Headlines

ਕਾਮਰੇਡ ਸੀਤਾ ਰਾਮ ਯੈਚੁਰੀ ਦੀ ਯਾਦ ’ਚ ਸਰੀ ’ਚ ਸ਼ੋਕ ਸਭਾ

ਵੱਖ—ਵੱਖ ਬੁਲਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ –

ਵੈਨਕੂਵਰ, (ਮਲਕੀਤ ਸਿੰਘ)—ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਮਰਹੂਮ ਕਾਮਰੇਡ ਆਗੂ ਸੀਤਾ ਰਾਮ ਯੈਚੁਰੀ ਦੀ ਯਾਦ ’ਚ ‘ਇੰਡੀਅਨ ਵਰਕਜ਼ ਐਸੋਸੀਏਸ਼ਨ ਆਫ ਕੈਨੇਡਾ’ ਦੇ ਸਹਿਯੋਗ ਨਾਲ ਸਰੀ ਸਥਿਤ ਫਲੀਟਵੁੱਡ ਲਾਇਬ੍ਰੇਰੀ ’ਚ ਇਕ ਸੋਕ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ’ਚ ਉਘੇ ਬੁੱਧੀਜੀਵੀਆਂ, ਭਰਾਤਰੀ ਜਥੇਬੰਦੀਆਂ ਦੇ ਅਹੁੱਦੇਦਾਰਾਂ ਸਮੇਤ ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਸ੍ਰੀ ਯੈਚੁਰੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਅੱਗੇ ਫੁੱਲ ਅਰਪਿਤ ਕੀਤੇ।
ਸੋਕ ਸਭਾ ਦੇ ਸ਼ੁਰੂਆਤੀ ਦੌਰ ’ਚ ‘ਇੰਡੀਅਨ ਵਰਕਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਸੁਰਿੰਦਰ ਢੇਸੀ ਨੇ ਸ੍ਰੀ ਯੈਚੁਰੀ ਦੇ ਮਹਾਨ ਜੀਵਨ ’ਤੇ ਸੰਖੇਪਿਕ ਝਾਤ ਪਾਉਂਦਿਆਂ ਦੱਸਿਆ ਕਿ 1974 ’ਚ ਜੇ. ਐਨ. ਯੂ. ਦੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1975 ’ਚ ਤੱਤਕਾਲੀ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ’ਚ ਉਨ੍ਹਾਂ 500 ਵਿਦਿਆਰਥੀਆਂ ਦੇ ਇਕ ਡੈਲੀਗੇਟ ਸਮੇਤ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਨਿਵਾਸ ’ਤੇ ਪਹੁੰਚ ਕੇ ਅਸਤੀਫੇ ਦੀ ਮੰਗ ਕੀਤੀ ਅਤੇ ਇੰਦਰਾ ਗਾਂਧੀ ਵੱਲੋਂ ਉਨ੍ਹਾਂ ਦੇ ਰੋਹ ਕਾਰਨ ਮਜ਼ਬੂਰਨ ਪ੍ਰਧਾਨ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਵੀ ਦੇਣਾ ਪਿਆ ਸੀ।ਜਿਸ ਮਗਰੋਂ ਉਨ੍ਹਾਂ ਨੂੰ 8 ਮਹੀਨੇ ਜੇਲ ਵੀ ਕੱਟਣੀ ਪਈ।
ਇਸ ਮੌਕੇ ’ਤੇ ‘ਇੰਡੀਅਨ ਵਰਕਰਜ਼ ਐਸੋ:’ ਦੇ ਮੀਡੀਆ ਕੋਆਰਡੀਨੇਟਰ ਸੁਰਿੰਦਰ ਸੰਘਾ ਵੱਲੋਂ ਵੀ ਸ੍ਰੀ ਯੈਚੁਰੀ ਨਾਲ ਉਨ੍ਹਾਂ ਦੀ ਸੰਸਥਾ ਦੇ ਲੰਬੇਰੇ ਰਿਸਤੇ ਦਾ ਵੀ ਜ਼ਿਕਰ ਕੀਤਾ ਗਿਆ।ਹੋਰਨਾਂ ਬੁਲਾਰਿਆਂ ਤੋਂ ਇਲਾਵਾ ਇਸ ਮੌਕੇ ’ਤੇ ਪੁੱਜੇ ਕਾਮਰੇਡ ਪ੍ਰਸ਼ਾਦ, ਕਾਮਰੇਡ ਮਾਨ, ਕਾਮਰੇਡ ਜੈਨੂਅਲ ਹੁਕਮਨ, ਕਾਮਰੇਡ ਬਹਾਦਰ ਸਿੰਘ ਮੱਲ੍ਹੀ, ਕਾਮਰੇਡ ਨਾਜ਼ਰ ਰਿਜਵੀ, ਅਮਰਜੀਤ ਬਰਾੜ, ਪ੍ਰੋ: ਬਾਵਾ ਸਿੰਘ, ਕ੍ਰਿਪਾਲ ਸਿੰਘ ਜੌਹਲ, ਕਾਮਰੇਡ ਮੁਸਤਫਾ, ਐਮ. ਐਲ. ਏ. ਜਿੰਨੀ ਸ਼ੇਮਜ, ਡਾ. ਸਾਧੂ ਸਿੰਘ, ਡਾ. ਗੁਰਨਾਮ ਸਿੰਘ ਸੰਘੇੜਾ, ਕਾਮਰੇਡ ਕੈਂਬਲ ਕੈਰੀਓ ਅਤੇ ਉਘੇ ਬੁੱਧੀਜੀਵੀ ਭੁਪਿੰਦਰ ਮੱਲ੍ਹੀ ਆਦਿ ਵੱਲੋਂ ਵੀ ਆਪੋ-ਆਪਣੀ ਤਕਰੀਰ ’ਚ ਸ੍ਰੀ ਯੈਚੁਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਿੰਦਰਜੀਤ ਸਿੰਘ ਸੰਧੂ ਵੱਲੋਂ ਬਾਖੂਬੀ ਨਿਭਾਈ ਗਈ।

Leave a Reply

Your email address will not be published. Required fields are marked *