Headlines

ਵਿਨੀਪੈਗ ਵਿਚ ਕਰਵਾਇਆ ਗਿਆ 45ਵਾਂ ਸਰਬ ਸਾਂਝਾ  ਖੇਡ ਮੇਲਾ

ਗਾਇਕ ਚੰਨ ਚਮਕੌਰ   ਨੇ ਲਾਈਆਂ ਤੀਆਂ  ਵਿਚ ਰੌਣਕਾਂ-
ਵਿੰਨੀਪੈਗ-ਸੁਰਿੰਦਰ ਮਾਵੀ-ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ 45ਵਾਂ  ਸਰਬ ਸਾਂਝਾਂ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਗਿਆ। ਇਸ ਕਲੱਬ ਦੇ  ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੋੜਨਾ ‘ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨਾ । ਇਸ ਮੇਲੇ ਵਿਚ ਕਾਂਉਸਲਰ ਦੇਵੀ ਸ਼ਰਮਾ , ਐੱਮ ਐੱਲ ਏ  ਮਿੰਟੂ ਸੰਧੂ, ਐੱਮ  ਐੱਲ ਏ ਦਲਜੀਤ ਬਰਾੜ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ।
  ਟੂਰਨਾਮੈਂਟ ‘ਚ ਮੈਪਲ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਈ.ਕੇ ਸਪੋਰਟਸ ਕਲੱਬ, ਇੰਪੈਕਟ ਸਪੋਰਟਸ ਕਲੱਬ,ਵਾਈ ਐੱਫ਼ ਸੀ ਸਪੋਰਟਸ ਕਲੱਬ,ਰੈਪਟਰ ਸਪੋਰਟਸ ਕਲੱਬ, ਅਰਜਨਟੀਨਾ ਸਪੋਰਟਸ ਕਲੱਬ  ‘ਤੇ ਰੇਡਰਜ਼ ਸਪੋਰਟਸ ਕਲੱਬ ਮੁੱਖ ਤੋਰ  ਤੇ ਸਨ ਇਸ ਤੋਂ ਇਲਾਵਾ ਹੋਰ  ਬਹੁਤ ਸਾਰੇ ਕਲੱਬਾਂ  ਵੱਲੋਂ ਫੁੱਟਬਾਲ,ਬਾਸਕਟਬਾਲ, ਵਾਲੀਬਾਲ, ਬੈਡਮਿੰਟਨ ਤੇ ਐਥਲੈਟਿਕਸ ਵਿਚ ਵੀ ਜ਼ੋਰ ਅਜ਼ਮਾਇਸ਼ ਹੋਈ। ਇਨ੍ਹਾਂ ਸਾਰੀਆਂ ਖੇਡਾਂ ਵਿਚ ਤਕਰੀਬਨ 150 ਤੋਂ ਵੱਧ ਟੀਮਾਂ ਨੇ ਭਾਗ ਲਿਆ। ਫੁੱਟਬਾਲ ਵਿਚ ਅੰਡਰ 6 ਵਰਗ ਵਿਚ  ਇੰਪੈਕਟ ਸਪੋਰਟਸ ਕਲੱਬ ਦੀ ਟੀਮ ਨੇ ਵਾਈ ਐੱਫ਼ ਸੀ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਜਿੱਤਿਆ  , ਅੰਡਰ 10 ਵਿਚ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਨੇ ਵਾਈ ਐੱਫ਼ ਸੀ ਸਪੋਰਟਸ ਕਲੱਬ ਨੂੰ ਫਾਈਨਲ ਵਿਚ ਹਰਾਇਆ ,ਅੰਡਰ 12 ‘ਤੇ  ਅੰਡਰ 14 ਦੀਆਂ ਟਰਾਫ਼ੀਆਂ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਨੇ ਮੇਪਲ ਫੁੱਟਬਾਲ ਕਲੱਬ ਨੂੰ ਹਰਾ ਕੇ  ਜਿੱਤੀਆਂ । ਮੇਪਲ ਦੀ  ਕੁੜੀਆਂ ਦੀ ਫੁੱਟਬਾਲ ਟੀਮ ਨੇ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਜਿੱਤੀ। ਫੁੱਟਬਾਲ  ਓਪਨ ਦਾ ਮੁਕਾਬਲਾ ਬਹੁਤ ਹੀ  ਫਸਵਾਂ ਰਿਹਾ ਜਿਸ ਵਿਚ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੇ ਟੀਮ ਨੇ ਇਕ ਗੋਲਾ ਨਾਲ ਮੈਪਲ ਕਲੱਬ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਕੱਪ ਆਪਣੇ ਨਾਂਅ ਕੀਤਾ ਅਤੇ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੇ ਗੁਰਪਰਮ ਧਾਲੀਵਾਲ ਨੂੰ ਬੈੱਸਟ ਪਲੇਅਰ ਐਲਾਨਿਆ ਗਿਆ।
  ਇਸ ਮੌਕੇ ਵਜ਼ਨੀ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਗਏ।155 ਪੌਂਡ ਵਰਗ ਵਿਚ ਮਤਵਾਣੀ ਦੇ ਟੀਮ ਨੇ 19 ਦੇ ਮੁਕਾਬਲੇ 20 ਪੁਆਇੰਟਾਂ ਨਾਲ ਬਾਘਾ ਪੁਰਾਣਾ ਦੀ ਟੀਮ ਨੂੰ ਹਰਾਇਆ। ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਅਨਮੋਲ ਸਿੰਘ ਤੇ ਗੁਰਵਿੰਦਰ ਸਿੰਘ   ਦੀ ਟੀਮ ਨੇ ਸਹਿਜ ਤੇ ਕਰਮਵੀਰ ਸਿੰਘ  ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਦੀਪਲ ਤੇ ਨੇਹਾ ਦੀ ਟੀਮ  ਨੇ ਨਵਨੂਰ ਕੰਗ ਤੇ ਇਸਵਿੱਨ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ।  ਇਸ ਤੋਂ ਇਲਾਵਾ ਬਾਸਕਟਬਾਲ   ਦੇ ਮੁਕਾਬਲੇ ਵੀ ਕਰਵਾਏ ਗਏ।ਲੜਕੀਆਂ ਦੇ ਵਰਗ ਵਿਚ “ਅਟੈਕ ਏ”   ਟੀਮ ਨੇ “ਅਟੈਕ ਬੀ ” ਟੀਮ ਨੂੰ ਹਰਾ ਕੇ ਫਾਈਨਲ ਜਿੱਤਿਆ।ਵਾਲੀਬਾਲ ਮੈਚ ਰਾਣਾ, ਰਾਜੂ , ਨਿੰਮ੍ਹਾ ‘ਤੇ ਫ਼ੌਜੀ ਦੀ ਰੇਖ ਦੇਖ ਵਿਚ ਕਰਵਾਏ ਗਏ।ਵਾਲੀਬਾਲ  ਵਿਚ ”ਰੈਪਟਰ ਸਪੋਰਟਸ ਕਲੱਬ” ਦੀ ਟੀਮ   ਨੇ ਯੂਨਾਈਟਿਡ  ਪੰਜਾਬ ਸਪੋਰਟਸ ਕਲੱਬ ਦੀ ਟਾਈਮ ਨੂੰ ਫਾਈਨਲ ਵਿਚ ਹਰਾ ਕੇ ਕੱਪ ਜਿੱਤਿਆ।
  ਦੌੜਾਂ ਵਿਚ ਹਰ ਉਮਰ, ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਅਨੰਦ ਖੇਡ ਮੇਲੇ’ਚ ਆਏ ਹੋਏ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ।100 ਮੀਟਰ ਕੁੜੀਆਂ ਅੰਡਰ 14 ਦੀ ਪ੍ਰਨੀਤ ਕੌਰ ਸਿੱਧੂ ਨੇ ਪਹਿਲਾ ,ਜਪ੍ਰੀਤ ਬਰਾੜ ਨੇ ਦੂਜਾ ਅਤੇ ਪ੍ਰਿਯਾ ਸ਼ੇਰ ਗਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ  100 ਮੀਟਰ ਮੁੰਡਿਆਂ  ਅੰਡਰ 14 ਵਰਗ ਵਿਚ ਗੁਰਮਹਿਕ ਨੇ ਪਹਿਲਾ ਜਗਜੋਤ ਨੇ ਦੂਜਾ ਅਤੇ ਜੋਬਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਕੁੜੀਆਂ ਅੰਡਰ 14 ਵਰਗ ਵਿਚ  ਪ੍ਰਿਯਾ ਸ਼ੇਰ ਗਿੱਲ ਨੇ ਪਹਿਲਾ ,ਜਸਮੀਨ  ਨੇ ਦੂਜਾ ਅਤੇ ਦੀਪਇੰਦਰ  ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ 200 ਮੀਟਰ ਮੁੰਡਿਆਂ  ਅੰਡਰ 14 ਵਰਗ ਵਿਚ ਗੁਰਮਹਿਕ ਨੇ ਪਹਿਲਾ ਜਗਜੋਤ ਨੇ ਦੂਜਾ ਅਤੇ ਜਸਮੀਤ ਗਿੱਲ  ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 12 ਮੁੰਡਿਆਂ  ਦੇ ਵਰਗ ਵਿਚ ਜਗਜੋਤ ਗਿੱਲ ਪਹਿਲੇ,  ਬੰਤਾਜ ਦੂਜੇ  ਅਤੇ ਹਰਸ਼ਾਨ ਤੀਜੇ ਸਥਾਨ ਤੇ ਰਹੇ। ਅੰਡਰ 12 ਕੁੜੀਆਂ  ਦੇ ਵਰਗ ਵਿਚ ਗੁਰਲੀਨ ਵਿਰਕ  ਪਹਿਲੇ,  ਨਵਰੂਪ ਬਾਜਵਾ  ਦੂਜੇ  ਅਤੇ ਜਸਪ੍ਰੀਤ ਬਰਾੜ ਤੀਜੇ ਸਥਾਨ ਤੇ ਰਹੇ।  ਸ਼ਾਟਪੁੱਟ ਸੱਠ ਸਾਲਾਂ ਵਰਗ ਵਿਚ ਸੁਰਿੰਦਰ ਮਾਵੀ ਨੇ ਪਹਿਲਾ ,ਸਰਬਜੀਤ ਮਾਵੀ ਨੇ ਦੂਜਾ ‘ਤੇ ਜਸਵਿੰਦਰ ਸਿੰਘ  ਨੇ ਤੀਜਾ ਸਥਾਨ ਪ੍ਰਾਪਤ ਕੀਤਾ ‘ਤੇ ਇਸਤਰੀਆਂ ਦੇ ਸ਼ਾਟਪੁੱਟ ਮੁਕਾਬਲੇ ਵਿਚ ਸਰਬਜੀਤ ਕੌਰ  , ਰਾਜਵਿੰਦਰ ਗਿੱਲ  ‘ਤੇ ਹਰਪ੍ਰੀਤ ਕੌਰ  ਨੇ ਕ੍ਰਮਵਾਰ ਪਹਿਲਾ,ਦੂਜਾ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਾਟਪੁੱਟ ਓਪਨ ਵਰਗ  ਵਿਚ ਨਵਨੀਤ ਸਿੰਘ ਪਹਿਲਾ , ਰਣਜੀਤ ਸਿੰਘ ਦੂਜਾ ਤੇ ਜਗਦੀਪ ਸਿੰਘ ਤੀਜੇ ਸਥਾਨ ਤੇ ਰਿਹਾ।  ਤਾਸ਼ ਦੀ ਬਾਜ਼ੀ ‘ਚ ਬਲਕਰਨ ਸਿੰਘ  ‘ਤੇ ਜਗਜੀਤ ਸਿੰਘ  ਦੀ ਟੀਮ ਨੇ ਗੁਰਤੇਜ  ਸਿੰਘ ‘ਤੇ ਗੁਰਮਿੰਦਰ  ਸਿੰਘ  ਦੀ ਟੀਮ ਨੂੰ ਹਰਾ ਕੇ ਕੱਪ ਜਿੱਤਿਆ । ਟੂਰਨਾਮੈਂਟ ਵਿਚ ਔਰਤਾਂ ਨੇ ਵੀ ਰੱਸਾ-ਕੱਸੀ ‘ਚ ਆਪਣੇ ਜ਼ੋਰ ਅਜ਼ਮਾਏ।

  ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ, ਜਿਸ ਨੂੰ  ਪਿੰਕੀ ਘੁੰਮਣ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ । ਸੁਰੀਲੇ ਗਾਇਕ ਚੰਨ ਚਮਕੌਰ  ਨੇ  ਆਪਣੇ ਨਵੇਂ ‘ਤੇ ਪੁਰਾਣੇ ਗੀਤ ਸੁਣਾ ਕੇ ਸਭ ਦਾ ਮੰਨ ਮੋਹਿਆ। ਇਸ ਵਿਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਇਸ ਪੂਰੇ ਟੂਰਨਾਮੈਂਟ ਦੌਰਾਨ “ਸਵਾਗਤ ਰੈਸਟੋਰੈਂਟ”  ਦੇ ਧਰਮ ਸਿੰਘ ਵੱਲੋਂ ਪਨੀਰ ਛੋਲੇ ,  ਚੌਲ, ਜਲੇਬੀਆਂ, ਸਮੋਸੇ, ਚਾਹ, ਬਰੈੱਡ ਪਕੌੜਿਆਂ ਤੇ ਗਜਰੇਲਾ  ਦਾ ਲੰਗਰ ਲਗਾਇਆ ਗਿਆ। ਕਲੱਬ ਦੇ ਮੈਂਬਰਾਂ ਵੱਲੋਂ ਸਾਰੇ ਹੀ ਖਿਡਾਰੀਆਂ, ਦਰਸ਼ਕਾਂ ‘ਤੇ ਸਪਾਂਸਰ ਦਾ ਧੰਨਵਾਦ ਕੀਤਾ ।