Headlines

ਰਾਹੁਲ ਗਾਂਧੀ ਵਲੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦੇ ਨਿਵੇਕਲੇਪਨ ਦੀ ਗੱਲ ਕਰਨਾ ਅਹਿਮ

ਕੇਂਦਰੀ ਸਿੰਘ ਸਭਾ ਵਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਸ਼ਲਾਘਾ-

ਚੰਡੀਗੜ੍ਹ:- ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਸਿੱਖਾਂ ਦੇ ਧਾਰਮਿਕ ਸਭਿਆਚਾਰਕ ਨਵੇਕਲੇਪਨ ਦੇ ਪੱਖ ਵਿੱਚ ਅਵਾਜ਼ ਉਠਾਕੇ ਸਿੱਖ ਪੰਥ ਵੱਲੋਂ 75 ਸਾਲ ਤੋਂ ਆਪਣੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਨੂੰ ਸਹੀ ਸਾਬਿਤ ਕਰ ਦਿੱਤਾ ਹੈ।
ਆਪਣੀ ਅਮਰੀਕਾ ਦੀ ਫੇਰੀ ਦੌਰਾਨ ਭਾਰਤੀ ਮੂਲ ਦੇ ਲੋਕਾਂ ਦੇ ਇਕੱਠ ਵਿੱਚ ਪੇਸ਼ ਰਾਹੁਲ ਗਾਂਧੀ ਦੇ ਕਥਨਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪ੍ਰੋੜਤਾ ਕਰਦੀ ਹੈ ਕਿ ਭਾਰਤੀ ਬਹੁ-ਪੱਖੀ ਵਿਚਾਰਾਂ ਦਾ ਸਮੂਹ ਹੈ ਅਤੇ ਆਰ.ਐਸ.ਐਸ ਵੱਲੋਂ ਉਪ-ਮਹਾਂਦੀਪ ਵਿਸ਼ਾਲਤਾ ਵਾਲੇ ਭਾਰਤ ਦੇਸ਼ ਨੂੰ ਇਕ ਵਿਚਾਰਧਾਰਾ ਵਾਲੀ ਕੌਮ ਪੇਸ਼ ਕਰਨ ਨੂੰ ਰਾਹੁਲ ਗਾਂਧੀ ਨੇ ਰੱਦ ਕੀਤਾ ਹੈ।
ਅਸੀਂ, ਸਿੰਘ ਸਭੀਏ ਰਾਹੁਲ ਗਾਂਧੀ ਵੱਲੋਂ ਭਾਰਤੀ ਸਿਆਸਤ ਦੇ ਨਵੇ ਵਿਸ਼ਲੇਸ਼ਨ ਨੂੰ ਵੀ ਉਚਿਤ ਸਮਝਦੇ ਹਾਂ ਕਿ ਜਾਤ-ਪਾਤ ਦਰਜਾਬੰਦੀ ਅਤੇ ਵੱਖ-ਵੱਖ ਧਰਮਾਂ ਸਭਿਆਚਾਰਾਂ ਦੀ ਆਪਸੀ ਲੜਾਈ ਅਤੇ ਖਿੱਚੋਤਾਣ ਨੇ ਹੀ ਦੇਸ਼ ਦੀ ਰਾਜਨੀਤੀ ਨੂੰ ਪੁੱਠੇ ਰਾਹ ਤੇ ਤੋਰਿਆ ਤੇ ਦੇਸ਼ ਅੰਦਰ ਹਿੰਸਾ ਦਾ ਮਾਹੌਲ ਖੜ੍ਹਾ ਕੀਤਾ ਹੈ।
