ਮੰਦਿਰ ਕਮੇਟੀ ਵਲੋਂ ਕੰਸਰਵੇਟਿਵ ਆਗੂ ਨੂੰ ਲਿਖਿਆ ਪੱਤਰ ਵਾਇਰਲ-
ਸਰੀ ( ਦੇ ਪ੍ਰ ਬਿ)- ਸਰੀ ਵਿਚ ਸਥਿਤ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਪ੍ਰਧਾਨ ਤੇ ਕਮੇਟੀ ਨੂੰ ਕੰਸਰਵੇਟਿਵ ਪਾਰਟੀ ਨਾਲ ਸਬੰਧਿਤ ਸਿੱਖ ਐਮ ਪੀਜ ਦਾ ਮੰਦਿਰ ਵਿਚ ਆਉਣਾ ਤੇ ਹਿੰਦੂ ਭਾਈਚਾਰੇ ਨਾਲ ਕਿਸੇ ਦਿਨ ਦਿਹਾਰ ਮੌਕੇ ਉਹਨਾਂ ਨਾਲ ਵਧਾਈਆਂ ਸਾਂਝੀਆਂ ਕਰਨੀਆਂ ਕਬੂਲ ਨਹੀ । ਇਹ ਕਿਸੇ ਆਗੂ ਦਾ ਬਿਆਨ ਜਾਂ ਦੂਸ਼ਣ ਨਹੀ ਬਲਕਿ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਪ੍ਰਧਾਨ ਵਲੋਂ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਲਿਖੇ ਇਕ ਪੱਤਰ ਦਾ ਮਜ਼ਬੂਨ ਹੈ।
ਸ਼ੋਸਲ ਮੀਡੀਆ ਉਪਰ ਵਾਇਰਲ ਹੋਏ ਇਸ ਪੱਤਰ ਵਿਚ ਹਿੰਦੂ ਵੈਦਿਕ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਵਲੋਂ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੂੰ ਸੰਬੋਧਨ ਹੁੰਦਿਆਂ ਲਿੱਖਿਆ ਗਿਆ ਹੈ ਕਿ ਇਸ ਮੰਦਿਰ ਨਾਲ ਲਗਪਗ 50,000 ਦੇ ਕਰੀਬ ਹਿੰਦੂ ਸ਼ਰਧਾਲੂ ਜੁੜੇ ਹੋਏ ਹਨ। ਹਿੰਦੂ ਕਮਿਊਨਿਟੀ ਕੰਸਰਵੇਟਿਵ ਨੀਤੀਆਂ ਦਾ ਸਮਰਥਨ ਕਰਦੀ ਹੈ। ਪਰ ਇਸ ਪੱਤਰ ਦੇ ਨਾਲ ਹੀ ਕੰਸਰਵੇਟਿਵ ਪਾਰਟੀ ਵਲੋਂ ਕੈਨੇਡੀਅਨ ਹਿੰਦੂ ਵਸੋਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ ਗੱਲ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪਿਛਲੇ ਦਿਨੀ ਜਨਮ ਅਸ਼ਮਟੀ ਦੇ ਮੌਕੇ ਪਾਰਟੀ ਵਲੋਂ ਡਿਪਟੀ ਲੀਡਰ ਟਿਮ ਉਪਲ, ਐਮ ਪੀ ਐਡਮਿੰਟਨ, ਜਸਰਾਜ ਹੱਲਣ ਸ਼ੈਡੋ ਮਨਿਸਟਰ ਤੇ ਐਮ ਪੀ ਕੈਲਗਰੀ, ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ ਅਤੇ ਇਕ ਹੋਰ ਨਾਮਜ਼ਦ ਉਮੀਦਵਾਰ ਜੈਸੀ ਸਹੋਤਾ ਮੰਦਿਰ ਵਿਚ ਆਏ ਸਨ। ਮੰਦਿਰ ਕਮੇਟੀ ਇਹਨਾਂ ਵਿਰੋਧੀ ਵਿਚਾਰਾਂ ਵਾਲੇ ਕੰਸਰਵੇਟਿਵ ਪ੍ਰਤੀਨਿਧਾਂ ਦੇ ਮੰਦਿਰ ਵਿਚ ਆਉਣ ਤੋਂ ਖੁਸ਼ ਨਹੀ ਹੈ। ਪੱਤਰ ਵਿਚ ਹਿੰਦੂ ਭਾਈਚਾਰੇ ਨਾਲ ਸਬੰਧਿਤ ਕੰਸਰਵੇਟਿਵ ਐਮ ਪੀਜ ਤੇ ਪ੍ਰਤੀਨਿਧਾਂ ਨੂੰ ਮੰਦਿਰ ਵਿਚ ਭੇਜਣ ਦੀ ਮੰਗ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਹਿੰਦੂ ਕਲਚਰ ਨਾਲ ਸਬੰਧਿਤ ਕੰਸਰਵੇਟਿਵ ਪ੍ਰਤੀਨਿਧਾਂ ਦੇ ਆਉਣ ਨਾਲ ਹਿੰਦੂ ਭਾਈਚਾਰੇ ਤੇ ਕੰਸਰਵੇਟਿਵ ਪਾਰਟੀ ਵਿਚਾਲੇ ਵਧੇਰੇ ਇਕਸੁਰਤਾ ਤੇ ਸਾਂਝ ਦਾ ਪੁਲ ਬਣ ਸਕਦਾ ਹੈ।
ਪੱਤਰ ਵਿਚ ਕੰਸਰਵੇਟਿਵ ਆਗੂ ਤੋਂ ਸਪੱਸ਼ਟ ਮੰਗ ਕੀਤੀ ਗਈ ਕਿ ਮੰਦਿਰ ਵਿਚ ਇਕ ਵੱਖਰੀ ਵਿਚਾਰਾਧਾਰਾ ਦਾ ਸਮਰਥਨ ਕਰਨ ਵਾਲੇ ਜਾਂ ਹਿੰਦੂ ਭਾਵਨਾਵਾਂ ਤੋਂ ਅਣਜਾਣ ਪ੍ਰਤੀਨਿਧਾਂ ਨੂੰ ਨਾ ਭੇਜਿਆ ਜਾਵੇ।
ਦੇਸ ਪ੍ਰਦੇਸ ਵਲੋਂ ਵੈਦਿਕ ਹਿੰਦੂ ਕਲਚਰ ਸੁੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨਾਲ ਇਸ ਸਬੰਧੀ ਸਪੱਸ਼ਟੀਕਰਨ ਲਈ ਫੋਨ ਕੀਤਾ ਗਿਆ ਪਰ ਉਹਨਾਂ ਨਾਲ ਸੰਪਰਕ ਨਹੀ ਹੋ ਸਕਿਆ। ਇਸੇ ਦੌਰਾਨ ਮੰਦਿਰ ਕਮੇਟੀ ਦੇ ਇਕ ਆਗੂ ਨਾਲ ਸੰਪਰਕ ਹੋਣ ਤੇ ਉਹਨਾਂ ਸਪੱਸ਼ਟ ਕੀਤਾ ਹੈ ਕਿ ਅਜਿਹਾ ਪੱਤਰ ਲਿਖਿਆ ਤਾਂ ਗਿਆ ਹੈ ਪਰ ਸਾਡੀ ਚਿੰਤਾ ਕੈਨੇਡਾ ਵਿਚ ਵੱਖਰੀ ਤੇ ਅਲਗਾਵਾਦੀ ਵਿਚਾਰਧਾਰਾ ਵਾਲੇ ਲੋਕਾਂ ਤੋਂ ਹੈ। ਅਸੀਂ ਸਿੱਖ ਵਿਰੋਧੀ ਨਹੀ ਵੱਖਵਾਦ ਦੇ ਵਿਰੁੱਧ ਹਾਂ। ਤੇ ਇਸੇ ਭਾਵਨਾ ਤਹਿਤ ਹੀ ਇਹ ਪੱਤਰ ਕੰਸਰਵੇਟਿਵ ਆਗੂ ਨੂੰ ਲਿਖਿਆ ਗਿਆ ਹੈ।
ਜਨਮ ਅਸ਼ਟਮੀ ਮੌਕੇ ਹਿੰਦੂ ਮੰਦਿਰ ਸਰੀ ਵਿਖੇ ਪੁੱਜੇ ਕੰਸਰਵੇਟਿਵ ਐਮ ਪੀ ਟਿਮ ਉਪਲ ਤੇ ਜਸਰਾਜ ਸਿੰਘ ਹੱਲਣ ਦੀ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਨਾਲ ਇਕ ਤਸਵੀਰ।