰਘ, ਗ਼ਦਰ ਪਾਰਟੀ ਪਨਾਮਾ ਦੇ ਕਾਮਰੇਡ ਅਮਰ ਸਿੰਘ ਮਾਨ, ਆਜ਼ਾਦ ਹਿੰਦ ਫੌਜ ਦੇ ਸੂਰਬੀਰ ਅਜਾਇਬ ਸਿੰਘ ਧਾਲੀਵਾਲ, ਬੰਤਾ ਸਿੰਘ, ਨਾਹਰ ਸਿੰਘ ਤੇ ਕੈਪਟਨ ਹਰਭਜਨ ਸਿੰਘ ਗਰਚਾ ਤੋਂ ਇਲਾਵਾ ਪਹਿਲੇ, ਦੂਜੇ ਵਿਸ਼ਵ ਯੁੱਧ ਅਤੇ ਮਿਲਟਰੀ ਸੇਵਾਵਾਂ ਨਿਭਾਉਣ ਵਾਲੇ ਯੋਧਿਆਂ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ ਪਾਸੋਂ ਇਕੱਤਰ ਕੀਤੀ ਜਾਣਕਾਰੀ ਨੂੰ ਦਰਸਾਇਆ ਗਿਆ ਅਤੇ ਪਿੰਡ ਦੇ ਬਹੁ-ਪਰਤੀ ਇਤਿਹਾਸਕ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ। ‘ਪੀਪਲਜ਼ ਵਾਇਸ ਪੰਜਾਬੀ’ ਵੱਲੋਂ ਇਹ ਡਾਕੂਮੈਂਟਰੀ ਯੂ-ਟਿਊਬ ‘ਤੇ ਪਾਈ ਗਈ ਹੈ।
ਡਾਕੂਮੈਂਟਰੀ ਦੇਖਣ ਉਪਰੰਤ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਬਾਵਾ ਸਿੰਘ, ਅਵਤਾਰ ਸਿੰਘ ਸੰਘਾ (ਆਸਟਰੇਲੀਆ), ਪਰਮਿੰਦਰ ਸਵੈਚ, ਭੈਣ ਵੀਰਾਂ, ਮਨਜੀਤ ਸਿੰਘ,
ਕਵਿੰਦਰ ਚਾਂਦ, ਡਾ. ਜਸ ਮਲਕੀਤ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਬੁਲਾਰਿਆਂ ਨੇ ਇਸ ਡਾਕੂਮੈਂਟਰੀ ਲਈ ਮੁਖਤਿਆਰ ਸਿੰਘ ਬੋਪਾਰਾਏ ਅਤੇ ਮਾਸਟਰ ਤਰਲੋਚਨ ਸਿੰਘ ਦੇ ਖੋਜ ਕਾਰਜ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਯਤਨ ਕਰ ਕੇ ਅਸੀਂ ਆਪਣੇ ਪਿੰਡਾਂ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਯਾਂਭ ਸਕਦੇ ਹਾਂ ਅਤੇ ਅਗਲੀ ਪੀੜ੍ਹੀ ਤੀਕ ਪੁਚਾ ਸਕਦੇ ਹਾਂ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਮੋਹਨ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਮੰਚ ਵੱਲੋਂ ਮਾਸਟਰ ਮੁਖਤਿਆਰ ਸਿੰਘ ਬੋਪਾਰਾਏ ਦਾ ਸਨਮਾਨ ਕੀਤਾ ਗਿਆ। ਮੰਚ ਦੇ ਆਗੂ ਅੰਗਰੇਜ਼ ਸਿੰਘ ਬਰਾੜ ਨੇ ਅੰਤ ਵਿਚ ਪ੍ਰੋਗਰਾਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।