Headlines

ਗੁਰਦਾਸ ਮਾਨ ਦੀ ਮੁਆਫੀ ਜਾਂ ਸਪੱਸ਼ਟੀਕਰਨ : ਕਿੰਨਾ ਕੁ ਸਹੀ ?

ਡਾ ਗੁਰਵਿੰਦਰ ਸਿੰਘ-
ਵੈਨਕੂਵਰ- ਗੁਰਦਾਸ ਮਾਨ ਦੇ ਅਮਰੀਕਾ ਵਿਚ  ਮਨੋਰੰਜਨ ਸ਼ੋਅ ਖਿਲਾਫ ਵਧ ਰਹੇ ਵਿਰੋਧ ਨੂੰ ਵੇਖਦਿਆਂ ਹੋਇਆਂ ਪ੍ਰਮੋਟਰਾਂ, ਮੀਡੀਆ ਸਪੋਂਸਰਾਂ ਅਤੇ ਵਪਾਰੀਆਂ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ। ਜਿਵੇਂ ਕੈਨੇਡਾ ਵਿੱਚ ਸ਼ੋਅ ਕੈਂਸਲ ਹੋਏ, ਇਸੇ ਤਰ੍ਹਾਂ ਹੀ ਅਮਰੀਕਾ ਵਿੱਚ ਵੀ ਇਹਨਾਂ ਸ਼ੋਆਂ ਦੇ ਰੱਦ ਹੋਣ ਦਾ ਖਦਸ਼ਾ ਹੈ। ਇਹ ਸੱਚ ਹੈ ਕਿ ਕਿਸੇ ਦਾ ਗੁਰਦਾਸ ਮਾਨ ਨਾਲ ਜਾਤੀ ਵਿਰੋਧ ਨਹੀਂ, ਸਿਧਾਂਤਕ ਵਿਰੋਧ ਹੈ। ਇਹ ਵੀ ਸੱਚ ਹੈ ਕਿ ਪੰਜਾਬੀ ਤੇ ਵਿਸ਼ੇਸ਼ ਕਰ ਸਿੱਖ ਸਦਾ ਖਿਮਾ ਜਾਚਨਾ ਕਰਦੇ ਹਨ, ਪਰ ਜੇ ਖਿਮਾ ਇਮਾਨਦਾਰੀ ਨਾਲ ਮੰਗੀ ਜਾਵੇ, ਨਾ ਕਿ ਉਸਦੇ ਪਿੱਛੇ ਕੋਈ ਸ਼ਾਮ ਦਾਮ ਦੰਡ ਭੇਦ ਨੀਤੀ ਹੋਵੇ। ਤਾਜ਼ਾ ਘਟਨਾਕਰਮ ਅਨੁਸਾਰ ਗੁਰਦਾਸ ਮਾਨ ਦੀ ਤਿਆਰ ਕੀਤੀ ਸਕ੍ਰਿਪਟ ਅਨੁਸਾਰ ਇੱਕ ਗੱਲਬਾਤ (ਕੁਝ ਲੋਕਾਂ ਅਨੁਸਾਰ ਮੁਆਫੀਨਾਮਾ ) ਸੁਣਨ ਨੂੰ ਮਿਲੀ ਹੈ, ਜਿਸ ਦੇ ਕਈ ਨੁਕਤੇ, ਮਸਲਾ ਹੱਲ ਕਰਨ ਦੀ ਥਾਂ ਮਸਲੇ ਨੂੰ ਹੋਰ ਉਲਝਾ ਗਏ ਹਨ। ਪੰਜਾਬੀ ਰੇਡੀਓ ਯੂ ਐਸ ਏ ਦੇ ਹੋਸਟ ਮਸੂਦ ਮੱਲੀ ਵੱਲੋਂ ਕੀਤੀ ਇਸ ਗੱਲਬਾਤ ਦੇ ਕੁਝ ਅੰਸ਼ ਧੰਨਵਾਦ ਸਹਿਤ ਇਸ ਲੇਖ ਨਾਲ ਸਾਂਝੇ ਕਰ ਰਹੇ ਹਾਂ, ਜੋ ਸੁਣਨੇ ਜ਼ਰੂਰੀ ਹਨ।
