ਦੋ ਦਿਨਾਂ ਵਿਚ ਤਿੰਨ ਕਰੋੜ ਕਮਾਏ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਅਮਿਤੋਜ ਮਾਨ ਦੁਆਰਾ ਨਿਰਦੇਸ਼ ਕੀਤੀ ਤੇ ਬੱਬੂ ਮਾਨ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ “ਸੁੱਚਾ ਸੂਰਮਾ ” ਸੰਸਾਰ ਭਰ ਵਿੱਚ 20 ਸਤੰਬਰ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਰੀਲੀਜ਼ ਕੀਤੀ ਗਈ। ਪੰਜਾਬੀ ਸਭਿਆਚਾਰ ਵਿਚ ਬਹਾਦਰੀ ਤੇ ਨਿਆਂ ਲਈ ਜਾਣੇ ਜਾਂਦੇ ਸੁੱਚਾ ਸੂਰਮਾ ਦੀ ਕਹਾਣੀ ਤੇ ਫਿਲਮਾਈ ਗਈ ਫਿਲਮ ਨੂੰ ਦਰਸ਼ਕਾਂ ਵਲੋਂ ਦੇਸ਼ ਵਿਦੇਸ਼ ਵਿਚ ਭਰਵਾਂ ਹੁੰਗਾਰਾ ਮਿਲਣ ਦੀ ਖਬਰ ਹੈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ਤੇ 1.25 ਕਰੋੜ ਕਮਾਏ ਜਦੋਂਕਿ ਦੂਸਰੇ ਦਿਨ ਕਮਾਈ ਵਿਚ ਥੋੜਾ ਹੋਰ ਵਾਧਾ ਕਰਦਿਆਂ 1.5 ਕਰੋੜ ਬਣਾਏ। ਫਿਲਮ ਦੀ ਦੇਸ ਵਿਦੇਸ਼ ਵਿਚ ਦੋ ਦਿਨ ਦੀ ਕਮਾਈ 3 ਕਰੋੜ ਦੇ ਕਰੀਬ ਰਹੀ।
ਬੀਤੀ 20 ਸਤੰਬਰ ਨੂੰ ਇਹ ਫਿਲਮ ਭਾਰਤ ,ਕੈਨੇਡਾ, ਯੂਕੇ ਤੇ ਅਮਰੀਕਾ ਦੇ ਸਿਨਮਾਂ ਘਰਾਂ ਵਿਚ ਰੀਲੀਜ਼ ਹੋਈ। ਭਾਰਤ ਵਿਚ 430 ਸਿਨੇਮਾ ਘਰਾਂ ਅਤੇ ਭਾਰਤ ਤੋਂ ਬਾਹਰ 550 ਥਾਵਾਂ ਤੇ ਫਿਲਮ ਦੀ ਪ੍ਰੀਮੀਅਰ ਸ਼ੋਅ ਹੋਏ।
ਇਸ ਫਿਲਮ ਸੰਬੰਧੀ ਪੰਜਾਬ ਬੇਂਕੁਇਟ ਹਾਲ ਸਰੀ ਵਿਖੇ ਲੱਕੀ ਸੰਧੂ ਤੇ ਜੋਯਤੀ ਸਹੋਤਾ ਵਲੋਂ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੇ ਰੀਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਫਿਲਮ ਵਿਚ ਨਰੈਣੇ ਦੀ ਭੂਮਿਕਾ ਨਿਭਾ ਰਹੇ ਪੰਜਾਬੀ ਗਾਇਕ ਸਰਬਜੀਤ ਚੀਮਾ ਵਿਸ਼ੇਸ਼ ਤੌਰ ਤੇ ਪੁੱਜੇ| ਵੱਖ- ਵੱਖ ਮੀਡੀਆ ਕਰਮੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਸਰਬਜੀਤ ਚੀਮਾ ਨੇ ਆਪਣੇ ਨਿਭਾਏ ਗਏ ਕਿਰਦਾਰ ਤੇ ਇਸ ਫਿਲਮ ਨੂੰ ਬਨਾਉਣ ਵਿੱਚ ਅਮਿਤੋਜ ਮਾਨ ਵਲੋਂ ਕੀਤੀ ਮਿਹਨਤ ਦੇ ਅਨੁਭਵਾਂ ਨੂੰ ਬਾਖੂਬੀ ਸਾਂਝਾ ਕੀਤਾ | ਕਾਮੇਡੀਅਨ ਫ਼ਿਲਮਾਂ ਦੇ ਦੌਰ ਵਿੱਚ ਪੰਜਾਬੀ ਅਣਖ਼ ਦੇ ਪ੍ਰਤੀਕ ਸੁੱਚਾ ਸੂਰਮਾ ਦੇ ਕਿਰਦਾਰ ਨੂੰ ਵੱਡੇ ਪਰਦੇ ਤੇ ਲਿਆਉਣ ਲਈ ਅਮਿਤੋਜ ਮਾਨ ਤੇ ਸੁੱਚਾ ਸੂਰਮਾ ਦੇ ਕਿਰਦਾਰ ਚ ਬੱਬੂ ਮਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਆਪਣੇ ਗੌਰਵਮਾਈ ਪੰਜਾਬੀ ਇਤਿਹਾਸ ਨੂੰ ਸਾਂਭਣ ਦਾ ਯਤਨ ਕੀਤਾ ਹੈ |