Headlines

ਕੀ ‘ਜਸਟਿਨ ਟਰੂਡੋ ਦੀ ਵਿਦਾਇਗੀ ਸਮਾਂ ਆ ਗਿਐ’ ?

ਜਸਟਿਨ ਟਰੂਡੋ ਨੂੰ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਐੱਮ.ਪੀ. ਵੀ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ-

*ਸੁਰਿੰਦਰ ਮਾਵੀ –

ਵਿੰਨੀਪੈਗ -ਜਸਟਿਨ ਟਰੂਡੋ ਨੂੰ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਐੱਮ.ਪੀ. ਵੀ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ। ਜੀ ਹਾਂ, ਕਿਊਬੈਕ ਤੋਂ ਲਿਬਰਲ ਐੱਮ.ਪੀ. ਅਲੈਗਜ਼ਾਂਡਰਾ ਮੈਂਡਿਸ ਨੇ ਕਿਹਾ ਕਿ ਹਲਕੇ ਦੇ ਸੈਂਕੜੇ ਲੋਕ ਸਾਫ਼ ਲਫ਼ਜ਼ਾਂ ਵਿਚ ਆਖ ਚੁੱਕੇ ਹਨ ਕਿ ਹੁਣ ਟਰੂਡੋ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਅਲੈਗਜ਼ੈਂਡਰਾ ਮੈਂਡਿਸ ਨੇ ਕਿਹਾ ਕਿ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਵਿਚ ਕੋਈ ਦਿੱਕਤ ਨਹੀਂ ਪਰ ਵੋਟਰ ਚਾਹੁੰਦੇ ਹਨ ਕਿ ਅਗਲੀਆਂ ਚੋਣਾਂ ਵਿਚ ਕੋਈ ਨਵਾਂ ਚਿਹਰਾ ਹੋਣਾ ਚਾਹੀਦਾ ਹੈ। ਮੈਂਡਿਸ ਉਨ੍ਹਾਂ ਚੋਣਵੇਂ ਲਿਬਰਲ ਐੱਮ.ਪੀਜ਼ ਵਿਚੋਂ ਇਕ ਹੈ ਜੋ ਜਨਤਕ ਤੌਰ ’ਤੇ ਟਰੂਡੋ ਦੀ ਲੀਡਰਸ਼ਿਪ ਵਿਰੁੱਧ ਆਵਾਜ਼ ਉਠਾ ਚੁੱਕੇ ਹਨ। ਕੈਨੇਡਾ ਦੇ ਇਕ ਕੈਬਨਿਟ ਲਈ ਕੰਮ ਕਰ ਚੁੱਕੀ ਮੈਂਡਿਸ ਪਹਿਲੀ ਵਾਰ 2008 ਵਿਚ ਮੌਂਟਰੀਅਲ ਦੇ ਦੱਖਣੀ ਇਲਾਕੇ ਤੋਂ ਐੱਮ.ਪੀ. ਚੁਣੀ ਗਈ ਸੀ।

