Headlines

ਵਿੰਨੀਪੈਗ  ਵਿਖੇ ਗੁਰੂ ਗਰੰਥ ਸਾਹਿਬ ਦੇ 420 ਪ੍ਰਕਾਸ਼ ਉਤਸਵ  ਮੌਕੇ ਵਿਸ਼ਾਲ ਨਗਰ ਕੀਰਤਨ

ਪ੍ਰੀਮੀਅਰ ਵੈਬ ਕੈਨਿਊ ਤੇ ਐਮ ਪੀ ਕੈਵਿਨ ਲੈਮਰੂ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੋਕੇ ਸੰਗਤਾਂ ਨੂੰ ਵਧਾਈ ਦਿੱਤੀ-
ਨਗਰ ਕੀਰਤਨ ਦੌਰਾਨ ਗਤਕੇ ਦੇ ਜੰਗਜ਼ੂ ਦ੍ਰਿਸ਼ ਉਪਰ ਸਵਾਲ-
ਵਿੰਨੀਪੈਗ (ਸੁਰਿੰਦਰ ਮਾਵੀ)- ਗੁਰਦੁਆਰਾ ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਵੱਲੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਬਖ਼ਸ਼ੀਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਲੈਜਿਸਲੈਟਿਵ ਬਿਲਡਿੰਗ ਦੇ ਪਾਰਕ ਵਿਚ ਆਯੋਜਿਤ ਕੀਤਾ ਗਿਆ।ਜਿਸ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੈਨੀਟੋਬਾ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਅਤੇ ਵਿਨੀਪੈਗ ਸ਼ਹਿਰ ਨੂੰ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ ।
ਬਾਅਦ ਦੁਪਹਿਰ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ । ਇਸ ਮੌਕੇ ਸੁੰਦਰ ਤਰੀਕੇ ਨਾਲ ਸਜਾਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਸੰਗਤਾਂ ਦਾ ਹੜ੍ਹ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਕਰ ਰਹੇ ਸਨ। ਰਾਗੀ ਸਿੰਘਾਂ ਨੇ ਗੁਰੂ ਜੱਸ ਗਾਇਣ ਕਰਦਿਆਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਰਾਮ ਸਿੰਘ ਰਫ਼ਤਾਰ (ਨਕੋਦਰ ਵਾਲੇ ) ਢਾਡੀ ਜਥੇ ਨੇ ਸਿੱਖਾਂ ਦੇ ਇਤਿਹਾਸ ਨੂੰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਰਵਣ ਕਰਵਾਇਆ।
ਨਗਰ ਕੀਰਤਨ ਵਿਚ ਨੀਲੀਆਂ, ਪੀਲੀਆਂ ਪਗਾਂ ‘ਤੇ ਦੁਪੱਟਿਆਂ ਵਾਲਿਆਂ ਦਾ ਹੜ੍ਹ ਜਿਹਾ ਨਜ਼ਰ ਆ ਰਿਹਾ ਸੀ । ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਨੂੰ ਲੈ ਕੇ ਸਾਰੇ ਪ੍ਰਬੰਧ ਕੀਤੇ ਗਏ ਸਨ ਅਤੇ ਸੰਗਤਾਂ ਵੀ ਪ੍ਰਬੰਧਾਂ ਨੂੰ ਲੈ ਕੇ ਕਾਫ਼ੀ ਖ਼ੁਸ਼ ਨਜ਼ਰ ਆਈਆਂ। ਵਾਤਾਵਰਣ ਦੀ ਸਫ਼ਾਈ ਨੂੰ ਲੈ ਕੇ ਵੀ ਖ਼ਾਸ ਧਿਆਨ ਰੱਖਿਆ ਗਿਆ ਅਤੇ ਪੁਲਿਸ ਵੱਲੋਂ ਨਗਰ ਕੀਰਤਨ ਲਈ ਟਰੈਫ਼ਿਕ ਸਬੰਧੀ ਵਿਸ਼ੇਸ਼ ਪ੍ਰਬੰਧ ਸਨ। ਆਮ ਰਾਹਗੀਰਾਂ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਦੇ ਨਾਲ-ਨਾਲ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
  ‘ਸਿੱਖ ਮੋਟਰ ਸਾਈਕਲ ਕਲੱਬ’ ਦੇ ਟੀਮ ਵੱਲੋਂ ਵੀ ਇਸ ਨਗਰ ਕੀਰਤਨ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਗਈ। ਮੈਨੀਟੋਬਾ ਦੇ ਵੱਖ ਵੱਖ ਗਤਕਾ ਅਖਾੜੇ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਪੂਰੇ ਰਸਤੇ ਗਤਕੇ ਦੇ ਜੌਹਰ ਸੰਗਤਾਂ ਨੂੰ ਦਿਖਾਏ। ਇਨ੍ਹਾਂ ਨੇ ਗਤਕਾ ਮੁਕਾਬਲਿਆਂ ਦੇ ਜੌਹਰ ਦਿਖਾ ਕੇ ਪੁਰਾਣੇ ‘ਜੰਗਜੂ ਦ੍ਰਿਸ਼ਾਂ’ ਨੂੰ ਪੇਸ਼ ਕਰ ਕੇ ਖ਼ਾਲਸਾਈ ਮਾਹੌਲ ਸਿਰਜਿਆ ਨਜ਼ਰ ਆਇਆ। ਜਿ਼ਕਰਯੋਗ ਹੈ ਕਿ ਗਤਕੇ ਦੇ ਜੰਗਜੂ ਦ੍ਰਿਸ਼ ਦੀ ਵਾਇਰਲ ਵੀਡੀਓ ਉਪਰ ਕਈ ਲੋਕਾਂ ਵਲੋਂ ਸਵਾਲ ਵੀ ਖੜੇ ਕੀਤੇ ਗਏ ਹਨ।
