Headlines

ਡੇਵਿਡ ਈਬੀ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਪ੍ਰੇਸ਼ਾਨ- ਜੌਹਨ ਰਸਟੈਡ

ਬੇਅਰ ਕਰੀਕ ਪਾਰਕ ਵਿਖੇ ਸਰੀ ਨਾਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੇ ਹੱਕ ਵਿਚ ਭਾਰੀ ਇਕੱਠ-

ਸਰੀ ( ਮਾਂਗਟ )- ਬੀਤੇ ਦਿਨੀਂ ਸਰੀ ਨਾਰਥ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਵਲੋਂ ਬੇਅਰ ਕਰੀਕ ਪਾਰਕ ਸਰੀ ਵਿਖੇ ਮੀਟ ਗਰੀਟ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਮਨਦੀਪ ਧਾਲੀਵਾਲ ਨੇ ਬੀ ਸੀ ਕੰਸਰਵੇਟਿਵ ਆਗੂ ਅਤੇ ਉਹਨਾਂ ਨਾਲ ਆਏ ਹੋਰ ਪਾਰਟੀ ਆਗੂਆਂ ਤੇ ਉਮੀਦਵਾਰਾਂ ਦਾ ਸਵਾਗਤ ਕੀਤਾ। ਮਨਦੀਪ ਧਾਲੀਵਾਲ ਨੇ ਥੋੜੇ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ਵਿਚ ਪੁੱਜੇ ਆਪਣੇ ਸਮਰਥਕਾਂ ਤੇ ਬੀ ਸੀ ਕੰਸਰਵੇਟਿਵ ਨੂੰ ਹੁੰਗਾਰਾ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਲੋਕ ਸੇਵਾ ਦੀ ਭਾਵਨਾ ਦੇ ਮਕਸਦ ਨਾਲ ਬੀ ਸੀ ਸਿਆਸਤ ਵਿਚ ਆਉਣ ਦਾ ਜਿਕਰ ਕਰਦਿਆਂ ਸਮਰਥਕਾਂ ਤੇ ਵੋਟਰਾਂ ਨੂੰ ਆਗਾਮੀ ਚੋਣਾਂ ਵਿਚ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਸੂਬੇ ਭਰ ਵਿਚ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਲੋਕ ਡੇਵਿਡ ਈਬੀ ਸਰਕਾਰ ਦੀ ਗਲਤ ਨੀਤੀਆਂ ਤੋਂ ਪ੍ਰੇਸ਼ਾਨ ਹਨ। ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਲੋਕਾਂ ਨੂੰ ਹਰ ਪੱਧਰ ਤੇ ਮੁਸ਼ਕਲਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਸਰੀ ਵਿਚ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਲਈ ਈਬੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਵਲੋਂ ਚੇਤਾਵਨੀ ਦੇਣ ਦੇ ਬਾਵਜੂਦ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ। ਨਵਾਂ ਹਸਪਤਾਲ ਬਣਾਏ ਜਾਣ ਦੇ ਵੀ ਕੇਵਲ ਐਲਾਨ ਹੀ ਕੀਤੇ ਗਏ ਹਨ, ਗਰਾਉਂਡ ਪੱਧਰ ਤੇ ਕੋਈ ਕੰਮ ਨਹੀ ਹੋਇਆ। ਉਹਨਾਂ ਕਾਰਬਨ ਟੈਕਸ ਦੇ ਮੁੱਦੇ ਉਪਰ ਵੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਜਾੜਿਆ ਜਾ ਰਿਹਾ ਹੈ। ਐਨ ਡੀ ਪੀ ਵਲੋਂ ਬੀ ਸੀ ਕੰਸਰਵੇਟਿਵ ਖਿਲਾਫ ਸਹੂਲਤਾਂ ਨੂੰ ਕੱਟ ਲਗਾਉਣ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਡਰਾਵਿਆਂ ਤੋ ਸੁਚੇਤ ਕਰਦਿਆਂ ਉਹਨਾਂ ਕਿਹਾ ਕਿ ਬੀ ਸੀ ਕੰਸਰਵੇਟਿਵ ਦੀ ਸਰਕਾਰ ਆਉਣ ਤੇ ਸਿਹਤ, ਸਿੱਖਿਆ ਤੇ ਛੋਟੇ ਕਾਰੋਬਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਸਰੀ ਦੇ ਸਾਰੇ ਬੀਸੀ ਕੰਸਰਵੇਟਿਵ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਸ ਮੌਕੇ ਸਰੀ ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ, ਸਰੀ ਗਿਲਫੋਰਡ ਤੋਂ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ,  ਸਰੀ ਫਲੀਟਵੁੱਡ ਤੋਂ ਉਮੀਦਵਾਰ ਅਵਤਾਰ ਗਿੱਲ,  ਸਰੀ ਨਿਊਟਨ ਤੋਂ ਫੈਡਰਲ ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ, ਰਾਜਵੀਰ ਸਿੰਘ ਢਿੱਲੋਂ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਉਘੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ, ਰਿੱਕੀ ਬਾਜਵਾ, ਨਵਰੂਪ ਸਿੰਘ, ਪ੍ਰਤਾਪ ਸਿੰਘ ਢਿੱਲੋਂ ਤੇ ਹੋਰ  ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਲੋਕਾਂ ਦੇ ਇਕੱਠ ਨੇ ਬੀ ਸੀ ਕੰਸਰਵੇਟਿਵ ਨੂੰ ਭਾਰੀ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ।ਅਖੀਰ ਵਿਚ ਮਨਦੀਪ ਧਾਲੀਵਾਲ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *