ਵਿੰਨੀਪੈਗ-ਸੁਰਿੰਦਰ ਮਾਵੀ: ਕੌਸਕੋ ਨੇ ਮੈਂਬਰਸ਼ਿਪ ਟੈਸਟਿੰਗ ਲਈ ਨਵਾਂ ਸਕਰੀਨਿੰਗ ਸਿਸਟਮ ਸ਼ੁਰੂ ਕੀਤਾ ਹੈ। ਨਾਲ ਹੀ ਪਹਿਲੀ ਸਤੰਬਰ ਤੋਂ ਮੈਂਬਰਸ਼ਿਪ ਫ਼ੀਸ ਵੀ ਵਧ ਰਹੀ ਹੈ।ਜਿਹੜੇ ਲੋਕ ਕੌਸਕੋ ਦੇ ਮੈਂਬਰ ਨਹੀਂ ਪਰ ਕੌਸਕੋ ਤੋਂ ਚੀਜ਼ਾਂ ਖ਼ਰੀਦਣ ਲਈ ਆਪਣੇ ਕਿਸੇ ਵਾਕਫ਼ ਦਾ ਮੈਂਬਰਸ਼ਿਪ ਕਾਰਡ ਲੈ ਜਾਂਦੇ ਸਨ, ਹੁਣ ਉਹ ਅਜਿਹਾ ਨਹੀਂ ਕਰ ਸਕਣਗੇ।ਕੌਸਕੋ ਨੇ ਮੈਂਬਰਸ਼ਿਪ ਟੈਸਟਿੰਗ ਲਈ ਨਵਾਂ ਸਕਰੀਨਿੰਗ ਸਿਸਟਮ ਸ਼ੁਰੂ ਕੀਤਾ ਹੈ। ਕੌਸਕੋ ਦੇ ਇੱਕ ਨੁਮਾਇੰਦੇ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਹਫ਼ਤੇ ਐਲਾਨੇ ਗਏ ਨਵੇਂ ਸਕੈਨਰ ਔਟਵਾ, ਐਡਮਿੰਟਨ, ਰਿਜਾਇਨਾ ਅਤੇ ਬੀਸੀ ਦੇ ਲੋਅਰ ਮੇਨਲੈਂਡ ਦੇ ਕੌਸਕੋ ਸਟੋਰਾਂ ਦੇ ਦਾਖ਼ਲਿਆਂ ’ਤੇ ਲਗਾਏ ਜਾਣਗੇ।
ਸਟੋਰ ਵਿੱਚ ਦਾਖ਼ਲ ਹੋਣ ਲਈ ਮੈਂਬਰਾਂ ਨੂੰ ਆਪਣੇ ਡਿਜੀਟਲ ਜਾਂ ਪਲਾਸਟਿਕ ਵਾਲੇ ਮੈਂਬਰਸ਼ਿਪ ਕਾਰਡ ਨੂੰ ਸਕੈਨ ਕਰਨਾ ਹੋਵੇਗਾ। ਸਕੈਨ ਹੋਣ ‘ਤੇ ਸਕਰੀਨ ਉੱਪਰ ਕਾਰਡ ਮੈਂਬਰ ਦੀ ਤਸਵੀਰ ਆਵੇਗੀ, ਜਿਸ ਨਾਲ ਉਸ ਮੈਂਬਰਸ਼ਿਪ ਕਾਰਡ ‘ਤੇ ਦਾਖ਼ਲ ਹੋਣ ਵਾਲੇ ਵਿਅਕਤੀ ਦੀ ਤਸਦੀਕ ਕੀਤੀ ਜਾ ਸਕੇਗੀ।ਕੰਪਨੀ ਦੀ ਵੈੱਬਸਾਈਟ ਅਨੁਸਾਰ ਜੇਕਰ ਤੁਹਾਡੇ ਮੈਂਬਰਸ਼ਿਪ ਕਾਰਡ ਵਿੱਚ ਕੋਈ ਫ਼ੋਟੋ ਨਹੀਂ ਹੈ, ਤਾਂ ਤੁਹਾਨੂੰ ਫ਼ੋਟੋ ID ਦਿਖਾਉਣ ਦੀ ਲੋੜ ਹੋਵੇਗੀ।