ਇਹ ਗੱਲ ਹੁਣ ਜੱਗ ਜ਼ਾਹਰ ਹੈ ਕਿ ਕਾਂਗਰਸ ਦੀ ਨਰਮ ਹਿੰਦੂਤਵੀ ਕੌਮੀ ਨੀਤੀ ਕਰਕੇ ਹੀ ਸਿੱਖਾਂ ਨੂੰ ਆਜ਼ਾਦੀ ਤੋਂ ਤੁਰੰਤ ਬਾਅਦ ਆਪਣੀ ਧਾਰਮਿਕ ਆਜ਼ਾਦੀ ਤੇ ਸਭਿਆਚਾਰਕ ਸੁਤੰਤਰਤਾ ਤੇ ਪੰਜਾਬੀ ਬੋਲੀ ਨੂੰ ਬਚਾਉਣ ਦੀ ਲੜਾਈ ਲੜਨੀ ਪਈ। ਅਤੇ 1980ਵੇਂ ਵਿੱਚ ਕਾਂਗਰਸ/ਇੰਦਰਾਂ ਗਾਂਧੀ ਵੱਲੋਂ ਸਿੱਧੀ ਹਿੰਦੂਤਵ ਪਾਲਿਸੀ ਧਾਰਨ ਕਰਕੇ ਹੀ 1984 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਫੌਜੀ ਹਮਲਾ ਹੋਇਆ ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਵਾਪਰਿਆ ।ਇੰਦਰਾ ਕਾਂਗਰਸ ਨੇ ਹੀ ਭਾਰਤ ਵਿੱਚ ਹਿੰਦੂਤਵੀ ਜ਼ਰਖੇਜ ਜ਼ਮੀਨ ਤਿਆਰ ਕੀਤੀ ਜਿਸ ਵਿੱਚੋਂ ਹੀ ਹਿੰਦੂ ਰਾਸ਼ਟਰਵਾਦੀ ਤਾਕਤਾਂ ਅਤੇ ਮੋਦੀ ਰਾਜਭਾਗ ਪ੍ਰਫੁਲਤ ਹੋਇਆ।
ਉਵਰਸੀਜ਼ ਕਾਂਗਰਸ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੀ ਦਸਤਾਰ ਧਾਰਨ ਕਰਨ ਅਤੇ ਗੁਰਦੁਆਰੇ ਜਾਣ ਦੀ ਆਜ਼ਾਦੀ ਦੀ ਪੁਰਜ਼ੋਰ ਹਮਾਇਤ ਕਰਨਾ ਹੀ ਇੰਦਰਾ ਗਾਂਧੀ ਅਤੇ ਉਸ ਸਮੇਂ ਦੀ ਕਾਂਗਰਸ ਦੀਆਂ ਉਨ੍ਹਾ ਸਿੱਖ ਵਿਰੋਧੀ ਨੀਤੀਆਂ ਦਾ ਖੰਡਨ ਕਰਨਾ ਬਣਦਾ ਹੈ ਜਿੰਨ੍ਹਾਂ ਕਰਕੇ ਸਿੱਖ ਭਾਈਚਾਰਾ ਲੰਬੇ ਸਰਕਾਰੀ ਤਸ਼ੱਦਦ ਅਤੇ ਦਹਿਸ਼ਤ ਦਾ ਸ਼ਿਕਾਰ ਹੋਇਆ ਸੀ।
ਰਾਹੁਲ ਗਾਂਧੀ ਨੇ ਆਜ਼ਾਦੀ ਤੋਂ 70 ਸਾਲ ਬਾਅਦ ਫਰਵਰੀ 2022 ਵਿੱਚ ਪਹਿਲੀ ਵਾਰ ਦੇਸ਼ ਦੀ ਪਾਰਲੀਮੈਂਟ ਵਿੱਚ ਭਾਰਤ ਨੂੰ ਵੱਖ-ਵੱਖ ਸੂਬਿਆਂ ਦਾ ਸੰਘ ਦੱਸਿਆ ਸੀ ਅਤੇ ਹੁਣ ਉਹ ਸੂਬਿਆ ਵੱਖ ਵੱਖ ਸਭਿਆਚਾਰਾਂ ਦੀ ਪ੍ਰਮੁੱਖਤਾ ਦੇ ਹੱਕ ਵਿੱਚ ਖੜ੍ਹੇ ਹੋ ਗਿਆ  ਹੈ ਜਿਸ ਕਰਕੇ, ਕੇਂਦਰੀ ਸਿੰਘ ਸਭਾ ਉਮੀਦ ਕਰਦੀ ਹੈ ਦੱਬੇ-ਕੁਚਲੇ ਸਭਿਆਚਾਰ/ਕੌਮੀਅਤਾਂ ਨੂੰ ਪ੍ਰਫੁਲਤ ਹੋਣ ਦਾ ਮੌਕਾ ਭਵਿੱਖ ਵਿੱਚ ਮਿਲੇਗਾ ਅਤੇ ਦੇਸ਼ ਦਾ ਫੈਡਲਰ ਢਾਂਚਾ ਮਜ਼ਬੂਤ ਹੋਵੇਗਾ ।