2011 ਦੀਆਂ ਚੋਣਾਂ ਵਿਚ ਸੰਤਰੀ ਲਹਿਰ ਨੇ ਸਭ ਕੁਝ ਸਾਫ਼ ਕਰ ਦਿੱਤਾ ਮੈਂਡਿਸ ਨੂੰ ਐਨ.ਡੀ.ਪੀ. ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 2015 ਵਿਚ ਮੈਂਡਿਸ ਮੁੜ ਪਾਰਲੀਮੈਂਟ ਵਿਚ ਪਰਤੀ ਅਤੇ ਹੁਣ ਤੱਕ ਸੇਵਾ ਨਿਭਾਅ ਰਹੀ ਹੈ। ਅਲੈਗਜ਼ੈਂਡਰਾ ਨੇ ਟਰੂਡੋ ਵਿਰੁੱਧ ਲੋਕ ਮਨਾਂ ਵਿਚ ਪੈਦਾ ਹੋਈ ਕੁੜੱਤਣ ’ਤੇ ਅਫ਼ਸੋਸ ਜ਼ਾਹਰ ਕੀਤਾ ਅਤੇ ਨਾਲ ਹੀ ਕਿ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੇ ਬਹੁਤ ਕੁਝ ਕੀਤਾ ਪਰ ਆਪਣੇ ਹਲਕੇ ਦੇ ਵੋਟਰਾਂ ਦੀ ਸੁਣੀ ਜਾਵੇ ਤਾਂ ਉਹ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਆਪਣੇ ਹਮਾਇਤੀਆਂ ਨੂੰ ਹਾਲ ਹੀ ਵਿਚ ਭੇਜੀਆਂ ਈ-ਮੇਲਜ਼ ਰਾਹੀਂ ਲਿਬਰਲ ਸਰਕਾਰ ਵੱਲੋਂ ਕੈਨੇਡਾ ਚਾਈਲਡ ਬੈਨੇਫਿਟ, ਡੇਅ ਕੇਅਰ ਫ਼ੀਸ ਵਿਚ ਕਮੀ, ਵਿਦਿਆਰਥੀਆਂ ਲਈ ਵਿਆਜ ਮੁਕਤ ਕਰਜ਼ੇ, 40 ਲੱਖ ਘਰਾਂ ਦੀ ਉਸਾਰੀ ਯੋਜਨਾ, ਨੈਸ਼ਨਲ ਫਾਰਮਾਕੇਅਰ ਅਤੇ ਡੈਂਟਲ ਕੇਅਰ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ। ਫ਼ਿਲਹਾਲ ਲਿਬਰਲ ਪਾਰਟੀ ਵੱਲੋਂ ਕੌਮੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ। ਅਲੈਗਜ਼ੈਂਡਰਾ ਮੈਂਡਿਸ ਨੇ ਕਿਹਾ ਕਿ ਟੋਰਾਂਟੋ-ਸੇਂਟ ਪੌਲ ਸੀਟ ’ਤੇ ਹੋਈ ਹਾਰ ਮਗਰੋਂ ਉਮੀਦ ਕੀਤੀ ਜਾ ਰਹੀ ਸੀ ਕਿ ਵੱਡੀ ਗਿਣਤੀ ਵਿਚ ਪਾਰਲੀਮੈਂਟ ਮੈਂਬਰ ਟਰੂਡੋ ਨੂੰ ਕੁਰਸੀ ਛੱਡਣ ਲਈ ਮਜਬੂਰ ਕਰਨਗੇ ਪਰ ਅਜਿਹਾ ਨਾ ਹੋ ਸਕਿਆ।
ਕੁਝ ਦਿਨ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਨੇ ‘ਸਪਲਾਈ ਐਂਡ ਕਾਨਫੀਡੈਂਸ ਐਗਰੀਮੈਂਟ’ ਰੱਦ ਕਰਕੇ ਟਰੂਡੋ ਦੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਮਾਰਚ 2022 ਵਿੱਚ ਦੋਵਾਂ ਪਾਰਟੀਆਂ ਵਿੱਚ ਗੱਠਜੋੜ ਹੋਇਆ ਸੀ। ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਕੁੱਲ 338 ਸੀਟਾਂ ਹਨ। ਲਿਬਰਲ ਪਾਰਟੀ ਦੇ 154 ਸੰਸਦ ਮੈਂਬਰ ਹਨ। ਐਨ.ਡੀ.ਪੀ ਦੀ ਹਮਾਇਤ ਵਾਪਸ ਲੈਣ ਨਾਲ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਹੈ।
ਕੈਨੇਡਾ ਵਿੱਚ ਸਰਵੇਖਣ ਇਹ ਵੀ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ 15 ਤੋਂ 20 ਅੰਕਾਂ ਨਾਲ ਅੱਗੇ ਹੈ। ਅਜਿਹੇ ‘ਚ ਅਗਲੀਆਂ ਚੋਣਾਂ ‘ਚ ਵੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਹੈ। ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਹਟਣਾ ਕਿਸੇ ਵੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਸੀ। ਅਸਲ ਵਿਚ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੀ ਅਹਿਮ ਬੈਠਕ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਪਾਰਟੀ ਅੰਦਰੋਂ ਵੀ ਟਰੂਡੋ ਨਿਰਾਸ਼ ਮਹਿਸੂਸ ਕਰ ਰਹੇ ਹਨ।
ਜੇ ਕਰ ਵਿਦੇਸ਼ੀ ਵਿਦਿਆਰਥੀ  ਦੀ ਗੱਲ ਕਰਿਆ ਜੋ ਕੇ ਇਸ ਸਮੇਂ ਕੈਨੇਡਾ ਵਿਚ ਵੱਡਾ ਮੁੱਦਾ ਬਣ ਗਿਆ ਹੇ . ਤਾਂ ਪਿਛਲੇ ਸਾਲ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 11 ਲੱਖ ਵਧੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਲਗਭਗ ਅੱਧੇ ਲੋਕਾਂ ਨੇ ਰੁਜ਼ਗਾਰ ਦੀ ਭਾਲ ਕੀਤੀ ਅਤੇ ਉਨ੍ਹਾਂ ਵਿੱਚੋਂ ਸਿਰਫ਼ 54% ਸਫਲ ਹੋਏ। ਇਹ ਅੰਕੜਾ ਮਹਾਮਾਰੀ ਤੋਂ 20 ਸਾਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ, ਜਦੋਂ ਕੈਨੇਡਾ ਨੇ ਹਰ ਸਾਲ ਆਪਣੀ ਕੰਮਕਾਜੀ ਉਮਰ ਦੀ ਆਬਾਦੀ ਵਿੱਚ 20,000 ਤੋਂ 500,000 ਲੋਕਾਂ ਨੂੰ ਜੋੜਿਆ ਸੀ। ਔਸਤਨ ਦੋ ਤਿਹਾਈ ਲੋਕ ਕੰਮ ਦੀ ਤਲਾਸ਼ ਕਰਦੇ ਸਨ ਅਤੇ ਲਗਭਗ ਸਾਰੇ ਹੀ ਕੰਮ ‘ਤੇ ਸਨ। ਕੈਨੇਡੀਅਨ ਜੌਬ ਮਾਰਕੀਟ ਵਿੱਚ ਬਹੁਤ ਜ਼ਿਆਦਾ ਸੁਸਤ ਨਜ਼ਰ ਆ ਰਹੀ ਹੈ। ਅਸਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਨੌਕਰੀ ਦੀਆਂ ਪੋਸਟਾਂ ਵਿੱਚ 23% ਦੀ ਕਮੀ ਆਈ ਹੈ। ਕੈਨੇਡਾ ਵਿਚ ਵੱਧ ਰਹੇ ਬੇਰੁਜ਼ਗਾਰੀ ਸੰਕਟ ਨਾਲ ਭਾਰਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਕੈਨੇਡਾ ਦੀ ਆਬਾਦੀ ਪਿਛਲੇ ਸਾਲ 3.2 ਫ਼ੀਸਦੀ ਵਧੀ ਹੈ। ਵਿਦੇਸ਼ੀ ਵਿਦਿਆਰਥੀ ਅਤੇ ਅਸਥਾਈ ਕਾਮੇ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ 10 ਲੱਖ ਤੋਂ ਵੱਧ ਲੋਕ ਕੈਨੇਡਾ ਆਏ ਹਨ। ਇਸ ਨੇ ਹਾਊਸਿੰਗ ਸੰਕਟ ਅਤੇ ਵਧਦੀ ਬੇਰੁਜ਼ਗਾਰੀ ਨਾਲ ਜੂਝ ਰਹੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਨਵੇਂ ਪ੍ਰਵਾਸੀਆਂ ਦੀ ਗਿਣਤੀ ਨੂੰ ਰੋਕਣ ਲਈ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਇਸ ਸਾਲ ਅਗਸਤ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਆਏ ਪ੍ਰਵਾਸੀਆਂ ਦੀ ਬੇਰੁਜ਼ਗਾਰੀ ਦਰ 12.3 ਫ਼ੀਸਦੀ ਰਹੀ। ਇਹ ਕੈਨੇਡਾ ਵਿੱਚ ਪੈਦਾ ਹੋਏ ਅਤੇ 10 ਸਾਲ ਤੋਂ ਵੱਧ ਸਮਾਂ ਪਹਿਲਾਂ ਪਰਵਾਸ ਕਰਨ ਵਾਲਿਆਂ ਲਈ ਦੁੱਗਣੀ ਦਰ ਤੋਂ ਵੱਧ ਹੈ।