ਗੁਰਦਾਸ ਮਾਨ ਦਾ ਇਹ ਆਖਣਾ : ‘ਇੱਕ ਅੰਮ੍ਰਿਤ ਦੀ ਬੂੰਦ ਕਾਫੀ ਅੱਗ ਬੁਝਾਵਣ ਲਈ’ ਤੇ ”ਸਪਸ਼ਟੀਕਰਨ” ਜਾ ‘ਮਾਫੀ’ ਵਜੋਂ ਗੁਰਦਾਸ ਮਾਨ ਆਪਣੇ ਇਹਨਾਂ ਲਫਜ਼ਾਂ ਰਾਹੀਂ ਆਪਣੇ ਇੱਕ ਹੰਝੂ ਨੂੰ ਅੰਮ੍ਰਿਤ ਅਤੇ ਵਿਰੋਧੀਆਂ ਨੂੰ ਅੱਗ ਕਰਾਰ ਦਿੰਦਾ ਹੈ। ਇਹ ਕਿਸ ਤਰ੍ਹਾਂ ਦੀ ਮਾਫੀ ਮੰਗ ਰਿਹੈ? ਅਸਲੀਅਤ ਵਿੱਚ ਉਹ ਵਿਰੋਧੀਆਂ ਨੂੰ ਹੀ ਗਲਤ ਸਾਬਤ ਕਰਦਾ ਹੋਇਆ ਸ਼ਰਤਾਂ ਤਹਿਤ ਬਿਜਨਸ ਮਾਫੀ ਮੰਗ ਰਿਹਾ ਹੈ।
ਤੁਰੰਤ ਬਾਅਦ ਉਹ ਬੋਲੇ ਹੋਏ ਸਖਤ ਬੋਲਾਂ ਜਾਂ ‘ਆਪਣੀਆਂ ਗਲਤੀਆਂ ਨੂੰ ਹਾਲਾਤ ਮੁਤਾਬਕ ਸੁਭਾਵਿਕ ਪ੍ਰਤਿਕਰਮ’ ਕਰਾਰ ਦਿੰਦਾ ਹੋਇਆ, ਇਹ ਵੀ ਕਹਿ ਰਿਹਾ ਹੈ ਕਿ ਉਸਨੇ ਜੋ ਗੱਲਾਂ ਕੀਤੀਆਂ, ਉਹ ਸਹੀ ਕੀਤੀਆਂ ਤੇ ”ਉਸ ਦੀ ਥਾਂ ਤੇ ਕੋਈ ਹੋਰ ਹੁੰਦਾ, ਤਾਂ ਗੋਲੀ ਮਾਰ ਦਿੰਦਾ!”
ਬੜੀ ਅਜੀਬ ਗੱਲ ਹੈ! ਜਿਹੜੇ ‘ਇਸ ਨੂੰ ਮਾਫੀ ਬਣਾ ਕੇ ਪੇਸ਼ ਕਰ’ ਰਹੇ ਹਨ, ਕੀ ਉਹ ਸਮਝ ਨਹੀਂ ਰਹੇ ਕਿ ਇਹ ਮਾਫੀ ਨਹੀਂ, ਗੱਲ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਹੈ। ਇਹ ਇਕ ਤਿਆਰ ਕੀਤੀ ਸਕਰਿਪਟ ਦੇ ਅਨੁਸਾਰ ਹੋਈ ਗੱਲਬਾਤ ਤੋਂ ਵੱਧ ਕੁਝ ਨਹੀਂ। ਲੋਕਾਂ ਦੇ ਮਨਾਂ ਦੇ ਅੰਦਰ ਰੋਸ ਅਸਲ ਵਿੱਚ ਇਹ ਹਨ ਕਿ :
1 ਗੁਰਦਾਸ ਮਾਨ ਦਾ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਬਿਰਤਾਂਤ, ਕੀ ਸਹੀ ਸੀ?