ਇਹ ਹੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨਾ ਹੋਵੇਗਾ।
ਕੇਂਦਰੀ ਸਿੰਘ ਸਭਾ ਭਾਜਪਾ/ਹਿੰਦੂਤਵੀ ਪੱਖੀ ਸਿੱਖ ਲੀਡਰਾਂ ਵੱਲੋਂ ਰਾਹੁਲ ਗਾਂਧੀ ਦੇ ਕਥਨਾ ਨੂੰ ਤੋੜ੍ਹ-ਮਰੋੜ੍ਹਕੇ ਪੇਸ਼ ਕਰਨ ਦੀ ਨਿੰਦਾ ਕਰਦੀ ਹੈ । ਅਸਲ ਵਿੱਚ ਅਜਿਹੇ ਸਿੱਖ ਲੀਡਰ, ਸਿੱਖ ਪੰਥ ਨੂੰ ਅਤੀਤ ਦੇ ਦੁਖਾਂਤ ਵਿੱਚ ਹੀ ਉਲਝਾ ਕੇ ਹੀ ਆਪਣੀ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ ।ਅਜਿਹੇ ਅਖੌਤੀ ਸਿੱਖ  ਲੀਡਰ ਨਹੀਂ ਚਾਹੁੰਦੇ ਕਿ ਸਿੱਖ ਭਾਈਚਾਰਾ ਮੌਜੂਦਾ ਭਾਰਤੀ ਸਥਿਤੀ ਤੇ ਦੇਸ਼ ਕਾਲ ਅਨੁਸਾਰ ਆਪਣੀ ਨਵੀਂ ਰਾਜਨੀਤੀ ਘੜੇ  ਅਤੇ ਭਾਈਚਾਰੇ ਨੂੰ ਪੁਰਾਣੇ ਸਿੱਖ/ਅਕਾਲੀ ਲੀਡਰਾਂ ਦੇ ਚੁੰਗਲ ਤੇ ਪੇਤਲੀ ਰਾਜਨੀਤੀ ਵਿੱਚ ਹੀ ਫਸਾ ਕੇ ਰੱਖਣਾ ਚਾਹੁੰਦੇ ਹਨ ।ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਬੀਤੇ ਨੂੰ ਜ਼ਰੂਰ ਯਾਦ ਰੱਖਣ, ਉਸ ਉੱਤੇ ਵਰਲਾਪ ਕਰਨਾ ਛੱਡਣ ਸਗੋਂ ਉਸਨੂੰ ਵਰਤਕੇ ਭਵਿਖਮੁਖੀ ਰਾਜਨੀਤੀ ਤਿਆਰ ਕਰਨ ।
ਇਸ ਸਾਂਝੇ ਬਿਆਨ ਵਿੱਚ ਸ਼ਾਮਲ ਹਨ  ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਮਾਲਵਿੰਦਰ ਸਿੰਘ ਮਾਲੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ।

Leave a Reply

Your email address will not be published. Required fields are marked *