ਇਸ ਵਾਲੇ ਕੈਨੇਡਾ ਵਿਚ ਸਿਆਸੀ ਉਥੱਲ-ਪੁਥਲ  ਦਰਮਿਆਨ ਹਰ ਛੋਟਾ-ਵੱਡਾ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜੀ ਹਾਂ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਲਾਲਚੀ ਕਰਾਰ ਦਿੱਤਾ ਹੈ ਜੋ ਸੰਭਾਵਿਤ ਤੌਰ ’ਤੇ ਪੈਨਸ਼ਨ ਦੇ ਲਾਲਚ ਵਿਚ ਟਰੂਡੋ ਸਰਕਾਰ ਦਾ ਸਾਥ ਦੇ ਰਹੇ ਹਨ। ਡਗ ਫੋਰਡ ਨੇ ਜਗਮੀਤ ਸਿੰਘ ’ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਾਇਆ। ਜਗਮੀਤ ਸਿੰਘ ਭਾਵੇਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਹਨ ਪਰ ਟੋਰੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਵਿਚ ਵੀ ਅੱਗੇ ਹੋ ਕੇ ਭੂਮਿਕਾ ਅਦਾ ਕਰਨ। ਪ੍ਰਿੰਸ ਐਡਵਰਡ ਕਾਊਂਟੀ ਵਿਖੇ ਨਵੇਂ ਵਾਟਰ ਟਰੀਟਮੈਂਟ ਪਲਾਂਟ ਵਾਸਤੇ ਆਰਥਿਕ ਸਹਾਇਤਾ ਦਾ ਐਲਾਨ ਕਰਨ ਮੌਕੇ ਡਗ ਫੋਰਡ ਨੇ ਕਿਹਾ ਕਿ ਜਗਮੀਤ ਸਿੰਘ ਨੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਜਦਕਿ ਅਸਲੀਅਤ ਇਹ ਹੈ ਕਿ ਲਾਲਚੀ ਸਿਆਸਤਦਾਨਾਂ ਵਾਸਤੇ ਪੈਨਸ਼ਨ ਹਾਸਲ ਕਰਨਾ ਸਭ ਤੋਂ ਅਹਿਮ ਹੁੰਦਾ ਹੈ। ਓਨਟਾਰੀਓ ਦੇ ਪ੍ਰੀਮੀਅਰ ਨੇ ਚੁਨੌਤੀ ਦਿੱਤੀ ਕਿ ਜੇ ਜਗਮੀਤ ਸਿੰਘ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਂਦੇ ਹਨ ਤਾਂ ਉਹ ਸਭ ਦੇ ਸਾਹਮਣੇ ਖੜ੍ਹੇ ਹੋ ਕੇ ਲਾਲਚੀ ਸਿਆਸਤਦਾਨਾਂ ਤੋਂ ਮੁਆਫ਼ੀ ਮੰਗਣਗੇ।