2 ਗੁਰਦਾਸ ਮਾਨ ਦਾ ਮਾਂ ਤੇ ਮਾਸੀ ਦਾ ਸਿਰਜਿਆ ਬਿਰਤਾਂਤ, ਕੀ ਠੀਕ ਸੀ ?
3. ਸਟੇਜ ਤੇ ਬੱਤੀ ਲੈਣ ਵਰਗੀਆਂ ਗੱਲਾਂ ਕਰਨੀਆਂ, ਕੀ ਉਚਿਤ ਸਨ?
4. ਲਾਡੀ ਸ਼ਾਹ ਵਰਗੇ ਚਿਲਮਾਂ ਪੀਣੇ ਅਤੇ ਨਸ਼ੇੜੀ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ਜ਼ ਕਰਾਰ ਦੇਣਾ, ਕੀ ਠੀਕ ਸੀ?
5.  ਕੇਪੀਐਸ ਗਿੱਲ ਵਰਗਿਆਂ ਪੰਜਾਬ ਦੇ ਬੁਚੜਾਂ ਤੋਂ ਆਪਣਾ ਫਿਲਮ ਸੰਗੀਤ ਰਿਲੀਜ਼ ਕਰਾਉਣਾ, ਕੀ ਠੀਕ ਸੀ?
6. ਹਿੰਦੀ ਨੂੰ ਵਿਸ਼ਾਲ ਕਰਾਰ ਦੇ ਕੇ ‘ਬਾਕੀ ਜ਼ੁਬਾਨਾਂ ਨੂੰ ਖੂਹ ਦੇ ਡੱਡੂ ਕਰਾਰ ਦੇਣਾ’, ਕੀ ਠੀਕ ਸੀ?
7. ਸਭ ਤੋਂ ਵੱਡੀ ਗੱਲ, ਜਿਸ ਪੰਜਾਬੀ ਦੀ ਬਦੌਲਤ ਗੁਰਦਾਸ ਮਾਨ ਨੇ ਕਰੋੜਾਂ ਕਮਾਏ, ਉਸ ਦੇ ਪ੍ਰਤੀ ਹੀ ਦੋਗਲੀ ਪਹੁੰਚ, ਕੀ ਠੀਕ ਸੀ?
8. ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਪ੍ਰਤੀ ਘਟੀਆ ਸ਼ਬਦਾਵਲੀ ਵਰਤਣਾ ਕੀ ਸਹੀ ਸੀ?
9. ਉਸ ਗੱਲ ‘ਤੇ ਮੋਹਰ ਲਾਉਣਾ ਜੋ ‘ਮੋਦੀ ਸ਼ਾਹ ਦੀ ਜੋੜੀ’ ਪੇਸ਼ ਕਰ ਰਹੀ ਹੈ : ਇਕ ਬੋਲੀ, ਇਕ ਸੱਭਿਆਚਾਰ, ਇਕ ਨੇਸ਼ਨ, ਇਕ ਸਟੇਟ-
ਕੀ ਇਹ ਠੀਕ ਸੀ ਜਾਂ ਗਲਤ?
ਸੱਚ ਤਾਂ ਇਹ ਹੈ ਕਿ ਗੁਰਦਾਸ ਮਾਨ ਦੀਆਂ ਉੱਪਰ ਕੀਤੀਆਂ ਹੋਈਆਂ ਇਹ ਗੱਲਾਂ ਬਿਲਕੁਲ ਅਨੁਚਿਤ ਹਨ ਤੇ ਵਿਰੋਧ ਆਪਣੀ ਥਾਂ ਜਾਇਜ਼ ਹੈ। ਇਸ ਵਿਰੋਧ ਦੇ ਪ੍ਰਤੀ ਓਪਰੋਕਤ ਅਸਪਸ਼ਟੀਕਰਨ  ਵਪਾਰਕ ਮਾਫੀ ਤੋਂ ਵੱਧ ਕੁਝ ਨਜ਼ਰ ਨਹੀਂ ਆਉਂਦਾ।

Leave a Reply

Your email address will not be published. Required fields are marked *