ਕੰਸਰਵੇਟਿਵ ਆਗੂ ਨੂੰ ਲਿਖੇ ਇਕ ਹੋਰ ਪੱਤਰ ਵਿਚ ਮੁਆਫੀ ਮੰਗੀ-
ਸਰੀ ( ਦੇ ਪ੍ਰ ਬਿ)- ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਫੈਡਰਲ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੂੰ ਕੰਸਰਵੇਟਿਵ ਪਾਰਟੀ ਦੇ ਸਿੱਖ ਪ੍ਰਤੀਨਿਧਾਂ ਦੀ ਥਾਂ ਹਿੰਦੂ ਭਾਈਚਾਰੇ ਨਾਲ ਸਬੰਧਿਤ ਪ੍ਰਤੀਨਿਧਾਂ ਨੂੰ ਮੰਦਿਰ ਦੇ ਪ੍ਰੋਗਰਾਮਾਂ ਵਿਚ ਭੇਜਣ ਬਾਰੇ ਲਿਖੇ ਪੱਤਰ ਦੇ ਵਾਇਰਲ ਹੋਣ ਅਤੇ ਮੰਦਿਰ ਕਮੇਟੀ ਦੀ ਫਿਰਕੂ ਤੇ ਨਫਰਤ ਫੈਲਾਓ ਸੋਚ ਦਾ ਤਿੱਖਾ ਵਿਰੋਧ ਹੋਣ ਉਪਰੰਤ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਆਪਣਾ ਸਪੱਸ਼ਟੀਕਰਣ ਦਿੰਦਿਆਂ ਇਕ ਹੋਰ ਪੱਤਰ ਕੰਸਰਵੇਟਿਵ ਆਗੂ ਦੇ ਨਾਮ ਜਾਰੀ ਕੀਤਾ ਹੈ।
ਵੈਦਿਕ ਹਿੰਦੂ ਕਲਚਰ ਸੁਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਲੈਟਰਪੈਡ ਉਪਰ ਪ੍ਰਧਾਨ ਸਤੀਸ਼ ਕੁਮਾਰ ਦੇ ਦਸਤਖਤਾਂ ਹੇਠ ਜਾਰੀ ਉਕਤ ਪੱਤਰ ਵਿਚ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੂੰ ਸੰਬੋਧਨ ਹੁੰਦਿਆਂ ਕਿਹਾ ਗਿਆ ਹੈ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ 4 ਸਤੰਬਰ 2024 ਨੂੰ ਉਹਨਾਂ ਨੂੰ ਭੇਜਿਆ ਗਿਆ ਪੱਤਰ ਮੀਡੀਆ ਵਿਚ ਚਲਾ ਗਿਆ ਹੈ ਜਿਸ ਨਾਲ ਇਕ ਗੈਰ- ਜਰੂਰੀ ਵਿਵਾਦ ਖੜਾ ਹੋ ਗਿਆ ਹੈ ਜੋ ਇੰਡੋ- ਕੈਨੇਡੀਅਨ ਹਿੰਦੂ- ਸਿੱਖ ਭਾਈਚਾਰੇ ਦੇ ਸਬੰਧਾਂ ਵਿਚਾਲੇ ਖਟਾਸ ਪੈਦਾ ਕਰ ਰਿਹਾ ਹੈ। ਅਸੀ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਉਕਤ ਪੱਤਰ ਵਿਚ ਕਿਸੇ ਵੀ ਭਾਈਚਾਰੇ ਜਾਂ ਵਿਅਕਤੀ ਵਿਸ਼ੇਸ਼ ਖਿਲਾਫ ਕੋਈ ਵੀ ਮੰਦਭਾਵਨਾ ਨਹੀ ਸੀ। ਵੈਦਿਕ ਹਿੰਦੂ ਕਲਚਰ ਸੁਸਾਇਟੀ ਸਦਾ ਭਾਈਚਾਰਕ ਏਕਤਾ ਅਤੇ ਸਾਂਝ ਦੀ ਮੁਦਈ ਰਹੀ ਹੈ। ਅਗਰ ਸਾਡੇ ਉਸ ਪੱਤਰ ਵਿਚ ਕਿਸੇ ਭਾਈਚਾਰੇ ਜਾਂ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪੁੱਜੀ ਹੈ ਤਾਂ ਉਸ ਲਈ ਮੁਆਫੀ ਮੰਗਦੇ ਹੋਏ ਸਪੱਸ਼ਟ ਕਰਦੇ ਹਾਂ ਕਿ ਅਸੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਦ੍ਰਿੜ ਹਾਂ । ਸਾਡੇ ਦਿਲਾਂ ਤੇ ਮੰਦਿਰ ਦੇ ਦਰਵਾਜੇ ਹਰ ਇਕ ਲਈ ਖੁੱਲੇ ਹਨ। ਸਾਡਾ ਵਿਸ਼ਵਾਸ ਹੈ ਕਿ ਇਸ ਪੱਤਰ ਦੇ ਨਾਲ ਸਾਰਾ ਵਿਵਾਦ ਖਤਮ ਹੋ ਜਾਣਾ ਚਾਹੀਦਾ ਹੈ। ਅਸੀਂ ਭਾਈਚਾਰੇ ਦੀ ਇਕਮੁੱਠਤਾ ਤੇ ਸਾਂਝ ਲਈ ਮਿਲਕੇ ਕੰਮ ਕਰਨ ਲਈ ਵਚਨਬੱਧ ਹਾਂ।
ਜ਼ਿਕਰਯੋਗ ਹੈ ਕਿ ਕੰਸਰਵੇਟਿਵ ਪਾਰਟੀ ਦੇ ਸਿੱਖ ਪ੍ਰਤੀਨਿਧਾਂ ਪ੍ਰਤੀ ਮੰਦਿਰ ਕਮੇਟੀ ਦੀਆਂ ਫਿਰਕੂ ਨਫਰਤ ਵਾਲੀਆਂ ਭਾਵਨਾਵਾਂ ਸਬੰਧੀ ਵਾਇਰਲ ਹੋਏ ਪੱਤਰ ਉਪਰੰਤ ਉਘੇ ਰੇਡੀਓ ਹੋਸਟ ਹਰਜਿੰਦਰ ਥਿੰਦ ਵਲੋਂ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨਾਲ ਇਕ ਰੇਡੀਓ ਵਾਰਤਾ ਦੌਰਾਨ ਉਹਨਾਂ ਨੂੰ ਯਾਦ ਕਰਾਇਆ ਗਿਆ ਕਿ ਇਸ ਲਕਸ਼ਮੀ ਨਾਰਾਇਣ ਮੰਦਿਰ ਦੀ ਉਸਾਰੀ ਵਿਚ ਸਰੀ ਦੇ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ। ਫੰਡਾਂ ਦੀ ਘਾਟ ਕਾਰਣ ਜਦੋਂ ਮੰਦਿਰ ਦੀ ਉਸਾਰੀ ਵਿਚਾਲੇ ਰੁਕ ਗਈ ਸੀ ਤਾਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਹੀ ਇਸਦੀ ਉਸਾਰੀ ਮੁਕੰਮਲ ਹੋ ਸਕੀ ਸੀ। ਸਤੀਸ਼ ਕੁਮਾਰ ਨੇ ਮੰਦਿਰ ਦੀ ਉਸਾਰੀ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮੰਨਦਿਆਂ ਇਹ ਖੁਲਾਸਾ ਕੀਤਾ ਕਿ ਅੱਜ ਵੀ ਮੰਦਿਰ ਦੀ ਮੈਂਬਰਸ਼ਿਪ ਵਿਚ 25-30 ਪ੍ਰਤੀਸ਼ਤ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਹਨ। ਪਰ ਇਸ ਗੱਲਬਾਤ ਦੌਰਾਨ ਉਹਨਾਂ ਮੰਦਿਰ ਕਮੇਟੀ ਜਾਂ ਆਪਣੇ ਵੱਲੋਂ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਲਈ ਸਪੱਸ਼ਟ ਰੂਪ ਵਿਚ ਮੁਆਫੀ ਨਹੀ ਮੰਗੀ ਬਲਕਿ ਇਤਨਾ ਹੀ ਕਿਹਾ ਕਿ ਮਨੁੱਖ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਤੇ ਸਾਡੀ ਕੋਲੋ ਵੀ ਇਹ ਗਲਤੀ ਹੋਈ ਹੈ।