ਵਿਰੋਧੀ ਧਿਰ ਦੇ ਆਗੂ ਪਿਆਰੇ ਪੌਇਲੀਐਵ ਉਨ੍ਹਾਂ ਨੂੰ ਵਿਕਿਆ ਹੋਇਆ ਸਿੰਘ ਵੀ ਆਖ ਚੁੱਕੇ ਹਨ। ਪੌਇਲੀਐਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਪੈਨਸ਼ਨ ਲੈ ਜਾਣਗੇ ਪਰ ਕੀਮਤ ਲੋਕਾਂ ਨੂੰ ਚੁਕਾਉਣੀ ਪਵੇਗੀ। ਟੋਰੀ ਆਗੂ ਦੀ ਚੁਨੌਤੀ ਕਬੂਲ ਕਰਦਿਆਂ ਜਗਮੀਤ ਸਿੰਘ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਹਨ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਊਸ ਆਫ਼ ਕਾਮਨਜ਼ ਵਿਚ ਬੇਵਸਾਹੀ ਮਤਾ ਲਿਆਂਦੇ ਜਾਣ ’ਤੇ ਐਨ.ਡੀ.ਪੀ. ਉਸ ਦੇ ਹੱਕ ਵਿਚ ਭੁਗਤੇਗੀ ਜਾਂ ਵਿਰੋਧ ਵਿਚ।

Leave a Reply

Your email address will not be published. Required fields are marked *