Headlines

ਸਿਆਸੀ ਟਿਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰੀ ਉਪਰੰਤ ਪਹਿਲੀ ਅਕਤੂਬਰ ਤੱਕ ਜੇਲ ਭੇਜਿਆ

ਪੰਜਾਬ ਦੇ ਚਿੰਤਕਾਂ ਵਲੋਂ ਗ੍ਰਿਫਤਾਰੀ ਵਿਰੁੱਧ 18 ਸਤੰਬਰ ਨੂੰ ਧਰਨੇ ਦਾ ਐਲਾਨ-

ਚੰਡੀਗੜ੍ਹ-ਉਘੇ ਸਿਆਸੀ ਟਿਪਣੀਕਾਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ  ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਬੀਤੀ ਰਾਤ ਮੁਹਾਲੀ ਪੁਲਿਸ ਦੇ ਆਈ ਟੀ ਸੈਲ ਵਲੋਂ ਹਿਰਾਸਤ ਵਿਚ ਲਿਆ ਗਿਆ ਸੀ। ਅੱਜ ਸਵੇਰੇ  ਪੁਲਿਸ ਵਲੋੋਂ ਉਹਨਾਂ ਨੂੰ ਮੁਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਦਾਲਤ ਨੇ ਉਹਨਾਂ ਨੂੰ ਪਹਿਲੀ ਅਕਤੂਬਰ ਤੱਕ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਮਾਲਵਿੰਦਰ ਸਿੰਘ ਮਾਲੀ ਖਿਲਾਫ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਦਰਜ ਇਕ ਐਫ ਆਈ ਆਰ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਵੇਲੇ ਮੁੱਖ ਮੰਤਰੀ ਦਫਤਰ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰਦੇ ਰਹੇ ਹਨ, ਪੇਸ਼ ਵਜੋਂ ਇਕ ਅਧਿਆਪਕ ਸਨ। ਉਹ ਕੁਝ ਸਾਲ ਪਹਿਲਾਂ ਹੀ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਉਪਰੰਤ ਸਿਆਸੀ ਟਿਪਣੀਕਾਰ ਵਜੋਂ ਸਰਗਰਮ ਸਨ। ਪੰਜਾਬ ਵਿਚ ਖਾੜਕੂਵਾਦ ਦੇ ਸਮੇਂ ਦੌਰਾਨ ਉਹ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਵੀ ਸਰਗਰਮ ਸਨ। ਉਹਨਾਂ ਦੀ ਬੇਬਾਕ ਤੇ ਤਿੱਖੀਆਂ ਟਿਪਣੀਆਂ ਕਾਰਣ ਮੌਜੂਦਾ ਸਰਕਾਰ ਅਤੇ ਉਸਦੇ ਅਹਿਲਕਾਰ ਉਸਤੋਂ ਕਾਫੀ ਔਖੇ ਸਨ। ਕਿਹਾ ਜਾਂਦਾ ਹੈ ਕਿ ਮਾਲੀ ਦੀ ਜੁਬਾਨ ਬੰਦ ਕਰਵਾਉਣ ਲਈ ਉਸਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਕ ਝੂਠਾ ਕੇਸ ਦਰਜ ਕੀਤਾ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਪੱਤਰਕਾਰ ਜਥੇਬੰਦੀਆਂ ਨੇ ਮਾਲੀ ਖਿਲਾਫ ਕੇਸ ਦਰਜ ਕਰਨ ਤੇ ਉਸਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕਰਦਿਆਂ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

ਇਸੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ, ਕਾਂਗਰਸੀ ਆਗੂ ਪਰਗਟ ਸਿੰਘ ਨੇ  ਸ ਮਾਲੀ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ।

ਪੁਲਿਸ ਕਾਰਵਾਈ ਦੇ ਵਿਰੋਧ ਵਿਚ ਧਰਨੇ ਦਾ ਐਲਾਨ-ਇਸੇ ਦੌਰਾਨ ਉਘੇ ਚਿੰਤਕ ਡਾ ਪਿਆਰੇ ਲਾਲ ਗਰਗ ਤੇ ਪ੍ਰੋ ਮਨਜੀਤ ਸਿੰਘ ਨੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ 18 ਸਤੰਬਰ ਨੂੰ ਸ਼ਾਮ 5 ਵਜੇ ਸੈਕਟਰ 17 ਚੰਡੀਗੜ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ । ਦੋਵਾਂ ਚਿੰਤਕਾਂ ਨੇ ਇਸ ਮੌਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਿਲ ਹੋਣ ਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।