ਮਹਿਮਾਨਾਂ ਨੂੰ ਨਾਲ ਲਿਆਉਣ ਦੀ ਅਜੇ ਵੀ ਇਜਾਜ਼ਤ ਹੈ, ਪਰ ਸਿਰਫ਼ ਤਾਂ ਹੀ ਜੇਕਰ ਉਹਨਾਂ ਦੇ ਨਾਲ ਕੋਈ ਵੈਧ ਕੌਸਕੋ ਮੈਂਬਰਸ਼ਿਪ ਵਾਲਾ ਵਿਅਕਤੀ ਹੈ। ਸਟੋਰ ਦੇ ਦਾਖ਼ਲੇ ‘ਤੇ ਅਟੈਂਡੈਂਟ ਵੀ ਮੌਜੂਦ ਹੋਣਗੇ।ਐਲਬਰਟਾ, ਬੀ.ਸੀ., ਮੈਨੀਟੋਬਾ, ਨਿਊ ਬ੍ਰੰਜ਼ਵਿਕ, ਨਿਊਫ਼ੰਡਲੈਂਡ ਐਂਡ ਲੈਬਰਾਡੋਰ, ਨੋਵਾ ਸਕੋਸ਼ੀਆ, ਓਨਟਾਰੀਓ, ਕਿਉਬਿਕ ਅਤੇ ਸਸਕੈਚਵਨ ਵਿੱਚ ਮੌਜੂਦਗੀ ਦੇ ਨਾਲ, ਕੌਸਕੋ ਦੇ ਕੈਨੇਡਾ ਭਰ ਵਿੱਚ 108 ਸਟੋਰ ਹਨ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੌਸਕੋ ਨੇ ਮੈਂਬਰਸ਼ਿਪ ਸਬੰਧੀ ਨਿਯਮਾਂ ਨੂੰ ਸਖ਼ਤ ਕੀਤਾ ਹੈ।
ਕੰਪਨੀ ਨੇ ਪਿਛਲੇ ਸਾਲ ਇਹ ਕਹਿੰਦੇ ਹੋਏ ਗਾਹਕਾਂ ਨੂੰ ਉਨ੍ਹਾਂ ਦੇ ਮੈਂਬਰਸ਼ਿਪ ਕਾਰਡਾਂ ਦੇ ਨਾਲ ਫ਼ੋਟੋ ਆਈ ਡੀ ਦਿਖਾਉਣ ਲਈ ਕਹਿਣਾ ਸ਼ੁਰੂ ਕੀਤਾ ਸੀ, ਕਿ ਗੈਰ-ਮੈਂਬਰ ਨਵੇਂ ਸੈੱਲਫ਼-ਚੈੱਕ ਆਊਟ ਦੀ ਦੁਰਵਰਤੋਂ ਕਰ ਰਹੇ ਸਨ। ਕੌਸਕੋ ਨੇ ਗੈਰ-ਮੈਂਬਰਾਂ ਨੂੰ ਆਪਣੇ ਫੂਡ ਕੋਰਟਾਂ ਤੱਕ ਪਹੁੰਚ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।ਇਹ ਬਦਲਾਅ ਕੰਪਨੀ ਵੱਲੋਂ 1 ਸਤੰਬਰ ਤੋਂ ਕੈਨੇਡਾ ਅਤੇ ਅਮਰੀਕਾ ਵਿੱਚ ਗਾਹਕਾਂ ਲਈ ਮੈਂਬਰਸ਼ਿਪ ਫ਼ੀਸ ਵਧਾਉਣ ਦੇ ਐਲਾਨ ਤੋਂ ਬਾਅਦ ਆਇਆ ਹੈ। ਸਾਲਾਨਾ ਮੈਂਬਰਸ਼ਿਪ ਫ਼ੀਸ ਆਖ਼ਰੀ ਵਾਰ 2017 ਵਿੱਚ ਵਧਾਈ ਗਈ ਸੀ।ਆਮ ‘ਗੋਲਡ ਸਟਾਰ’ ਮੈਂਬਰਸ਼ਿਪ ਫ਼ੀਸ 60 ਡਾਲਰ ਸਲਾਨਾ ਤੋਂ ਵਧ ਕੇ 65 ਡਾਲਰ ਕੀਤੀ ਜਾ ਰਹੀ ਹੈ ਅਤੇ 120 ਡਾਲਰ ਸਲਾਨਾ ਦੀ ਐਗਜ਼ੈਕਟਿਵ ਮੈਂਬਰਸ਼ਿਪ 130 ਡਾਲਰ ਦੀ ਹੋ ਜਾਵੇਗੀ। ਐਗਜ਼ੈਕਟਿਵ ਮੈਂਬਰਸ਼ਿਪ ਲਈ ਵੱਧ ਤੋਂ ਵੱਧ ਸਾਲਾਨਾ ਦੋ ਪ੍ਰਤੀਸ਼ਤ ਰਿਵਾਰਡ $1,000 ਤੋਂ ਵੱਧ ਕੇ $1,250 ਹੋ ਜਾਵੇਗਾ।