 ਖ਼ਾਲਸਾ ਗਰੁੱਪ ਵਿੰਨੀਪੈਗ  ਵੱਲੋਂ ਦਸਤਾਰਾਂ ਸਜਾਉਣ ਅਤੇ ਵੰਡਣ ਦੀ ਸੇਵਾ ਨਿਭਾਉਣ ਵਾਲੇ  ਮੈਂਬਰਾਂ ਵੱਲੋਂ ਇਸ ਨਗਰ ਕੀਰਤਨ ‘ਚ ਲਗਾਏ ਆਪਣੇ ਟੈਂਟ ‘ਚ ਚਾਹਵਾਨ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਜਾਣਕਾਰੀ ਦਿੱਤੀ ਗਈ, ਉੱਥੇ ਮੁਫ਼ਤ ਦਸਤਾਰਾਂ ਵੰਡਣ ਦੀ ਸੇਵਾ ਵੀ ਨਿਭਾਈ ਗਈ ਜਿਸ ਦੀ ਕਿ ਹਾਜ਼ਰ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੌਰਾਨ ਕਾਫ਼ੀ ਗਿਣਤੀ ‘ਚ ਹਾਜ਼ਰ ਨੌਜਵਾਨਾਂ ਨੇ ਆਪਣੇ ਸਿਰਾਂ ‘ਤੇ ਦਸਤਾਰਾਂ ਸਜਾਈਆਂ।
ਮੈਨੀਟੋਬਾ ਦੇ  ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ। ਮੈਨੀਟੋਬਾ ਸੂਬੇ ਦੀ ਮੌਜੂਦਾ  ਸਰਕਾਰ ਦੇ  ਮੁੱਖ ਮੰਤਰੀ ਵੈੱਬ ਕਿਨਿਊ ਨੇ ਵਿਸ਼ੇਸ਼  ਤੌਰ ਤੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਸੰਖੇਪ ਜਿਹੇ ਭਾਸਣ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ  ਗਿਣਾਈਆਂ  ਅਤੇ ਉਨ੍ਹਾਂ ਕਿਹਾ ਕਿ  ਜਲਦੀ ਹੀ  ਉਨ੍ਹਾਂ ਦੀ ਸਰਕਾਰ  ਵਰਕ ਪਰਮਿਟ ਵਿਚ ਅਹਿਮ ਸਹੂਲਤਾਂ ਦੇਣ ਵਾਲੀ ਹੈ । ਉਨ੍ਹਾਂ ਮੁਤਾਬਕ ਜਿਨ੍ਹਾਂ ਦਾ ਵਰਕ ਪਰਮਿਟ ਇਸ ਸਾਲ(2024) ਵਿਚ  ਖ਼ਤਮ ਹੋਣ ਵਾਲੇ ਹਨ ਉਨ੍ਹਾਂ ਦੇ ਵਰਕ ਪਰਮਿਟ ਦੋ ਸਾਲ ਲਾਈ ਵਧਾਏ  ਜਾਣਗੇ ਬਸ਼ਰਤੇ ਉਨ੍ਹਾਂ ਨੇ ਪਹਿਲਾਂ ਹੀ ਮੈਨੀਟੋਬਾ ਪੀ ਐਨ ਪੀ ਲਈ ਅਪਲਾਈ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕੇ  ਇਹ ਵਿਭਿੰਨਤਾ ਤੇ ਜਸ਼ਨ ਖ਼ਾਸ ਹਨ ਜਿਸ ਉੱਪਰ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ । ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ  ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਲਈ ਹਮੇਸ਼ਾ ਖੜ੍ਹੇ ਰਹਿਣਗੇ। ਲਿਬਰਲ ਪਾਰਟੀ ਦੇ ਐੱਮ ਪੀ ਕੇਵਿਨ ਲੇਮਰੂ ਨੇ ਕਿਹਾ ਕੇ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ ਅਤੇ ਕੈਨੇਡਾ ਵਖਰੇਵਿਆਂ ਦੇ ਬਾਵਜੂਦ ਨਹੀਂ ਸਗੋਂ ਵਖਰੇਵਿਆਂ ਦੇ ਕਾਰਨ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਜਿਵੇਂ ਸੱਚ, ਨਿਰਸਵਾਰਥ  ਸੇਵਾ, ਹਮਦਰਦੀ, ਨਿਆਂ ਅਤੇ ਮਨੁੱਖੀ ਅਧਿਕਾਰ, ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ।ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਗੁਰਦੁਆਰਾ ਦੇ ਪ੍ਰਧਾਨ ਗੁਰਮੀਤ ਸਿੰਘ ਪੰਛੀ ਨੇ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *